ਜ਼ਿਲ੍ਹਾ ਪ੍ਰਸ਼ਾਸਨ ਨੇ ਟਿੱਡੀ ਦਲ ਦੀ ਮੁਕੰਮਲ ਰੋਕਥਾਮ ਲਈ ਉਲੀਕੀ ਰਣਨੀਤੀ

Thursday, May 28, 2020 - 03:59 PM (IST)

ਜ਼ਿਲ੍ਹਾ ਪ੍ਰਸ਼ਾਸਨ ਨੇ ਟਿੱਡੀ ਦਲ ਦੀ ਮੁਕੰਮਲ ਰੋਕਥਾਮ ਲਈ ਉਲੀਕੀ ਰਣਨੀਤੀ

ਸੰਗਰੂਰ (ਸਿੰਗਲਾ): ਸਾਉਣੀ 2020 ਦੌਰਾਨ ਜ਼ਿਲ੍ਹਾ ਸੰਗਰੂਰ ਅੰਦਰ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਾਇਕ ਕਮਿਸ਼ਨਰ (ਸ਼ਿਕਾਇਤਾਂ)-ਕਮ-ਨੋਡਲ ਅਫਸਰ ਲੋਕਸਟ ਕੰਟਰੋਲ ਸ਼੍ਰੀ ਲਤੀਫ ਅਹਿਮਦ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ ਵਿਖੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਸ਼੍ਰੀ ਲਤੀਫ ਅਹਿਮਦ ਨੇ ਪੰਜਾਬ ਸਰਕਾਰ ਵਲੋਂ ਟਿੱਡੀ ਦਲ ਦੀ ਰੋਕਥਾਮ ਲਈ ਭੇਜੇ ਗਏ ਐਕਸ਼ਨ ਪਲਾਨ ਅਨੁਸਾਰ 11 ਨੁਕਤਿਆਂ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਕੰਮ ਵੰਡੇ। ਉਨ੍ਹਾਂ ਕਿਹਾ ਕਿ ਐਕਸ਼ਨ ਪਲਾਨ ਮੁਤਾਬਕ ਸਬ-ਡਵੀਜ਼ਨ ਦੇ ਉੱਪ ਮੰਡਲ ਮੈਜਿਸਟ੍ਰੇਟ ਟਿੱਡੀ ਦਲ ਦੀ ਰੋਕਥਾਮ ਸਬੰਧੀ ਨੋਡਲ ਅਫਸਰ ਹੋਣਗੇ ਅਤੇ ਬਲਾਕ ਖੇਤੀਬਾੜੀ ਅਫਸਰ ਇਸ ਕਾਰਜ 'ਚ ਉਨ੍ਹਾਂ ਦੇ ਸਹਾਇਕ ਹੋਣਗੇ।

ਖੇਤੀਬਾੜੀ ਵਿਭਾਗ ਤੋਂ ਇਲਾਵਾ ਬਾਗਬਾਨੀ, ਜੰਗਲਾਤ, ਮਾਲ, ਪੈਂਡੂ ਵਿਕਾਸ ਅਤੇ ਪੰਚਾਇਤ, ਸਿਹਤ, ਮੰਡੀਕਰਨ, ਪੁਲਸ, ਪੀ.ਐਸ.ਪੀ.ਸੀ.ਐੱਲ, ਨਗਰ ਕੌਂਸਲ ਆਦਿ ਵਿਭਾਗਾਂ ਤੇ ਆਧਾਰਿਤ ਸਬ-ਡਵੀਜ਼ਨ ਪੱਧਰ ਦੀਆਂ ਟੀਮਾਂ ਬਣਾ ਉਨ੍ਹਾਂ ਨੂੰ ਸਾਂਝੇ ਤੌਰ 'ਤੇ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਤਾਂ ਜੋ ਟਿੱਡੀ ਦਲ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਸਮੂਹ ਸਬ-ਡਵੀਜ਼ਨਾਂ ਨੂੰ ਇਸ ਸਬੰਧੀ ਮੌਕ ਡਰਿੱਲ ਕਰਨ ਦੇ ਵੀ ਆਦੇਸ਼ ਦਿੱਤੇ। ਲਤੀਫ਼ ਅਹਿਮਦ ਨੇ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਬਲਕਿ ਉਹ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਲਗਾਤਾਰ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਟਿੱਡੀ ਦਿਖਾਈ ਦੇਣ ਦੀ ਸੂਰਤ ਵਿੱਚ ਤੁਰੰਤ ਖੇਤੀਬਾੜੀ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾਵੇ।


author

Shyna

Content Editor

Related News