ਹੁਣ ਪੰਜਾਬ 'ਚ 'ਬਰਖ਼ਾਸਤ ਫ਼ੌਜੀ' ਨੇ ਚੁੱਕੀ ਅੱਤ, ਲੱਭ ਰਹੀ 3 ਸੂਬਿਆਂ ਦੀ ਪੁਲਸ
Tuesday, Jul 28, 2020 - 01:33 PM (IST)
ਲੁਧਿਆਣਾ, ਹਲਵਾਰਾ (ਰਿਸ਼ੀ, ਮਨਦੀਪ, ਅਨਿਲ) : ਲਾਡੋਵਾਲ ਦੇ ਨੂਰਪੁਰ ਬੇਟ ਇਲਾਕੇ ਦੇ ਰਹਿਣ ਵਾਲਾ ਬਰਖ਼ਾਸਤ ਫ਼ੌਜੀ ਨੇ ਇਸ ਸਮੇਂ ਪੰਜਾਬ 'ਚ ਪੂਰੀ ਅੱਤ ਚੁੱਕੀ ਹੋਈ ਹੈ। ਬਰਖ਼ਾਸਤ ਫ਼ੌਜੀ ਪਰਦੀਪ ਸਿੰਘ ਪੀਰੂ ਉਰਫ ਸਰਵਣ ਸਿੰਘ ਗਿੱਲ ਲੈਫਟੀਨੈਂਟ ਕਰਨਲ ਬਣ ਕੇ ਹੁਣ ਤੱਕ 500 ਤੋਂ ਜ਼ਿਆਦਾ ਨੌਜਵਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਰੋਜ਼ਾਨਾ ਠੱਗੀ ਦੇ ਕੇਸਾਂ 'ਚ ਹੋ ਰਹੇ ਖੁਲਾਸਿਆਂ ਤੋਂ ਇਹ ਠੱਗ ਪੁਲਸ ਲਈ ਸਿਰਦਰਦੀ ਬਣ ਚੁੱਕਾ ਹੈ। ਭਾਵੇਂ ਗਲਤ ਢੰਗ ਨਾਲ ਭਰਤੀ ਹੋਣ ਦੇ ਜਾਲ ’ਚ ਫਸੇ ਨੌਜਵਾਨ ਪੁਲਸ ਦੀ ਕਾਰਵਾਈ ਤੋਂ ਬਚਣ ਲਈ ਸਾਹਮਣੇ ਨਹੀਂ ਆ ਰਹੇ ਪਰ ਪੁਲਸ ਵੱਲੋਂ ਆਪਣੇ ਪੱਧਰ ’ਤੇ ਟੀਮਾਂ ਬਣਾ ਕੇ ਜਾਂਚ ਕਰਵਾਈ ਜਾ ਰਹੀ ਹੈ ਤਾਂ ਜੋ ਅਜਿਹੇ ਠੱਗ ਨੂੰ ਜਲਦ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇ। ਪੁਲਸ ਵੱਲੋਂ ਜਿੱਥੇ ਉਸ ਦੇ ਮੋਬਾਇਲ ਦੀ ਡਿਟੇਲ ਕਢਵਾਈ ਗਈ ਹੈ, ਉੱਥੇ ਠੱਗੀ ਦੀ ਖੇਡ ਖੇਡਣ ’ਚ ਜਿਨ੍ਹਾਂ ਵਿਅਕਤੀਆਂ ਦੇ ਨਾਂ ਸਾਹਮਣੇ ਆ ਰਹੇ ਹਨ, ਸਾਰਿਆਂ ਤੱਕ ਪਹੁੰਚ ਕਰਨ ਦਾ ਯਤਨ ਕਰ ਰਹੀ ਹੈ। ਪੁਲਸ ਅੰਦਾਜ਼ਾ ਲਗਾ ਰਹੀ ਹੈ ਕਿ ਵੱਖ-ਵੱਖ ਸ਼ਹਿਰਾਂ ਦੇ ਰਹਿਣ ਵਾਲੇ 500 ਤੋਂ ਜ਼ਿਆਦਾ ਨੌਜਵਾਨਾਂ ਨੂੰ ਇਹ ਠੱਗ ਆਪਣੇ ਜਾਲ ’ਚ ਫਸਾ ਚੁੱਕਾ ਹੈ। ਪੰਜਾਬ, ਹਰਿਆਣਾ ਅਤੇ ਹਿਮਾਚਲ ਪੁਲਸ ਨੂੰ ਕਾਫੀ ਸਾਲਾਂ ਤੋਂ ਇਸ ਦੀ ਭਾਲ ਹੈ, ਮੁਜ਼ਰਿਮ ’ਤੇ 15 ਤੋਂ ਜ਼ਿਆਦਾ ਕੇਸ ਦਰਜ ਹਨ, ਜਿਨ੍ਹਾਂ 'ਚ ਅੱਜ ਤੱਕ ਉਹ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਠੱਗੀ ਦਾ ਕੇਸ ਦਰਜ ਹੋਣ ’ਤੇ ਹੀ ਉਸ ਨੂੰ ਫ਼ੌਜ ’ਚੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਪੁਲਸ ਵੱਲੋਂ ‘ਲੁਕ ਆਊਟ’ ਨੋਟਿਸ ਵੀ ਜਾਰੀ ਕੀਤਾ ਜਾ ਰਿਹਾ ਹੈ ਤਾਂ ਕਿ ਠੱਗ ਦੇਸ਼ ਤੋਂ ਬਾਹਰ ਨਾ ਨਿਕਲ ਸਕੇ।
ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਪਤੀ ਨੇ ਬੇਰਹਿਮੀ ਨਾਲ ਕਤਲ ਕੀਤੀ ਪਤਨੀ
ਖੁਦ ਭਰਾ ਦੇ ਸਰਟੀਫਿਕੇਟ ਵਰਤ ਕੇ ਹੋਇਆ ਭਰਤੀ, ਕਲੀਅਰੈਂਸ ਸਰਟੀਫਿਕੇਟ ਜਾਂਚ ਦਾ ਵਿਸ਼ਾ
ਠੱਗ ਪਰਦੀਪ ਦਾ ਫੌਜ ’ਚ ਸਫਰ ਹੀ ਹੇਰਾ-ਫੇਰੀ ਤੋਂ ਸ਼ੁਰੂ ਹੋਇਆ ਸੀ ਅਤੇ 17 ਸਾਲ ਫੌਜ ’ਚ ਨੌਕਰੀ ਵੀ ਕਰ ਲਈ। ਕਰੀਬ 4 ਸਾਲ ਪਹਿਲਾਂ ਜਗਰਾਓਂ ਬ੍ਰਿਜ ਕੋਲ ਮਿਲਟਰੀ ਕੈਂਪ 'ਚ ਤਾਇਨਾਤ ਸੀ। ਪਰਦੀਪ ਦੇ ਅਪਾਹਜ ਭਰਾ ਸਰਵਣ ਸਿੰਘ ਦੀ ਮੰਨੀਏ ਤਾਂ ਫੌਜ ’ਚ ਭਰਤੀ ਹੋਣ ਲਈ ਉਸ ਦੇ ਅਕੈਡਮਿਕ ਸਰਟੀਫਿਕੇਟ ਵਰਤੇ ਸਨ, ਜਿਸ ਕਾਰਨ ਫੌਜ ਉਸ ਨੂੰ ਸਰਵਣ ਸਿੰਘ ਦੇ ਨਾਂ ਨਾਲ ਹੀ ਜਾਣਦੀ ਸੀ। ਅਜਿਹੇ 'ਚ ਉਸ ਸਮੇਂ ਮੁਜ਼ਰਿਮ ਨੂੰ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਣਾ ਜਾਂਚ ਦਾ ਵਿਸ਼ਾ ਹੈ ਕਿ ਆਖਰ ਉਸ ਨੂੰ ਕਲੀਅਰੈਂਸ ਕਿਸ ਨੇ ਦਿੱਤੀ ਸੀ। ਹੁਣ ਉਸ ਸਮੇਂ ਦੇ ਪੁਲਸ ਅਫ਼ਸਰਾਂ ’ਤੇ ਵੀ ਗਾਜ ਡਿੱਗ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਭਰ ਦੇ 'ਪੈਟਰੋਲ ਪੰਪ' ਕੱਲ੍ਹ ਰਹਿਣਗੇ ਬੰਦ, ਅੱਜ ਹੀ ਕਰ ਲਓ ਇੰਤਜ਼ਾਮ
ਪਿਤਾ ਦੀ ਮੌਤ ਤੋਂ ਬਾਅਦ ਕੀਤੀ ਠੱਗੀ ਸ਼ੁਰੂ, ਮਾਂ ਕਰ ਚੁੱਕੀ ਬੇਦਖ਼ਲ
ਬਰਖ਼ਾਸਤ ਫ਼ੌਜੀ ਦੇ ਪਿਤਾ ਦੀ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਪਰਦੀਪ ਨੇ ਠੱਗੀ ਦਾ ਸਫਰ ਸ਼ੁਰੂ ਕੀਤਾ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਘਰ ਆਉਣ ਤੋਂ ਤੰਗ ਆ ਕੇ ਪਹਿਲਾਂ ਮਾਂ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ, ਜਿਸ ਤੋਂ ਬਾਅਦ ਠੱਗ ਆਪਣੀ ਪਤਨੀ ਅਤੇ ਬੱਚਿਆਂ ਨਾਲ ਵੱਖਰਾ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਡਿਊਟੀ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ
ਹਲਵਾਰਾ ਏਅਰਫੋਰਸ ’ਤੇ ਭਰਤੀ ਲਈ ਇਕੱਠੇ ਹੋਣ ’ਤੇ ਹੋਇਆ ਖੁਲਾਸਾ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਠੱਗ ਪਰਦੀਪ ਵੱਲੋਂ ਲਗਭਗ 100 ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਸੀ, ਜਿਨ੍ਹਾਂ ਨੂੰ ਹਲਵਾਰਾ ਏਅਰਫੋਰਸ ’ਤੇ ਭਰਤੀ ਲਈ ਇਕੱਠਾ ਕੀਤਾ ਸੀ। ਭੀੜ ਦੇਖ ਕੇ ਮੌਕੇ ’ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਸੀ ਕਿ ਠੱਗ ਨੇ ਸਾਰਿਆਂ ਨੂੰ ਭਰਤੀ ਕਰਵਾਉਣ ਦੇ ਸੁਫ਼ਨੇ ਦਿਖਾ ਕੇ ਜਾਅਲਸਾਜ਼ੀ ’ਚ ਫਸਾਇਆ ਹੈ, ਜਿਨ੍ਹਾਂ ਦੇ ਫਰਜ਼ੀ ਫਿਜ਼ੀਕਲ ਟੈਸਟ ਵੀ ਕਰਵਾਏ ਗਏ ਸਨ। ਠੱਗ ਵੱਲੋਂ ਸਾਰਿਆਂ ਨਾਲ ਵਟਸਐਪ ’ਤੇ ਗੱਲ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਵਰਦੀਆਂ ਵੀ ਸੌਂਪੀਆਂ। ਫ਼ੌਜ ਦੀ ਵਰਦੀ ਠੱਗ ਤੱਕ ਪਹੁੰਚਾਉਣਾ ਵੀ ਜਾਂਚ ਦਾ ਵਿਸ਼ਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਕਿਸ ਨੇ ਉਸ ਨੂੰ ਫ਼ੌਜੀ ਵਰਦੀਆਂ ਬਣਾ ਕੇ ਦਿੱਤੀਆਂ ਹਨ।
1 ਲੱਖ ਤੋਂ 5 ਲੱਖ ਤੱਕ ਲੈਂਦਾ ਸੀ, ਗਰਾਊਂਡ ਦੇ ਬਾਹਰ ਖੜ੍ਹਾ ਹੋ ਕੇ ਲੱਭਦਾ ਸੀ ਗਾਹਕ
ਇਹ ਵੀ ਸਾਹਮਣੇ ਆਇਆ ਹੈ ਕਿ ਠੱਗ ਵੱਲੋਂ ਜਿੱਥੇ ਵੀ ਭਰਤੀ ਚੱਲ ਰਹੀ ਹੁੰਦੀ, ਉਥੇ ਪੁੱਜ ਜਾਂਦਾ ਅਤੇ ਕਰਨਲ ਦੀ ਵਰਦੀ ਪਾ ਕੇ ਬਾਹਰ ਖੜ੍ਹਾ ਹੋ ਕੇ ਗਾਹਕ ਲੱਭਦਾ। ਠੱਗ ਵੱਲੋਂ ਫੇਲ੍ਹ ਹੋਏ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾਇਆ ਜਾਂਦਾ ਅਤੇ ਹਰ ਨੌਜਵਾਨ ਤੋਂ 1 ਲੱਖ ਤੋਂ ਲੈ ਕੇ 5 ਲੱਖ ਤੱਕ ਦੀ ਰਕਮ ਵਸੂਲਦਾ।
ਰਿਸ਼ਤੇਦਾਰਾਂ ਨਾਲ ਵੀ ਕਰ ਚੁੱਕਾ ਠੱਗੀ, ਪਤਨੀ ਵੀ ਨਾਮਜ਼ਦ
ਠੱਗ ਪਰਦੀਪ ਆਪਣੇ ਇਕ ਰਿਸ਼ਤੇਦਾਰ ਦੇ ਜਾਣ-ਪਛਾਣ ਵਾਲਿਆਂ ਨੂੰ ਵੀ ਫ਼ੌਜ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ ਕਰ ਚੁੱਕਾ ਹੈ ਪਰ ਪੈਸੇ ਵਾਪਸ ਕਰਨ ਦਾ ਦਬਾਅ ਪੈਂਦਾ ਦੇਖ ਕੇ ਆਪਣੇ ਅਤੇ ਪਤਨੀ ਦੇ ਨਾਂ ਦੇ ਸਾਂਝੇ ਖਾਤੇ ਦਾ ਚੈੱਕ ਦੇ ਦਿੱਤਾ। ਪੁਲਸ ਵੱਲੋਂ 1 ਕੇਸ 'ਚ ਉਸ ਦੀ ਪਤਨੀ ਨੂੰ ਵੀ ਨਾਮਜ਼ਦ ਕੀਤਾ ਜਾ ਚੁੱਕਾ ਹੈ।
ਜਾਅਲੀ ਨੰਬਰ ਲੱਗੀ ਇਨੋਵਾ ’ਚ ਕਰਵਾਉਣ ਆਉਂਦਾ ਸੀ ਟ੍ਰੇਨਿੰਗ
ਇਹ ਗੱਲ ਵੀ ਸਾਹਮਣੇ ਆਈ ਕਿ ਠੱਗ ਕੋਲ ਇਕ ਇਨੋਵਾ ਗੱਡੀ ਹੈ, ਜਿਸ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ। ਜਾਲ 'ਚ ਫਸੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਗੁਰੂ ਨਾਨਕ ਸਟੇਡੀਅਮ ਅਤੇ ਫੱਲੇਵਾਲ ’ਚ ਬੁਲਾਉਂਦਾ ਅਤੇ ਉਸ ਸਮੇਂ ਵਰਦੀ 'ਚ ਆਉਂਦਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਠੱਗ ਕੋਲ ਫ਼ੌਜ ਦਾ ਕਾਰਡ ਵੀ ਹੈ, ਜਿਸ ਦੀ ਵਰਤੋਂ ਟੋਲ ਟੈਕਸ ਬਚਾਉਣ ਲਈ ਕਰਦਾ ਹੈ। ਨਾਲ ਹੀ ਪੇਪਰ ਦੇਣ ਲਈ ਪਹਿਲਾਂ ਜਲੰਧਰ ਬੁਲਾਉਂਦਾ ਸੀ ਅਤੇ ਫਿਰ ਸੈਟਿੰਗ ਹੋਣ ਦਾ ਦਾਅਵਾ ਕਰ ਕੇ ਬਿਨਾਂ ਪੇਪਰ ਦਿੱਤੇ ਪਾਸ ਹੋਣ ਦੀ ਗੱਲ ਕਹਿ ਕੇ ਖੁਸ਼ ਕਰ ਦਿੰਦਾ। ਠੱਗ ਵੱਲੋਂ ਪੰਜਾਬ, ਹਰਿਆਣਾ, ਧੌਲਾ ਕੂਆਂ, ਚੰਡੀਗੜ੍ਹ, ਰਾਜਸਥਾਨ ਸਮੇਤ ਵੱਖ-ਵੱਖ ਮਿਲਟਰੀ ਟਰੇਨਿੰਗ ਕੈਂਪਾਂ ਦੀਆਂ ਫੋਟੋਆਂ ਆਪਣੇ ਵਟਸਐਪ ਸਟੇਟਸ ’ਤੇ ਅਪਲੋਡ ਕੀਤੀਆਂ ਜਾਂਦੀਆਂ ਤਾਂ ਕਿ ਫ਼ੌਜੀ ਅਧਿਕਾਰੀਆਂ ਨਾਲ ਨੇੜਤਾ ਦਾ ਯਕੀਨ ਹੋ ਸਕੇ।