ਨਾਜਾਇਜ਼ ਖੋਖੇ ਹਟਾਉਣ ਨੂੰ ਲੈ ਕੇ ਦਾਇਰ ਪਟੀਸ਼ਨ ਖਾਰਿਜ
Friday, Jan 26, 2018 - 05:35 AM (IST)
ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਬੀਤੀ 19 ਜਨਵਰੀ ਨੂੰ ਨਗਰ ਨਿਗਮ ਵੱਲੋਂ ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ਤਹਿਤ ਨਾਜਾਇਜ਼ ਕਬਜ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਅਧੀਨ ਦਾਣਾ ਮੰਡੀ 'ਚ ਕੀਤੇ ਉਜਾੜੇ ਤੋਂ ਪੀੜਤ ਦੁਕਾਨਦਾਰਾਂ ਨੇ ਅੱਜ ਨੋਟਿਸ ਦਾ ਜਵਾਬ ਨਿਗਮ ਦਫਤਰ 'ਚ ਜਮ੍ਹਾ ਕਰਵਾਇਆ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਦੁਕਾਨਦਾਰਾਂ ਦਾ ਪੱਖ ਸੁਣਨ ਤੋਂ ਪਹਿਲਾਂ ਹੀ ਉਨ੍ਹਾਂ ਖਿਲਾਫ ਕਾਰਵਾਈ ਕਰ ਦਿੱਤੀ ਗਈ ਸੀ। ਨਿਗਮ ਨੇ ਇਹ ਕਾਰਵਾਈ ਕਰਨ ਤੋਂ ਦੋ ਦਿਨ ਬਾਅਦ ਦੁਕਾਨਦਾਰਾਂ ਨੂੰ ਨੋਟਿਸ ਦੇ ਦਿੱਤੇ, ਜੋ ਕਿ ਕਾਨੂੰਨ ਅਨੁਸਾਰ ਕਾਰਵਾਈ ਕਰਨ ਤੋਂ ਪਹਿਲਾਂ ਦੇਣੇ ਬਣਦੇ ਸਨ।
ਨਿਗਮ ਦਫਤਰ 'ਚ ਅੱਜ ਦੁਕਾਨਦਾਰ ਨੋਟਿਸ ਦਾ ਜਵਾਬ ਦੇਣ ਲਈ ਪਹੁੰਚੇ ਤਾਂ ਉਥੇ ਬੈਠੇ ਅਧਿਕਾਰੀਆਂ ਨੇ ਲਿਖਤੀ ਜਵਾਬ ਲੈਣ ਤੋਂ ਨਾਂਹ ਕਰ ਦਿੱਤੀ। ਜਦੋਂ ਮੀਡੀਆ ਕਰਮਚਾਰੀਆਂ ਨੇ ਇਹ ਮੁੱਦਾ ਨਗਰ ਕਮਿਸ਼ਨਰ ਕੋਲ ਉਠਾਇਆ ਤਾਂ ਨਿਗਮ ਨੇ ਦੁਕਾਨਦਾਰਾਂ ਤੋਂ ਜਵਾਬ ਲੈ ਲਿਆ। ਇਸ ਦੌਰਾਨ ਹਾਈਕੋਰਟ ਦੇ ਆਦੇਸ਼ 'ਤੇ ਨਗਰ ਨਿਗਮ ਵੱਲੋਂ ਨਾਜਾਇਜ਼ ਖੋਖੇ ਹਟਾਉਣ ਨੂੰ ਲੈ ਕੇ ਕੀਤੀ ਜਾ ਰਹੀ ਕਾਰਵਾਈ ਰੋਕਣ ਲਈ ਪੁਰਾਣੀ ਦਾਣਾ ਮੰਡੀ ਦੇ ਦੁਕਾਨਦਾਰਾਂ ਵੱਲੋਂ ਜੇ. ਐੱਮ. ਆਈ. ਸੀ. 'ਚ ਦਾਇਰ ਪਟੀਸ਼ਨ ਨੂੰ ਅਦਾਲਤ ਨੇ ਦੇਰ ਸ਼ਾਮ ਖਾਰਿਜ ਕਰ ਦਿੱਤਾ।
