ਆਦਮਪੁਰ ''ਚ ਦੁਕਾਨ ਖਾਲੀ ਕਰਵਾਉਣ ਦੇ ਵਿਵਾਦ ਨੇ ਲਈ ਕਿਰਾਏਦਾਰ ਦੀ ਜਾਨ, ਡਾਕਟਰ ਤੇ ਪੁੱਤਰ ''ਤੇ ਕੇਸ ਦਰਜ

Saturday, Jul 18, 2026 - 08:26 AM (IST)

ਆਦਮਪੁਰ ''ਚ ਦੁਕਾਨ ਖਾਲੀ ਕਰਵਾਉਣ ਦੇ ਵਿਵਾਦ ਨੇ ਲਈ ਕਿਰਾਏਦਾਰ ਦੀ ਜਾਨ, ਡਾਕਟਰ ਤੇ ਪੁੱਤਰ ''ਤੇ ਕੇਸ ਦਰਜ

ਆਦਮਪੁਰ (ਰਣਦੀਪ) : ਆਦਮਪੁਰ ਦੇ ਮੇਨ ਬਾਜ਼ਾਰ ਵਿਚ ਦੁਕਾਨ ਖ਼ਾਲੀ ਕਰਵਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇਕ ਕਿਰਾਏਦਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਆਦਮਪੁਰ ਪੁਲਸ ਨੇ ਇਕ ਡਾਕਟਰ, ਉਸ ਦੇ ਬੇਟੇ ਅਤੇ 3-4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 103 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਰਾਜੇਸ਼ ਕੁਮਾਰ ਦੀ ਪਤਨੀ ਸਾਕਸ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਕਸ਼ਮੀਰੀ ਲਾਲ ਨੇ ਲਗਭਗ 70 ਸਾਲ ਪਹਿਲਾਂ ਜਲੰਧਰ ਦੇ ਰਹਿਣ ਵਾਲੇ ਡਾ. ਸਰਵਮੋਹਨ ਟੰਡਨ ਤੋਂ ਮੇਨ ਬਾਜ਼ਾਰ ਸਥਿਤ ਇਕ ਦੁਕਾਨ ਕਿਰਾਏ ’ਤੇ ਲਈ ਸੀ। ਸਹੁਰੇ ਦੇ ਦੇਹਾਂਤ ਤੋਂ ਬਾਅਦ ਉਹ ਅਤੇ ਉਨ੍ਹਾਂ ਦੇ ਪਤੀ ਉਸੇ ਦੁਕਾਨ ਵਿਚ ਚਾਹ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਸਨ। ਸ਼ਿਕਾਇਤ ਅਨੁਸਾਰ ਲਗਭਗ ਚਾਰ ਸਾਲ ਪਹਿਲਾਂ ਦੁਕਾਨ ਖ਼ਾਲੀ ਕਰਵਾਉਣ ਨੂੰ ਲੈ ਕੇ ਡਾ. ਟੰਡਨ ਨੇ ਅਦਾਲਤ ਵਿਚ ਮਾਮਲਾ ਦਾਇਰ ਕੀਤਾ ਸੀ, ਜਿਸ ਦਾ ਫ਼ੈਸਲਾ ਉਨ੍ਹਾਂ ਦੇ ਪੱਖ ਵਿਚ ਆਇਆ। ਇਸ ਤੋਂ ਬਾਅਦ ਪਰਿਵਾਰ ਨੇ ਉੱਚ ਅਦਾਲਤ ਵਿਚ ਅਪੀਲ ਕੀਤੀ ਹੋਈ ਸੀ।

PunjabKesari

ਸਾਕਸ਼ੀ ਨੇ ਦੋਸ਼ ਲਾਇਆ ਕਿ ਵੀਰਵਾਰ ਸਵੇਰੇ ਲਗਭਗ 11.30 ਵਜੇ ਡਾ. ਸਰਵਮੋਹਨ ਟੰਡਨ, ਉਨ੍ਹਾਂ ਦੇ ਬੇਟੇ ਆਸ਼ੀਸ਼ ਟੰਡਨ ਅਤੇ 3-4 ਹੋਰ ਵਿਅਕਤੀ ਦੁਕਾਨ ’ਤੇ ਆਏ ਤੇ ਜ਼ਬਰਦਸਤੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਸਾਮਾਨ ਬਾਹਰ ਕੱਢਣ ਲੱਗੇ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਰਾਜੇਸ਼ ਕੁਮਾਰ ਦਾ ਮੋਬਾਈਲ ਫ਼ੋਨ ਵੀ ਖੋਹ ਲਿਆ ਗਿਆ। ਵਿਰੋਧ ਕਰਨ ’ਤੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤਾ ਗਿਆ ਅਤੇ ਉਨ੍ਹਾਂ ਨੂੰ ਧੱਕਾ ਦਿੱਤਾ ਗਿਆ, ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਪਰਿਵਾਰਕ ਮੈਂਬਰਾਂ ਅਨੁਸਾਰ, ਰਾਜੇਸ਼ ਕੁਮਾਰ ਨੂੰ ਪਹਿਲਾਂ ਸਿਵਲ ਹਸਪਤਾਲ ਆਦਮਪੁਰ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ’ਤੇ ਡਾ. ਸਰਵਮੋਹਨ ਟੰਡਨ, ਆਸ਼ੀਸ਼ ਟੰਡਨ ਅਤੇ 3-4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 103 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ, ਇਸ ਸਬੰਧੀ ਡਾ. ਸਰਵਮੋਹਨ ਟੰਡਨ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦਾ ਮੋਬਾਈਲ ਫ਼ੋਨ ਸਵਿੱਚ ਆਫ਼ ਮਿਲਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News