ਜਲੰਧਰ ''ਚ ਗੁੰਡਾਗਰਦੀ ਦਾ ਨੰਗਾ ਨਾਚ, ਕੂੜਾ ਸੁੱਟਣ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਹਿੰਸਕ ਰੂਪ
Sunday, Sep 27, 2020 - 11:03 AM (IST)
ਜਲੰਧਰ (ਜ. ਬ.)— ਸੰਜੇ ਗਾਂਧੀ ਨਗਰ 'ਚ ਕੂੜਾ ਸੁੱਟਣ ਦੇ ਮਾਮਲੇ 'ਚ 2 ਗੁਆਂਢੀਆਂ ਵਿਚਕਾਰ ਹੋਏ ਹਿੰਸਕ ਝਗੜੇ 'ਚ 4 ਲੋਕ ਜ਼ਖ਼ਮੀ ਹੋ ਗਏ। ਹੈਰਾਨੀ ਦੀ ਗੱਲ ਹੈ ਕਿ ਇਸ ਝਗੜੇ 'ਚ ਕੌਂਸਲਰ ਪਤੀ ਦਾ ਭਰਾ ਅਤੇ ਉਸ ਦੇ ਰਿਸ਼ਤੇਦਾਰ ਗੁੰਡਾਗਰਦੀ ਕਰਦਿਆਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਪਰ ਪੁਲਸ ਨੇ ਉਨ੍ਹਾਂ 'ਤੇ ਐੱਫ. ਆਈ. ਆਰ. ਦਰਜ ਕਰਨ ਦੀ ਜਗ੍ਹਾ ਦੂਜੀ ਧਿਰ ਦੀਆਂ ਔਰਤਾਂ ਅਤੇ ਕੁਝ ਹੋਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਜਾਣਕਾਰੀ ਦਿੰਦੇ ਸੰਜੇ ਗਾਂਧੀ ਨਗਰ ਨਿਵਾਸੀ ਮੋਨਿਕਾ ਸੈਣੀ ਪਤਨੀ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਬਾਬੂ ਲਾਭ ਸਿੰਘ ਨਗਰ ਵਿਚ ਰਹਿੰਦੀ ਆਪਣੀ ਮਾਂ ਕਾਂਤਾ ਸੈਣੀ ਨੂੰ ਵੇਖ ਕੇ ਵਾਪਸ ਘਰ ਪਰਤੀ ਸੀ। ਰਾਤ ਨੂੰ ਉਹ ਵਿਹੜੇ 'ਚ ਬੈਠ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਰਹੀ ਸੀ ਕਿ ਉਸ ਦੀ ਗੁਆਂਢਣ ਸਨੇਹਾ ਸੈਣੀ ਨੇ ਸੋਚਿਆ ਕਿ ਉਹ ਉਸ ਦੀਆਂ ਚੁਗਲੀਆਂ ਕਰ ਰਹੇ ਹਨ।
ਉਸ ਨੇ ਦੋਸ਼ ਲਾਇਆ ਕਿ ਪਹਿਲਾਂ ਉਨ੍ਹਾਂ ਉਸ ਨਾਲ ਝਗੜਾ ਕੀਤਾ ਅਤੇ ਬਾਅਦ 'ਚ ਇੱਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਲੜਾਈ 'ਚ ਸਨੇਹਾ ਦੀ ਮਾਂ ਵੀਨਾ ਸੈਣੀ ਵੀ ਸ਼ਾਮਲ ਹੋ ਗਈ, ਜਿਸ ਨੇ ਵਾਰਡ ਨੰਬਰ 3 ਦੇ ਕੌਂਸਲਰ ਪਤੀ ਰਵੀ ਸੈਣੀ ਦੇ ਭਰਾ ਵਿਜੇ ਸੈਣੀ, ਭਤੀਜੇ, ਪੁੱਤਰ ਅਤੇ ਉਨ੍ਹਾਂ ਦੇ ਬਾਊਂਸਰ ਸਮੇਤ ਹੋਰ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ 'ਤੇ ਹਮਲਾ ਕਰਵਾ ਦਿੱਤਾ। ਇਸ ਦੌਰਾਨ ਗਲੀ 'ਚ ਖੜ੍ਹੇ ਮੋਹਿਤ ਨਾਂ ਦੇ ਨੌਜਵਾਨ 'ਤੇ ਵੀ ਉਕਤ ਲੋਕਾਂ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਮੋਹਿਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਹਮਲਾਵਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ। ਕੌਂਸਲਰ ਪਤੀ ਧਿਰ ਦੀ ਮੰਨੀਏ ਤਾਂ ਦੋਵਾਂ ਔਰਤਾਂ ਦੇ ਘਰ ਆਹਮੋ-ਸਾਹਮਣੇ ਹਨ, ਜੋ ਆਪਣੇ ਮਕਾਨਾਂ ਦੀ ਮੁਰੰਮਤ ਕਰਵਾ ਰਹੇ ਹਨ ਅਤੇ ਕੂੜਾ-ਕਰਕਟ ਇਕ ਦੂਜੇ ਦੇ ਘਰ ਸਾਹਮਣੇ ਸੁੱਟਣ ਕਾਰਨ ਇਹ ਝਗੜਾ ਹੋਇਆ।
ਝਗੜੇ 'ਚ ਮੋਨਿਕਾ ਸੈਣੀ ਦਾ ਪਤੀ ਜਸਬੀਰ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋਇਆ ਹੈ, ਜਿਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਮੋਹਿਤ ਵੀ ਤੇਜ਼ਧਾਰ ਹਥਿਆਰ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਥੇ ਹੀ ਕੌਂਸਲਰ ਪਤੀ ਰਵੀ ਸੈਣੀ ਦਾ ਕਹਿਣਾ ਹੈ ਕਿ ਵੀਨਾ ਸੈਣੀ ਵਿਧਵਾ ਹੈ ਅਤੇ ਮੋਨਿਕਾ ਸੈਣੀ ਤੇ ਉਸ ਦੇ ਕਰੀਬੀ ਰਿਸ਼ਤੇਦਾਰਾਂ ਨੇ ਘਰ ਵਿਚ ਦਾਖਲ ਹੋ ਕੇ ਵੀਨਾ ਸੈਣੀ ਤੇ ਉਸਦੇ ਬੱਚਿਆਂ 'ਤੇ ਹਮਲਾ ਕੀਤਾ। ਵੀਨਾ ਸੈਣੀ ਨੇ ਬਿਜਲੀ ਚੋਰੀ ਦੀ ਦੂਜੀ ਧਿਰ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਜਿਸ ਦੀ ਰੰਜਿਸ਼ ਕੱਢਣ ਲਈ ਹੀ ਉਸ 'ਤੇ ਹਮਲਾ ਕੀਤਾ ਗਿਆ।
ਹੈਰਾਨੀ ਦੀ ਗੱਲ ਹੈ ਕਿ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਣ ਦੇ ਬਾਵਜੂਦ ਕੌਂਸਲਰ ਪਤੀ ਦੇ ਰਿਸ਼ਤੇਦਾਰਾਂ 'ਤੇ ਕਈ ਐਕਸ਼ਨ ਨਹੀਂ ਲਿਆ, ਜਦੋਂ ਕਿ ਮੋਨਿਕਾ ਸੈਣੀ, ਅੰਬਿਕਾ, ਰੌਕੀ, ਕਾਲਾ ਅਤੇ ਮੋਹਿਤ 'ਤੇ ਕੇਸ ਦਰਜ ਕਰ ਲਿਆ। ਪੁਲਸ ਦੀ ਇਕਤਰਫਾ ਕਾਰਵਾਈ ਸਬੰਧੀ ਜਦੋਂ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦ ਦੂਜੀ ਧਿਰ 'ਤੇ ਵੀ ਕਰਾਸ ਕੇਸ ਦਰਜ ਕੀਤਾ ਜਾਵੇਗਾ।