PM ਮੋਦੀ ਦੀ ਜਲੰਧਰ ਫੇਰੀ: ਦੋਆਬਾ ਬਣਿਆ ਭਾਜਪਾ ਲਈ 'ਲਾਂਚਿੰਗ ਪੈਡ', ਪੂਰੇ ਪੰਜਾਬ 'ਤੇ ਫੌਕਸ

Saturday, Jul 18, 2026 - 03:49 PM (IST)

PM ਮੋਦੀ ਦੀ ਜਲੰਧਰ ਫੇਰੀ: ਦੋਆਬਾ ਬਣਿਆ ਭਾਜਪਾ ਲਈ 'ਲਾਂਚਿੰਗ ਪੈਡ', ਪੂਰੇ ਪੰਜਾਬ 'ਤੇ ਫੌਕਸ

ਜਲੰਧਰ (ਅਨਿਲ ਪਾਹਵਾ)-ਮਾਰਚ ਮਹੀਨੇ ਵਿਚ ਪੰਜਾਬ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਮਨ ਕਰਕੇ ਰੈਲੀ ਦਾ ਆਗਾਜ਼ ਕੀਤਾ ਸੀ ਅਤੇ ਉਨ੍ਹਾਂ ਨੇ ਪੂਰੇ ਪੰਜਾਬ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਪੰਜਾਬ ਨੂੰ ਇਕ ਵਾਰ ਫਿਰ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਬਿਹਤਰ ਪੰਜਾਬ ਬਣਾਉਣ ਦੇ ਯਤਨਾਂ ਵਿਚ ਹਨ। ਕੁਝ ਅਜਿਹਾ ਹੀ ਮੰਜ਼ਰ ਸ਼ੁੱਕਰਵਾਰ ਜਲੰਧਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਦੌਰਾਨ ਵੇਖਣ ਨੂੰ ਮਿਲਿਆ। ਪਿਓਰ ਪੰਜਾਬੀ ਟੱਚ ਵਿਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਪੁੱਛਿਆ, 'ਕਿਵੇਂ ਓ ਪੰਜਾਬੀਓ', ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਗੁਰੂਆਂ-ਪੀਰਾਂ ਦੀ ਧਰਤੀ 'ਤੇ ਆ ਕੇ ਮਾਣ ਮਹਿਸੂਸ ਹੋ ਰਿਹਾ ਹੈ।

ਕਿਉਂ ਕੀਤਾ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜ਼ਿਕਰ?
ਤੇਜਾ ਸਿੰਘ ਸਮੁੰਦਰੀ ਦੇ ਨਾਂ ਦਾ ਵੀ ਜ਼ਿਕਰ ਕਰਦਿਆਂ ਉਨ੍ਹਾਂ ਨੇ ਨਾ ਸਿਰਫ਼ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ, ਸਗੋਂ ਉਨ੍ਹਾਂ ਦੇ 100ਵੇਂ ਸ਼ਹੀਦੀ ਦਿਹਾੜੇ ਨੂੰ ਲੈ ਕੇ ਵੀ ਉਨ੍ਹਾਂ ਦੇ ਸਮਰਪਣ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਤੋਂ ਦੇਸ਼ ਨੂੰ ਬਚਾਉਣ ਲਈ ਮਹਾਨ ਵੀਰ ਸਪੂਤ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਖ਼ੁਦ ਨੂੰ ਸਮਰਪਿਤ ਕਰ ਦਿੱਤਾ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਅਤੇ ਹੁਣ ਤੇਜਾ ਸਿੰਘ ਸਮੁੰਦਰੀ ਦਾ ਜ਼ਿਕਰ ਇਸ ਗੱਲ ਦੀ ਮਿਸਾਲ ਹੈ ਕਿ ਪੰਜਾਬ ਵਿਚ ਭਾਜਪਾ ਅਜਿਹਾ ਕੋਈ ਵੀ ਐਂਗਲ ਨਹੀਂ ਛੱਡ ਰਹੀ, ਜਿਸ ਨਾਲ ਸਿੱਖ ਵੋਟ ਨੂੰ ਪਾਰਟੀ ਤੋਂ ਦੂਰ ਹੋਣ ਜਾਂ ਪਾਰਟੀ ਦੇ ਖ਼ਿਲਾਫ਼ ਹੋਣ ਦਾ ਕੋਈ ਮੌਕਾ ਮਿਲੇ। ਤੇਜਾ ਸਿੰਘ ਸਮੁੰਦਰੀ ਸਿੱਖ ਭਾਈਚਾਰੇ ਵਿਚ ਕਾਫ਼ੀ ਸਤਿਕਾਰਤ ਸਥਾਨ ਰੱਖਦੇ ਹਨ। ਉਨ੍ਹਾਂ ਨੇ ਸਿੱਖ ਭਾਈਚਾਰੇ ਲਈ ਵੱਡੇ ਕੰਮ ਕੀਤੇ ਹਨ। ਆਰਮੀ ਤੋਂ ਸੇਵਾਮੁਕਤ ਹੋ ਕੇ ਉਨ੍ਹਾਂ ਨੇ ਚੀਫ਼ ਖ਼ਾਲਸਾ ਦੀਵਾਨ 'ਚ ਹਿੱਸਾ ਲਿਆ ਅਤੇ ਇਥੋਂ ਸ਼ੁਰੂ ਹੋਇਆ ਸਫ਼ਰ ਲਗਾਤਾਰ ਅੱਗੇ ਵਧਦਾ ਗਿਆ।

ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ ਦੇ 15 PPS ਅਧਿਕਾਰੀਆਂ ਨੂੰ ਦਿੱਤੀ ਗਈ ਤਰੱਕੀ, ਲਿਸਟ 'ਚ ਵੇਖੋ ਨਾਂ

PunjabKesari

ਸਿੱਖ, ਹਿੰਦੂ ਤੇ ਦਲਿਤ ਵਰਗ ਨੂੰ ਖ਼ੁਸ਼ ਕਰਨ ਦੀ ਭਰਪੂਰ ਕੋਸ਼ਿਸ਼
ਪੰਜਾਬ 'ਚ ਕਿਸੇ ਵੀ ਪਾਰਟੀ ਨੂੰ ਸੱਤਾ ਵਿਚ ਆਉਣ ਲਈ ਮੁੱਖ ਤੌਰ 'ਤੇ 3 ਵਰਗਾਂ ਦੀਆਂ ਵੋਟਾਂ ਚਾਹੀਦੀਆਂ ਹੁੰਦੀਆਂ ਹਨ, ਜਿਨ੍ਹਾਂ 'ਚ ਸਿੱਖ, ਹਿੰਦੂ ਅਤੇ ਦਲਿਤ ਵਰਗ ਸ਼ਾਮਲ ਹਨ। ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਰਾਹੀਂ ਸਿੱਖ ਭਾਈਚਾਰੇ ਨੂੰ ਪਾਰਟੀ ਦੇ ਪੱਖ ਵਿਚ ਕਰਨ ਦੀ ਇਕ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਹਿੰਦੂ ਵੋਟ ਪਹਿਲਾਂ ਹੀ ਭਾਜਪਾ ਦੇ ਪੱਖ ਵਿਚ ਮੰਨੀ ਜਾਂਦੀ ਹੈ।

ਇਸ ਤੋਂ ਇਲਾਵਾ ਜੋ ਕੁਝ ਵੋਟਾਂ ਦਾ ਹਿੱਸਾ ਦੂਜੀਆਂ ਪਾਰਟੀਆਂ ਵਿਚ ਜਾਂਦਾ ਹੈ, ਉਨ੍ਹਾਂ ਨੂੰ ਵੀ ਦੂਜੀਆਂ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹ ਕੇ ਆਪਣੇ ਪੱਖ ਵਿਚ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿੱਥੋਂ ਤੱਕ ਦਲਿਤ ਵਰਗ ਦੀ ਗੱਲ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਜਲੰਧਰ ਵਿਚ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋ ਕੇ ਗਏ, ਉਸ ਤੋਂ ਬਾਅਦ ਸੰਤ ਨਿਰੰਜਣ ਦਾਸ ਜੀ ਨੂੰ ਬਾਕਾਇਦਾ ਪਦਮਸ਼੍ਰੀ ਵਰਗੀ ਵੱਡੀ ਪ੍ਰਾਪਤੀ ਸਰਕਾਰ ਵੱਲੋਂ ਦਿੱਤੀ ਗਈ।

PunjabKesari

ਇਹ ਵੀ ਪੜ੍ਹੋ: ਬਰਿਸਟਾ ਕੈਫੇ ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ! ਵਿਦੇਸ਼ ਬੈਠਾ ਜੱਗਾ ਨਿਕਲਿਆ ਮਾਸਟਰਮਾਈਂਡ

17 ਜੁਲਾਈ ਨੂੰ ਦੋਬਾਰਾ ਪੰਜਾਬ ਆਉਂਦੇ ਹੀ ਉਨ੍ਹਾਂ ਨੇ ਜਿੱਥੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ, ਉੱਥੇ ਹੀ ਸੰਤ ਰਵਿਦਾਸ ਜੀ ਦੀ ਧਰਤੀ ਕਹੀ ਜਾਂਦੀ ਕਾਂਸ਼ੀ ਲਈ ਟਰੇਨ ਰਵਾਨਾ ਕਰਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਜਪਾ ਜਿੰਨਾ ਦੂਜੇ ਵਰਗਾਂ ਦੇ ਨਾਲ ਹੈ, ਓਨਾ ਹੀ ਦਲਿਤ ਵਰਗ ਲਈ ਵੀ ਗੰਭੀਰ ਹੈ। ਉਦਘਾਟਨ ਦੇ ਸਮੇਂ ਪ੍ਰਧਾਨ ਮੰਤਰੀ ਨੇ ਟਰੇਨ ਵਿਚ ਜਾ ਕੇ ਸੰਤ ਨਿਰੰਜਣ ਦਾਸ ਜੀ ਨਾਲ ਬਾਕਾਇਦਾ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ।

PunjabKesari

ਕਿਉਂ ਅਹਿਮੀਅਤ ਰੱਖਦਾ ਹੈ ਦਲਿਤ ਸਮਾਜ?
ਪੰਜਾਬ ਵਿਚ 32 ਫ਼ੀਸਦੀ ਦੇ ਕਰੀਬ ਦਲਿਤ ਵੋਟ ਬੈਂਕ ਹੈ। ਡੇਰਾ ਬੱਲਾਂ ਵਿਚ ਮੋਦੀ ਦਾ ਆਉਣਾ, ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ 'ਤੇ ਰੱਖਣਾ ਅਤੇ ਪੰਜਾਬ ਤੋਂ ਬਨਾਰਸ ਲਈ ਸਿੱਧੀ ਸੰਤ ਰਵਿਦਾਸ ਐਕਸਪ੍ਰੈੱਸ ਟਰੇਨ ਸ਼ੁਰੂ ਕਰਨਾ, ਇਹ ਕੁਝ ਅਜਿਹੇ ਸੰਦੇਸ਼ ਹਨ, ਜੋ ਦਲਿਤ ਵੋਟ ਬੈਂਕ ਨੂੰ ਭਾਜਪਾ ਦੇਣਾ ਚਾਹੁੰਦੀ ਹੈ। ਦਰਅਸਲ ਫਰਵਰੀ ਮਹੀਨੇ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਹੈ ਅਤੇ ਉਸ ਸਮੇਂ ਪੰਜਾਬ ਵਿਚ ਚੋਣਾਂ ਹੋਣੀਆਂ ਹਨ। ਦੋਆਬਾ ਰੀਜਨ ਜੋ ਪੰਜਾਬ ਵਿਚ ਦਲਿਤ ਵੋਟ ਬੈਂਕ ਦਾ ਸਭ ਤੋਂ ਮਜ਼ਬੂਤ ਗੜ੍ਹ ਹੈ, ਉੱਥੋਂ ਭਾਜਪਾ ਨੇ 2027 ਲਈ ਪਾਰਟੀ ਨੂੰ ਸੱਤਾ ਵਿਚ ਲਿਆਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ। ਜਾਂ ਦੂਜੀ ਭਾਸ਼ਾ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਦੋਆਬਾ ਭਾਜਪਾ ਲਈ 'ਲਾਂਚਿੰਗ ਪੈਡ' ਵਜੋਂ ਵਰਤਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ

PunjabKesari

ਦੋਆਬਾ ਵਿਚ 23 ਵਿਧਾਨ ਸਭਾ ਸੀਟਾਂ ਵਿਚੋਂ 2 ਦਰਜਨ ਦੇ ਕਰੀਬ ਅਜਿਹੀਆਂ ਸੀਟਾਂ ਹਨ, ਜੋ ਦਲਿਤ ਵੋਟ ਬੈਂਕ ਨਾਲ ਭਰਪੂਰ ਹਨ। ਖ਼ਾਸ ਕਰਕੇ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ ਅਜਿਹੇ ਜ਼ਿਲ੍ਹੇ ਹਨ, ਜਿੱਥੇ ਦਲਿਤ ਵੋਟ ਫ਼ੀਸਦੀ 30 ਫ਼ੀਸਦੀ ਤੋਂ ਵੱਧ ਹੈ। ਨਵਾਂਸ਼ਹਿਰ ਜਿੱਥੇ ਸਭ ਤੋਂ ਵੱਧ 42 ਫ਼ੀਸਦੀ ਤੋਂ ਜ਼ਿਆਦਾ ਦਲਿਤ ਵੋਟ ਬੈਂਕ ਹੈ, ਵੀ ਇਸੇ ਰੀਜਨ ਵਿਚ ਹੈ। ਤਾਂ ਜ਼ਾਹਿਰ ਹੈ ਕਿ ਪਾਰਟੀ ਇਸ ਲਈ ਦੋਆਬਾ ਖੇਤਰ ਨੂੰ ਲੈ ਕੇ ਗੰਭੀਰ ਹੈ।

ਹਰੀ ਪੱਗ ਨਾਲ ਕਿਸਾਨ ਹਿਤੈਸ਼ੀ ਹੋਣ ਦਾ ਸੰਦੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਜਲੰਧਰ ਵਿਚ ਰੈਲੀ ਦੌਰਾਨ ਮੰਚ 'ਤੇ ਆਏ ਤਾਂ ਇਹ ਗੱਲ ਤਾਂ ਜ਼ਾਹਿਰ ਸੀ ਕਿ ਉਹ ਪੱਗ ਨਾਲ ਹੀ ਐਂਟਰੀ ਕਰਨਗੇ। ਬਸ ਵੱਡਾ ਸਵਾਲ ਇਹ ਸੀ ਕਿ ਉਹ ਪੱਗ ਕਿਸ ਰੰਗ ਦੀ ਹੋਵੇਗੀ, ਇਹ ਅੰਦਾਜ਼ਾ ਲਗਾਉਣਾ ਥੋੜ੍ਹਾ ਮੁਸ਼ਕਿਲ ਸੀ। ਮੋਗਾ ਵਿਚ ਅਮਿਤ ਸ਼ਾਹ ਨੇ ਕੇਸਰੀ ਪੱਗ ਨਾਲ ਐਂਟਰੀ ਕੀਤੀ ਸੀ ਤਾਂ ਇਥੇ ਜਲੰਧਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਪੱਗ ਨਾਲ ਐਂਟਰੀ ਮਾਰੀ। ਹਰੀ ਪੱਗ ਸਿੱਧੇ ਤੌਰ 'ਤੇ ਕਿਸਾਨ ਵਰਗ ਦੀ ਨੁਮਾਇੰਦਗੀ ਕਰਦੀ ਹੈ ਅਤੇ ਹਰੀ ਪੱਗ ਨਾਲ ਪ੍ਰਧਾਨ ਮੰਤਰੀ ਨੇ ਖ਼ੁਦ ਨੂੰ ਕਿਸਾਨ ਵਰਗ ਦਾ ਹਿਤੈਸ਼ੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੂਬੇ ਵਿਚ ਕਿਸਾਨ ਵਰਗ ਦੀ ਵੋਟ ਹਾਸਲ ਕਰਨਾ ਵੀ ਭਾਜਪਾ ਲਈ ਬੇਹੱਦ ਜ਼ਰੂਰੀ ਹੈ। ਤਿੰਨ ਕਾਨੂੰਨਾਂ ਨੂੰ ਲੈ ਕੇ ਕਿਸਾਨ ਵਰਗ ਵਿਚ ਜੋ ਰੋਸ ਸੀ, ਪ੍ਰਧਾਨ ਮੰਤਰੀ ਉਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਇਹ ਗੱਲ ਸਾਬਤ ਕਰ ਚੁੱਕੇ ਹਨ ਕਿ ਉਨ੍ਹਾਂ ਲਈ ਪੰਜਾਬ ਦਾ ਕਿਸਾਨ ਵਰਗ ਕਿੰਨੀ ਅਹਿਮੀਅਤ ਰੱਖਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ PM ਮੋਦੀ ਨੇ ਕੈਂਟ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ

ਪੰਜਾਬ ਦੇ ਨੌਜਵਾਨਾਂ ਲਈ ਮੋਦੀ ਦਾ ਸੰਦੇਸ਼
ਜਲੰਧਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਕੁਝ ਮਹੀਨਿਆਂ ਵਿਚ ਦੂਜੀ ਵਾਰ ਆਏ ਹਨ ਪਰ ਇਸ ਵਾਰ ਉਨ੍ਹਾਂ ਦਾ ਜੋਸ਼ ਹਾਈ ਦਿਸਿਆ। ਪਿਛਲੇ ਸਮੇਂ ਵਿਚ ਡੇਰਾ ਬੱਲਾਂ ਵਿਖੇ ਉਨ੍ਹਾਂ ਦੀ ਆਮਦ ਦੌਰਾਨ ਇਸ ਜੋਸ਼ ਦੀ ਥੋੜ੍ਹੀ ਕਮੀ ਸੀ ਪਰ ਇਸ ਵਾਰ ਉਨ੍ਹਾਂ ਨੇ ਜਿਸ ਤਰ੍ਹਾਂ ਨੌਜਵਾਨਾਂ ਨੂੰ ਨਾਲ ਜੋੜਨ ਲਈ ਇਹ ਗੱਲ ਕਹਿ ਦਿੱਤੀ ਕਿ ਮੋਦੀ ਪੰਜਾਬ ਦੇ ਨੌਜਵਾਨਾਂ ਦੇ ਨਾਲ ਹੈ, ਉਸ ਨਾਲ ਇਹ ਸਾਬਤ ਹੁੰਦਾ ਹੈ ਕਿ ਭਾਜਪਾ ਪੰਜਾਬ ਵਿਚ ਪੂਰੀ ਤਰ੍ਹਾਂ ਚੋਣ ਮੋਡ ਵਿਚ ਆ ਚੁੱਕੀ ਹੈ ਅਤੇ ਮੋਦੀ ਦੇ ਭਾਸ਼ਣ ਵਿਚ ਵੀ ਇਸ ਗੱਲ ਦੀ ਪੂਰੀ ਝਲਕ ਦਿਸੀ।

PunjabKesari

ਅਕਾਲੀ ਦਲ ਦਾ ਨਾਂ ਆਉਂਦਿਆਂ ਹੀ ਹੋਣ ਲੱਗੀ ਮੋਦੀ-ਮੋਦੀ
ਪ੍ਰਧਾਨ ਮੰਤਰੀ ਮੋਦੀ ਜਦੋਂ ਮੰਚ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਲੈ ਕੇ ਚਰਚਾ ਕਰ ਰਹੇ ਸਨ ਤਾਂ ਇਸ ਦੌਰਾਨ ਬਹੁਤ ਘੱਟ ਲੋਕਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਜ਼ਿਕਰ ਕਰਨਗੇ ਪਰ ਉਨ੍ਹਾਂ ਨੇ ਜਿਸ ਤਰ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲਿਆ, ਠੀਕ ਉਸੇ ਤਰ੍ਹਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੀਆਂ ਉਲਝਣਾਂ ਵਿਚ ਫਸਿਆ ਦੱਸਿਆ। ਉਨ੍ਹਾਂ ਦੀ ਇਸ ਗੱਲ 'ਤੇ ਰੈਲੀ ਵਿਚ ਮੌਜੂਦ ਭਾਜਪਾ ਵਰਕਰਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਸ਼ਾਇਦ ਇਹ ਸੰਦੇਸ਼ ਸੀ ਕਿ ਭਾਜਪਾ ਹੁਣ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਨਹੀਂ ਲੜੇਗੀ ਅਤੇ ਇਕੱਲਿਆਂ ਹੀ ਮੈਦਾਨ ਵਿਚ ਉਤਰੇਗੀ।

ਇਹ ਵੀ ਪੜ੍ਹੋ: ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ

ਦੋਆਬਾ ਹੀ ਨਹੀਂ, ਮਾਝਾ ਤੇ ਮਾਲਵਾ ਖੇਤਰ ਨੂੰ ਵੀ ਵੱਸ ’ਚ ਕਰਨ ਦੀ ਕੋਸ਼ਿਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਸਿਰਫ਼ ਦੋਆਬਾ ਹੀ ਨਹੀਂ, ਸਗੋਂ ਪੰਜਾਬ ਦੇ ਮਾਝਾ ਅਤੇ ਮਾਲਵਾ ਖੇਤਰ ਨੂੰ ਵੀ ਵੱਸ ਵਿਚ ਕਰਨ ਦੀ ਇਕ ਕੋਸ਼ਿਸ਼ ਹੈ। ਮੋਦੀ ਵੱਲੋਂ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿਚ ਮਾਲਵਾ ਖੇਤਰ ਦੇ 7 ਵੱਡੇ ਪ੍ਰਾਜੈਕਟ ਸ਼ਾਮਲ ਹਨ, ਜਿਨ੍ਹਾਂ ਵਿਚ ਅੰਮ੍ਰਿਤ ਭਾਰਤ ਯੋਜਨਾ ਤਹਿਤ ਮੋਹਾਲੀ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਸ਼ਾਮਲ ਹਨ। ਮਾਲਵਾ ਖੇਤਰ ਦੇ ਇਸ ਇਲਾਕੇ ਵਿਚ ਮੁੱਖ ਤੌਰ 'ਤੇ ਲੁਧਿਆਣਾ, ਮੋਹਾਲੀ, ਰੂਪਨਗਰ, ਪਟਿਆਲਾ, ਸੰਗਰੂਰ ਵਰਗੇ ਜ਼ਿਲ੍ਹੇ ਆਉਂਦੇ ਹਨ। ਇਸ ਕੋਸ਼ਿਸ਼ ਨਾਲ ਮਾਲਵਾ ਬੈਲਟ ਵਿਚ 20 ਤੋਂ 25 ਵਿਧਾਨ ਸਭਾ ਸੀਟਾਂ ’ਤੇ ਇਸਦਾ ਪ੍ਰਭਾਵ ਪਵੇਗਾ।

PunjabKesari

ਇਸੇ ਤਰ੍ਹਾਂ ਮਾਝਾ ਖੇਤਰ ਵਿਚ ਵੀ 3 ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ-ਵਾਰਾਣਸੀ ਐਕਸਪ੍ਰੈੱਸ ਟਰੇਨ ਅਤੇ ਅੰਮ੍ਰਿਤ ਭਾਰਤ ਯੋਜਨਾ ਤਹਿਤ ਬਟਾਲਾ ਅਤੇ ਪਠਾਨਕੋਟ ਰੇਲਵੇ ਸਟੇਸ਼ਨਾਂ ਦਾ ਸੁੰਦਰੀਕਰਨ ਸ਼ਾਮਲ ਹੈ। ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਦੀ ਇਸ ਪੂਰੀ ਬੈਲਟ ਨੂੰ ਇਹ ਪ੍ਰਾਜੈਕਟ ਪ੍ਰਭਾਵਿਤ ਕਰਨਗੇ ਅਤੇ ਇਥੋਂ ਦੇ ਲੋਕਾਂ ਨੂੰ ਇਨ੍ਹਾਂ ਦਾ ਫ਼ਾਇਦਾ ਹੋਵੇਗਾ। ਕਰੀਬ 10 ਅਜਿਹੀਆਂ ਸੀਟਾਂ ਹਨ, ਜਿੱਥੇ ਇਨ੍ਹਾਂ ਪ੍ਰਾਜੈਕਟਾਂ ਦਾ ਅਸਰ ਪਵੇਗਾ। ਇਸੇ ਤਰ੍ਹਾਂ ਦੋਆਬਾ ਵਿਚ ਵੀ 5 ਵੱਡੇ ਪ੍ਰਾਜੈਕਟ ਸ਼ਾਮਲ ਹਨ, ਜਿਨ੍ਹਾਂ ਵਿਚ ਜਲੰਧਰ ਕੈਂਟ, ਫਗਵਾੜਾ, ਦੌਲਤਪੁਰ-ਕਰਤੌਲੀ ਰੇਲ ਲਾਈਨ, ਕਰਤੌਲੀ-ਅੰਬਾਲਾ ਨਵੀਂ ਟਰੇਨ ਸ਼ਾਮਲ ਹੈ। ਇਨ੍ਹਾਂ ਇਲਾਕਿਆਂ ਦੀਆਂ 23 ਵਿਚੋਂ 20 ਅਜਿਹੀਆਂ ਸੀਟਾਂ ਹਨ, ਜੋ ਇਨ੍ਹਾਂ ਪ੍ਰਾਜੈਕਟਾਂ ਦੇ ਸੰਪਰਕ ਵਿਚ ਆਉਣਗੀਆਂ। ਇਸ ਕੋਸ਼ਿਸ਼ ਨਾਲ ਪਾਰਟੀ ਨੇ ਕਰੀਬ 50 ਸੀਟਾਂ 'ਤੇ ਸਿੱਧੇ ਤੌਰ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਵਿਕਾਸ ਦੇ ਕੰਮ ਭਾਜਪਾ ਦੇ ਵੋਟ ਬੈਂਕ ਵਿਚ ਕਿੰਨੇ ਤਬਦੀਲ ਹੁੰਦੇ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

PunjabKesari

ਇਹ ਵੀ ਪੜ੍ਹੋ:  ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ

ਕੈਂਟ ਰੇਲਵੇ ਸਟੇਸ਼ਨ ਸੁੰਦਰੀਕਰਨ ਵਿਚ ਸੁਸ਼ੀਲ ਰਿੰਕੂ ਦਾ ਵੀ ਅਹਿਮ ਯੋਗਦਾਨ
ਜਿਸ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਦਘਾਟਨ ਕੀਤਾ ਹੈ, ਉਸ ਦਾ ਸੁੰਦਰੀਕਰਨ ਪਿਛਲੇ ਕਰੀਬ 3 ਸਾਲਾਂ ਤੋਂ ਚੱਲ ਰਿਹਾ ਸੀ। ਇਸ ਮਾਮਲੇ ਵਿਚ ਮੁੱਖ ਗੱਲ ਇਹ ਹੈ ਕਿ ਉਸ ਸਮੇਂ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੀ ਉਕਤ ਨੀਂਹ ਪੱਥਰ ਦੌਰਾਨ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਉਕਤ ਰੇਲਵੇ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਸੀ। ਉਸੇ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਨੂੰ ਜਨਤਾ ਨੂੰ ਸਮਰਪਿਤ ਕੀਤਾ ਗਿਆ। 123 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਇਸ ਸਟੇਸ਼ਨ ਨੂੰ ਲੈ ਕੇ ਸੁਸ਼ੀਲ ਰਿੰਕੂ ਨੇ ਖ਼ੁਸ਼ੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਇਕ ਯਤਨ ਜੋ ਉਨ੍ਹਾਂ ਨੇ ਜਨਤਾ ਲਈ ਕੀਤਾ ਸੀ, ਉਹ ਅੱਜ ਪੂਰਾ ਹੋ ਗਿਆ। ਬੇਸ਼ੱਕ ਇਸ ਕੋਸ਼ਿਸ਼ ਵਿਚ ਰਿੰਕੂ ਦਾ ਅਹਿਮ ਯੋਗਦਾਨ ਸੀ ਪਰ ਪ੍ਰੋਗਰਾਮ ਦੌਰਾਨ ਉਹ ਮੰਚ ਦੀ ਬਜਾਏ ਭਾਜਪਾ ਵਰਕਰਾਂ ਵਿਚ ਬੈਠੇ ਵੇਖੇ ਗਏ।

ਪ੍ਰੋਗਰਾਮ ’ਚ ਇਹ ਆਗੂ ਰਹੇ ਹਾਜ਼ਰ
ਇਸ ਮੌਕੇ ’ਤੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ, ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਮਹਾਮੰਤਰੀ ਰਾਕੇਸ਼ ਰਾਠੌਰ, ਅਨਿਲ ਸਰੀਨ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਨਰਿੰਦਰ ਸਿੰਘ ਰੈਨਾ, ਸੰਗਠਨ ਮਹਾਮੰਤਰੀ ਮੰਥਰੀ ਸ਼੍ਰੀਨਿਵਾਸੁਲੂ, ਰਾਜ ਸਭਾ ਮੈਂਬਰ ਰਾਜੇਂਦਰ ਗੁਪਤਾ, ਹਰਭਜਨ ਸਿੰਘ, ਡਾ. ਅਸ਼ੋਕ ਮਿੱਤਲ, ਵਿਕਰਮਜੀਤ ਸਿੰਘ ਸਾਹਨੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਤੀਕਸ਼ਣ ਸੂਦ, ਦਿਆਲ ਸਿੰਘ ਸੋਢੀ, ਜੈਵੀਰ ਸ਼ੇਰਗਿੱਲ, ਇਕਬਾਲ ਸਿੰਘ ਲਾਲਪੁਰਾ, ਜੰਗੀਲਾਲ ਮਹਾਜਨ, ਇੰਦਰ ਇਕਬਾਲ ਸਿੰਘ ਅਟਵਾਲ, ਰਾਣਾ ਗੁਰਮੀਤ ਸਿੰਘ ਸੋਢੀ, ਜਗਮੋਹਨ ਸਿੰਘ ਰਾਜੂ, ਅਮਨਜੋਤ ਕੌਰ ਰਾਮੂਵਾਲੀਆ, ਫ਼ਤਿਹ ਜੰਗ ਸਿੰਘ ਬਾਜਵਾ, ਕੇ. ਡੀ. ਭੰਡਾਰੀ, ਮੋਨਾ ਜਾਇਸਵਾਲ, ਸੰਦੀਪ ਜਾਖੜ, ਸੁਰਜੀਤ ਜਿਆਣੀ, ਪਰਮਿੰਦਰ ਸਿੰਘ ਬਰਾੜ, ਮਹਾਰਾਣੀ ਪਰਨੀਤ ਕੌਰ, ਜੀਵਨ ਗੁਪਤਾ, ਰਾਜੇਸ਼ ਬਾਗਾ, ਦਿਨੇਸ਼ ਬੱਬੂ, ਸੁਸ਼ੀਲ ਰਿੰਕੂ, ਸ਼ੀਤਲ ਅੰਗੁਰਾਲ, ਜੈਇੰਦਰ ਕੌਰ, ਅਨਿਲ ਸੱਚਰ, ਸਤਨਾਮ ਸਿੰਘ ਬਿੱਟਾ, ਸੁਸ਼ੀਲ ਸ਼ਰਮਾ, ਦਵਿੰਦਰ ਭਾਰਦਵਾਜ, ਆਸ਼ੀਸ਼ ਸਹਿਗਲ, ਅਨੁਜ ਸ਼ਾਰਦਾ, ਅਮਿਤ ਭਾਟੀਆ ਸਮੇਤ ਕਈ ਨੇਤਾ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚੋਂ ਅਗਵਾ ਕਰਕੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News