ਵੱਡਾ ਖ਼ੁਲਾਸਾ: ਮ੍ਰਿਤਕ ਗਗਨਦੀਪ ਦਾ ਸੀ ਇਹ ਪਲੈਨ ਪਰ ਅਸੈਂਬਲਡ ਕਰਨ ਦੌਰਾਨ ਹੋ ਗਿਆ ਬੰਬ ਬਲਾਸਟ

Saturday, Dec 25, 2021 - 04:22 PM (IST)

ਲੁਧਿਆਣਾ (ਰਾਜ/ਤਰੁਣ/ਪੰਕਜ) : ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ ਦੇ ਮਾਮਲੇ ’ਚ ਪੁਲਸ ਨੂੰ ਮ੍ਰਿਤਕ ਦੀ ਪਛਾਣ ਹੋ ਗਈ ਹੈ। ਮ੍ਰਿਤਕ ਪੰਜਾਬ ਪੁਲਸ ਤੋਂ ਡਿਸਮਿਸ ਹੋ ਚੁੱਕਾ ਕਾਂਸਟੇਬਲ ਗਗਨਦੀਪ ਸਿੰਘ ਹੈ, ਜੋ ਖੰਨਾ ਦਾ ਰਹਿਣ ਵਾਲਾ ਹੈ ਅਤੇ ਖੰਨਾ ਦੇ ਥਾਣਾ ਸਦਰ ’ਚ ਬਤੌਰ ਮੁਨਸ਼ੀ ਸੀ। ਕੋਰਟ ਕੰਪਲੈਕਸ ਦੇ ਮਲਬੇ ’ਚੋਂ ਮਿਲੇ ਮੋਬਾਇਲ ਤੋਂ ਪੁਲਸ ਉਸ ਤੱਕ ਪੁੱਜੀ। ਦੱਸਿਆ ਜਾ ਰਿਹਾ ਹੈ ਕਿ ਮੋਬਾਇਲ ਤੋਂ ਪੁਲਸ ਨੂੰ ਕਈ ਹੋਰ ਵੀ ਅਹਿਮ ਸੁਰਾਗ ਮਿਲੇ ਹਨ, ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਬੰਬ ਧਮਾਕੇ ਵਿਚ ਹੋਰ ਵਿਅਕਤੀ ਵੀ ਸ਼ਾਮਲ ਸਨ, ਜਿਨ੍ਹਾਂ ਵਿਚੋਂ 2 ਨੂੰ ਪੁਲਸ ਨੇ ਹਿਰਾਸਤ ਵਿਚ ਵੀ ਲੈ ਲਿਆ ਹੈ। ਹਾਲਾਂਕਿ ਹੁਣ ਪੁਲਸ ਖੰਨਾ ਗਗਨਦੀਪ ਸਿੰਘ ਦੇ ਘਰ ਪੁੱਜ ਗਈ ਹੈ ਅਤੇ ਉਸ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਐੱਸ. ਟੀ. ਐੱਫ. (ਲੁਧਿਆਣਾ, ਜਲੰਧਰ) ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ 11 ਅਗਸਤ 2019 ਨੂੰ ਖੰਨਾ ਤੋਂ ਗਗਨਦੀਪ ਸਿੰਘ ਨੂੰ ਉਸ ਦੇ 2 ਸਾਥੀਆਂ ਸਮੇਤ ਕਾਬੂ ਕੀਤਾ ਸੀ, ਉਦੋਂ ਮੁਲਜ਼ਮਾਂ ਦੇ ਕਬਜ਼ੇ ’ਚੋਂ ਲਗਜ਼ਰੀ ਕਾਰ ਅਤੇ 785 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਦੇ ਖ਼ਿਲਾਫ਼ ਜ਼ਿਲ੍ਹਾ ਮੋਹਾਲੀ ’ਚ ਸਥਿਤ ਐੱਸ. ਟੀ. ਐੱਫ. ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। 6 ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ 16 ਅਗਸਤ ਨੂੰ ਮੁਲਜ਼ਮਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮੁਲਜ਼ਮ ਨੂੰ ਪੁਲਸ ਵਿਭਾਗ ’ਚ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਸੀ। 2 ਸਾਲ ਬਾਅਦ 8 ਸਤੰਬਰ 2021 ਨੂੰ ਗਗਨਦੀਪ ਸਿੰਘ ਨੂੰ ਜ਼ਮਾਨਤ ਮਿਲੀ ਸੀ। ਅਜੇ ਜੇਲ ਤੋਂ ਆਏ ਉਸ ਨੂੰ ਸਾਢੇ 3 ਮਹੀਨੇ ਹੋਏ ਸਨ।

ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ:  ਮ੍ਰਿਤਕ ਗਗਨਦੀਪ ਦਾ ਸੀ ਇਹ ਪਲੈਨ ਪਰ ਅਸੈਂਬਲਡ ਕਰਨ ਦੌਰਾਨ ਹੋ ਗਿਆ ਬੰਬ ਬਲਾਸਟ 

PunjabKesari

2011 ’ਚ ਭਰਤੀ ਹੋਇਆ ਸੀ ਪੰਜਾਬ ਪੁਲਸ ’ਚ
ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਸਾਲ 2011 ਵਿਚ ਪੰਜਾਬ ਪੁਲਸ ’ਚ ਕਾਂਸਟੇਬਲ ਭਰਤੀ ਹੋਇਆ ਸੀ ਅਤੇ ਡਿਊਟੀ ਕਰਦੇ ਹੋਏ ਮੁਲਜ਼ਮ ਨਾਲ ਗੰਢਤੁੱਪ ਕਰ ਕੇ ਉਸ ਨੇ ਵੀ ਸਮੱਗਲਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ ਅਤੇ ਦਿੱਲੀ ਦੇ ਇਕ ਵਿਅਕਤੀ ਤੋਂ ਨਸ਼ਾ ਲਿਆ ਕੇ ਆਪਣੇ 2 ਸਾਥੀਆਂ ਨਾਲ ਮਿਲ ਕੇ ਸਪਲਾਈ ਕਰਨ ਲੱਗਾ ਸੀ।

ਇਹ ਵੀ ਪੜ੍ਹੋ :  26 ਸਾਲ ਪਹਿਲਾਂ ਵੀ ਦਸੰਬਰ ਮਹੀਨੇ ’ਚ ਘੰਟਾਘਰ ਦੀ ਲਾਟਰੀ ਮਾਰਕੀਟ ’ਚ ਹੋਇਆ ਸੀ ਬੰਬ ਧਮਾਕਾ

ਰਿਕਾਰਡ ਰੂਮ ਉਡਾਉਣ ਦਾ ਸੀ ਪਲਾਨ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਖੁਦ ’ਤੇ ਦਰਜ ਐੱਨ. ਡੀ. ਪੀ. ਐੱਸ. ਐਕਟ ਦੇ ਕੇਸ ਨੂੰ ਖਤਮ ਕਰਨਾ ਚਾਹੁੰਦਾ ਸੀ। 24 ਦਸੰਬਰ, ਦਿਨ ਸ਼ੁੱਕਰਵਾਰ ਨੂੰ ਉਸ ਦੀ ਅਦਾਲਤ ਵਿਚ ਪੇਸ਼ੀ ਸੀ। ਇਸ ਲਈ ਉਸ ਨੇ ਕੋਰਟ ਕੰਪਲੈਕਸ ਦੇ ਰਿਕਾਰਡ ਰੂਮ ਨੂੰ ਉਡਾਉਣ ਦਾ ਪਲਾਨ ਬਣਾਇਆ ਸੀ। ਉਸ ਨੇ ਬੰਬ ਕਿੱਥੋਂ ਲਿਆ ਸੀ, ਇਸ ਦਾ ਪਤਾ ਨਹੀਂ ਲੱਗਾ ਪਰ ਉਸ ਨੇ ਬੰਬ ਰਿਕਾਰਡ ਰੂਮ ’ਚ ਪਲਾਂਟ ਕਰਨਾ ਸੀ। ਜਦੋਂ ਉਸ ਨੂੰ ਬਾਥਰੂਮ ’ਚ ਅਸੈਂਬਲਡ ਕਰ ਰਿਹਾ ਸੀ ਤਾਂ ਉਸ ਦੌਰਾਨ ਬਲਾਸਟ ਹੋ ਗਿਆ ਅਤੇ ਉਹ ਖੁਦ ਉੱਡ ਗਿਆ।

ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕੇ ’ਚ ਜ਼ਖਮੀ ਔਰਤ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਮੰਜ਼ਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News