ਜ਼ਿਲੇ ਦੇ ਐਂਟਰੀ ਪੁਆਇੰਟ ਸੀਲ ; 5000 ਸੁਰੱਖਿਆ ਜਵਾਨ ਤਾਇਨਾਤ

Monday, Apr 02, 2018 - 06:40 AM (IST)

ਜਲੰਧਰ, (ਰਵਿੰਦਰ, ਅਮਿਤ)— 2 ਅਪ੍ਰੈਲ ਨੂੰ ਭਾਰਤ ਬੰਦ ਦੌਰਾਨ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਐਤਵਾਰ ਨੂੰ ਅਰਧ ਸੈਨਿਕ ਬਲ, ਰੈਪਿਡ ਐਕਸ਼ਨ ਫੋਰਸ ਅਤੇ ਪੰਜਾਬ ਪੁਲਸ ਨਾਲ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ। 
ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਫਲੈਗ ਮਾਰਚ ਦੌਰਾਨ ਲੋਕਾਂ ਨਾਲ ਗੱਲਬਾਤ ਦੌਰਾਨ ਦੋਹਾਂ ਅਧਿਕਾਰੀਆਂ ਨੇ ਕਿਹਾ ਕਿ ਤਣਾਅ ਅਤੇ ਅਫਵਾਹਾਂ ਤੋਂ ਬਚੋ। ਜ਼ਿਲੇ ਦੇ ਹਾਲਾਤ ਬਿਲਕੁਲ ਠੀਕ ਹਨ ਅਤੇ ਪੂਰੇ ਹਾਲਾਤ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਵਲ ਅਤੇ ਪੁਲਸ ਪ੍ਰਸ਼ਾਸਨ ਜ਼ਿਲੇ 'ਚ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਅਸਮਾਜਿਕ ਤੱਤ ਨੂੰ ਜ਼ਿਲੇ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਅਫਵਾਹ ਫੈਲਾਉਣ ਵਾਲੇ ਲੋਕਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਪੂਰੇ ਜ਼ਿਲੇ 'ਚ ਲਗਭਗ 5000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ 'ਚ ਰੈਪਿਡ ਐਕਸ਼ਨ ਫੋਰਸ ਅਤੇ ਅਰਧ ਸੈਨਿਕ ਬਲ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲੇ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਪੱਖ ਤੋਂ ਜ਼ਿਲੇ ਨੂੰ ਸਪੈਸ਼ਲ ਜ਼ੋਨਾਂ 'ਚ ਵੰਡਿਆ ਗਿਆ ਹੈ। ਡੀ. ਸੀ. ਅਤੇ ਸੀ. ਪੀ. ਦੀ ਅਗਵਾਈ 'ਚ ਹੋਏ ਫਲੈਗ ਮਾਰਚ ਦੌਰਾਨ ਮੁੱਖ ਤੌਰ 'ਤੇ ਨਕੋਦਰ ਚੌਕ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਰਵਿਦਾਸ ਚੌਕ, ਵੀਰ ਬਬਰੀਕ ਚੌਕ, ਬਸਤੀਆਤ ਇਲਾਕੇ, ਕਪੂਰਥਲਾ ਚੌਕ, ਰਾਮਾ ਮੰਡੀ ਆਦਿ ਇਲਾਕਿਆਂ 'ਚ ਸਥਿਤੀ ਦਾ ਮੁਆਇਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਦਿਹਾਤੀ ਪੁਲਸ ਵਲੋਂ ਦਿਹਾਤੀ ਇਲਾਕਿਆਂ 'ਚ ਸੰਵੇਦਨਸ਼ੀਲ ਇਲਾਕੇ ਤੱਲ੍ਹਣ ਅਤੇ ਕਰਤਾਰਪੁਰ, ਆਦਮਪੁਰ, ਭੋਗਪੁਰ, ਮਹਿਤਪੁਰ, ਫਿਲੌਰ, ਗੁਰਾਇਆ ਅਤੇ ਹੋਰ ਥਾਵਾਂ 'ਚ ਫਲੈਗ ਮਾਰਚ ਕੀਤਾ ਗਿਆ। 
PunjabKesari
ਡੀ. ਜੀ. ਪੀ. ਵੱਲੋਂ ਸੁਰੱਖਿਆ ਵਿਵਸਥਾ ਬਣਾਈ ਰੱਖਣ ਦਾ ਹੁਕਮ 
ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਕਿਸੇ ਨੂੰ ਵੀ ਬੰਦ ਦੌਰਾਨ ਹਿੰਸਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਪੁਲਸ ਫੋਰਸ ਵਲੋਂ ਅਜਿਹਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ 'ਚ ਜੋ ਵੀ ਨਾਂਹ-ਨੁੱਕਰ ਕਰੇਗਾ ਜਾਂ ਫਿਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਬਣਾਈ ਰੱਖੀ ਜਾਵੇਗੀ।
ਥਾਣਾ ਇੰਚਾਰਜ ਨੇ ਦੁਕਾਨਾਂ ਬੰਦ ਰੱਖਣ ਤੇ ਰੈਪਿਡ ਐਕਸ਼ਨ ਫੋਰਸ ਨੇ ਦੁਕਾਨਾਂ ਖੁੱਲ੍ਹੀਆਂ ਰੱਖਣ ਲਈ ਕਿਹਾ
ਪੁਲਸ ਫੋਰਸ ਤੇ ਰੈਪਿਡ ਐਕਸ਼ਨ ਫੋਰਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਦੁਕਾਨਦਾਰਾਂ ਤੇ ਲੋਕਾਂ 'ਚ ਸ਼ਸ਼ੋਪੰਜ ਵਾਲੀ ਸਥਿਤੀ ਰਹੀ। ਇਕ ਪਾਸੇ ਕੁਝ ਥਾਣਾ ਇੰਚਾਰਜਾਂ ਨੇ ਫੀਲਡ 'ਚ ਨਿਕਲ ਕੇ ਦੁਕਾਨਦਾਰਾਂ ਨੂੰ ਮੰਡੇ ਨੂੰ ਦੁਕਾਨਾਂ ਬੰਦ  ਰੱਖਣ ਦੀ ਅਪੀਲ ਕੀਤੀ ਤਾਂ ਦੂਜੇ ਪਾਸੇ ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਤੇ ਪੈਰਾ ਮਿਲਟਰੀ ਫੋਰਸ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਗੱਲ ਕਹੀ।
PunjabKesari
ਦੁਕਾਨਦਾਰ ਮੰਡੇ ਨੂੰ ਮਨਾਉਣਗੇ ਸੰਡੇ, ਖੁੱਲ੍ਹੇ ਰਹੇ ਸੰਡੇ ਬਾਜ਼ਾਰ
ਤਕਰੀਬਨ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਤੇ ਦੁਕਾਨਾਂ ਸੰਡੇ ਨੂੰ ਬੰਦ ਰਹਿੰਦੀਆਂ ਹਨ ਪਰ ਸੋਮਵਾਰ ਨੂੰ ਭਾਰਤ ਬੰਦ ਦੀ ਕਾਲ ਕਾਰਨ ਜ਼ਿਆਦਾਤਰ ਬਾਜ਼ਾਰ ਤੇ ਦੁਕਾਨਾਂ ਐਤਵਾਰ ਨੂੰ ਖੁੱਲ੍ਹੀਆਂ ਰਹੀਆਂ ਅਤੇ ਦੁਕਾਨਦਾਰਾਂ ਨੇ 'ਮੰਡੇ' ਨੂੰ 'ਸੰਡੇ' ਮਨਾਉਣ ਦਾ ਫੈਸਲਾ ਲਿਆ।
ਕੋਈ ਵੀ ਇਤਰਾਜ਼ਯੋਗ ਮੈਸੇਜ ਭੇਜਣ 'ਤੇ ਦਰਜ ਹੋਵੇਗਾ ਕੇਸ
ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸਾਫ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਕਿਸੇ ਵੀ ਤਰ੍ਹਾਂ ਦੇ ਇਤਰਾਜ਼ਯੋਗ ਮੈਸੇਜ ਭੇਜਣ ਵਾਲੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਰਾਹੀਂ ਹਿੰਸਾ ਫੈਲਾਉਣ ਦੀ ਸਾਜ਼ਿਸ਼ ਰਚ ਸਕਦੇ ਹਨ, ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਘੋੜਸਵਾਰ ਤੇ ਦੰਗਾ ਵਿਰੋਧੀ ਦਲ ਵੀ ਤਾਇਨਾਤ
ਸਾਵਧਾਨੀ ਵਜੋਂ ਪੁਲਸ ਲਾਈਨ 'ਚ ਘੋੜਸਵਾਰ ਤੇ ਦੰਗਾ ਵਿਰੋਦੀ ਦਲ ਦੀ ਵੀ ਤਾਇਨਾਤੀ ਕੀਤੀ ਗਈ ਹੈ। ਐਮਰਜੈਂਸੀ ਪੈਣ 'ਤੇ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕੇਗਾ।


Related News