ਪਖਾਨਾ ਬਣਾਉਣ ਕਾਰਨ ਦਲਿਤ ਪਰਿਵਾਰ ''ਚ ਵਿਵਾਦ
Monday, Apr 02, 2018 - 07:11 AM (IST)

ਝਬਾਲ/ਬੀੜ ਸਾਹਿਬ, (ਲਾਲੂ ਘੁੰਮਣ, ਬਖਤਾਵਰ, ਭਾਟੀਆ)- ਪਿੰਡ ਸੋਹਲ ਸਥਿਤ ਸਵੱਛ ਭਾਰਤ ਸਕੀਮ ਤਹਿਤ ਪਖਾਨਾ ਬਣਾਉਣ ਲਈ ਆਈ ਗ੍ਰਾਂਟ ਇਕ ਦਲਿਤ ਪਰਿਵਾਰ ਲਈ ਉਸ ਵੇਲੇ ਦੁਬਿਦਾ ਬਣ ਗਈ, ਜਦੋਂ ਪਰਿਵਾਰ ਦਾ ਮੁਖੀ ਪਖਾਨਾ ਆਪਣੇ ਛੋਟੇ ਲੜਕੇ ਦੇ ਘਰ ਬਣਾਉਣ ਲਈ ਸਹਿਮਤ ਸੀ ਪਰ ਪਰਿਵਾਰ ਦੇ ਕੁਝ ਮੈਂਬਰ ਪਖਾਨਾ ਸਾਂਝੀ ਜਗ੍ਹਾ 'ਚ ਬਣਾਉਣਾ ਚਾਹੁੰਦੇ ਸਨ। ਇਸ ਕਾਰਨ ਘਰ 'ਚ ਕਲੇਸ਼ ਇਸ ਕਦਰ ਵਧ ਗਿਆ ਕਿ ਵਿਰੋਧ ਕਰ ਰਹੇ ਦੂਜੇ ਲੜਕਿਆਂ ਨੇ ਬਜ਼ੁਰਗ ਮਾਤਾ-ਪਿਤਾ ਦਾ ਕੱਚਾ ਮਕਾਨ ਹੀ ਢਾਹ ਸੁੱਟਿਆ।
ਇਸ ਸਬੰਧੀ ਕਰਨੈਲ ਸਿੰਘ ਅਤੇ ਉਸਦੀ ਪਤਨੀ ਸ਼ੀਲੋ ਨੇ ਥਾਣਾ ਝਬਾਲ ਵਿਖੇ ਆਪਣੇ ਲੜਕਿਆਂ ਬਿੰਦਰ ਸਿੰਘ ਤੇ ਬਗੀਚਾ ਸਿੰਘ ਸਮੇਤ ਭਗਵੰਤ ਸਿੰਘ, ਭਾਲਾ ਸਿੰਘ, ਗੁਰਜੰਟ ਸਿੰਘ, ਸਿਮਰੋ ਤੇ ਗੁਰਲਾਲ ਸਿੰਘ ਵਿਰੁੱਧ ਦਿੱਤੀ ਗਈ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਨਾਂ 'ਤੇ ਪਖਾਨਾ ਬਣਾਉਣ ਲਈ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਸ ਤਹਿਤ ਉਹ ਆਪਣੇ ਛੋਟੇ ਲੜਕੇ ਬੱਗਾ ਸਿੰਘ ਦੀ ਜਗ੍ਹਾ 'ਚ ਪਖਾਨਾ ਬਣਾਉਣਾ ਚਾਹੁੰਦੇ ਸਨ। ਇਸ ਦਾ ਵਿਰੋਧ ਕਰਦਿਆਂ ਬਗੀਚਾ ਸਿੰਘ ਅਤੇ ਬਿੰਦਰ ਸਿੰਘ ਨੇ ਪਹਿਲਾਂ ਉਨ੍ਹਾਂ ਨਾਲ ਝਗੜਾ ਕਰਦਿਆਂ ਕੁੱਟ-ਮਾਰ ਕੀਤੀ ਅਤੇ ਜਦੋਂ ਉਹ ਉਨ੍ਹਾਂ ਮੁਤਾਬਕ ਜਗ੍ਹਾ 'ਚ ਪਖਾਨਾ ਬਣਾਉਣ ਲਈ ਨਾ ਮੰਨੇ ਤਾਂ ਉਕਤ ਲੋਕਾਂ ਵੱਲੋਂ ਉਨ੍ਹਾਂ ਦਾ ਕੱਚਾ ਮਕਾਨ ਢਾਹ ਸੁੱਟਿਆ ਗਿਆ। ਉਨ੍ਹਾਂ ਦੱਸਿਆ ਕਿ 2 ਦਿਨ ਤੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਪੁਲਸ ਵੱਲੋਂ ਉਕਤ ਲੋਕਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ।
ਦੂਜੇ ਪਾਸੇ ਬਗੀਚਾ ਸਿੰਘ ਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਕਿਉਂਕਿ ਉਸ ਦੇ ਮਾਤਾ-ਪਿਤਾ ਵੱਲੋਂ ਜੋ ਕਮਰਾ ਢਾਹੁਣ ਦੀ ਗੱਲ ਕਹੀ ਜਾ ਰਹੀ ਹੈ, ਉਹ ਕਮਰਾ ਨਹੀਂ ਬਲਕਿ ਕੱਚਾ ਢਾਰਾ ਹੈ, ਜਿਸ ਨੂੰ ਉਨ੍ਹਾਂ ਖੁਦ ਹੀ ਢਾਹਿਆ ਸੀ। ਉਨ੍ਹਾਂ ਕਿਹਾ ਕਿ ਬਾਅਦ 'ਚ ਉਨ੍ਹਾਂ ਨੇ ਦੂਜੇ ਲੜਕੇ ਬੱਗਾ ਸਿੰਘ ਦੇ ਘਰ ਪਖਾਨਾ ਬਣਾਉਣ ਦੀ ਸਕੀਮ ਬਣਾ ਲਈ, ਜਿਸ ਸਬੰਧੀ ਪਿੰਡ ਦੇ ਮੋਹਤਬਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਇਕੱਠੇ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਪਿੰਡ ਦੇ ਮੋਹਤਬਰਾਂ ਦੀ ਗੱਲ ਨਾ ਮੰਨਣ 'ਤੇ ਉਹ ਚਲੇ ਗਏ ਤਾਂ ਉਨ੍ਹਾਂ ਦੇ ਭਰਾ ਸ਼ਿੰਦਾ ਸਿੰਘ ਵੱਲੋਂ ਬਾਹਰੋਂ ਮੰਗਵਾਏ ਬੰਦਿਆਂ ਤੋਂ ਉਨ੍ਹਾਂ ਉਪਰ ਹਮਲਾ ਕਰਵਾ ਕੇ ਬਿੰਦਰ ਸਿੰਘ ਅਤੇ ਭਗਵੰਤ ਸਿੰਘ ਨੂੰ ਸੱਟਾਂ ਲਾ ਦਿੱਤੀਆਂ, ਜੋ ਇਸ ਸਮੇਂ ਕਸੇਲ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਹਨ। ਥਾਣਾ ਝਬਾਲ ਦੇ ਮੁਖੀ ਇੰਸ. ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।