ਨਿੱਕੀ ਜਿਹੀ ਗੱਲ ਨੇ ਧਾਰ ਲਿਆ ਖੂਨੀ ਰੂਪ, ਇੰਨੀ ਵੱਧ ਗਈ ਗੱਲ ਕਿ ਚੱਲ ਗਈਆਂ ਗੋਲ਼ੀਆਂ

07/18/2023 1:10:28 PM

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਅਧੀਨ ਆਉਂਦੇ ਪਿੰਡ ਰਸੂਲਪੁਰ ਜੌੜਾਂ ਵਿਖੇ ਅੱਜ ਗੇਟ ਲਗਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੋਲੀ ਚੱਲ ਗਈ। ਇਸ ’ਚ 3 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਗੁਰਸੇਵਕ ਸਿੰਘ, ਰਿਟਾ. ਇੰਸਪੈਕਟਰ ਮਹਿਲ ਸਿੰਘ ਅਤੇ ਅਮਰਜੀਤ ਕੌਰ ਸ਼ਾਮਲ ਹਨ। ਜ਼ਖਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਤਿੰਨਾਂ ’ਚੋਂ ਗੁਰਸੇਵਕ ਸਿੰਘ ਦੇ ਮੂੰਹ ’ਤੇ ਗੋਲੀ ਲੱਗਣ ਕਾਰਨ ਉਹ ਜ਼ਿਆਦਾ ਗੰਭੀਰ ਹੈ, ਇਸ ਲਈ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਗੇਟ ਲਗਾਉਣ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ ਹੋਇਆ, ਜਿਨ੍ਹਾਂ ’ਚੋਂ ਇਕ ਧਿਰ ਰਣਧੀਰ ਸਿੰਘ ਆਦਿ ਨੇ ਬਾਹਰੋਂ ਬੰਦੇ ਬੁਲਾ ਕੇ ਉਨ੍ਹਾਂ ’ਤੇ ਗੋਲ਼ੀਆਂ ਚਲਾ ਦਿੱਤੀਆਂ। ਪੀੜਤ ਪਰਿਵਾਰ ਮੁਤਾਬਕ ਹਮਲਾਵਰ ਇਕ ਵਿਧਾਇਕ ਦੇ ਰਿਸ਼ਤੇਦਾਰ ਹਨ। ਜਾਣਕਾਰੀ ਮਿਲਦਿਆਂ ਹੀ ਥਾਣਾ ਅਨਾਜ ਮੰਡੀ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ 3 ਗੋਲ਼ੀਆਂ ਦੇ ਖੋਲ ਘਟਨਾ ਵਾਲੇ ਅਸਥਾਨ ਤੋਂ ਬਰਾਮਦ ਕੀਤੇ। ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਦੀ ਪੜਤਾਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਗੇਟ ਲਗਾਉਣ ਨੂੰ ਲੈ ਕੇ ਝਗੜਾ ਹੋਇਆ ਅਤੇ ਫਾਇਰਿੰਗ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੇ ਐੱਸ. ਐੱਚ. ਓ. ਮੌਕੇ ’ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਨੇ 3-4 ਵਿਅਕਤੀਆਂ ਨੂੰ ਰਾਊਂਡਅਪ ਵੀ ਕੀਤਾ ਹੈ। ਵਿਧਾਇਕ ਦੇ ਰਿਸ਼ਤੇਦਾਰ ਹੋਣ ਦੀ ਗੱਲ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਕੁਝ ਵੀ ਨਹੀਂ ਪਤਾ ਅਤੇ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਵੇਗਾ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਸਮੁੱਚੀ ਘਟਨਾ ਬਾਰੇ ਪਹਿਲਾਂ ਪੁਲਸ ਨੂੰ ਸੂਚਿਤ ਕੀਤਾ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।


Gurminder Singh

Content Editor

Related News