ਅੰਮ੍ਰਿਤਸਰ ਲੋਕ ਸਭਾ ਸੀਟ ’ਤੇ ਚਰਚਾ ਤੇਜ਼, ਅਨਿਲ ਜੋਸ਼ੀ ਤੇ ਤਰਨਜੀਤ ਸਿੰਘ ਸੰਧੂ ਦਾ ਨਾਂ ਚਰਚਾ ’ਚ
Saturday, Feb 10, 2024 - 06:30 PM (IST)
ਅੰਮ੍ਰਿਤਸਰ : ਭਾਜਪਾ ਦੇ ਸੀਨੀਅਰ ਆਗੂ ਰਹਿ ਚੁੱਕੇ ਅਤੇ ਹੁਣ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਸਿਆਸੀ ਭਵਿੱਖ ਨੂੰ ਲੈ ਕੇ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ। ਸਵਾਲ ਇਹ ਖੜ੍ਹੇ ਹੋ ਰਹੇ ਹਨ ਕਿ ਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਜੋਸ਼ੀ ਨੂੰ ਚੋਣ ਮੈਦਾਨ ਵਿਚ ਉਤਾਰੇਗਾ ਜਾਂ ਸੀਟ ਦੇ ਇਤਿਹਾਸ ਮੁਤਾਬਕ ਜੋ ਕਿ ਰਵਾਇਤੀ ਤੌਰ ’ਤੇ ਭਾਜਪਾ ਦੇ ਕੋਟੇ ਦੀ ਰਹੀ ਹੈ, ਨੂੰ ਦੇਖਦੇ ਹੋਏ ਆਪਣੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਸਹਿਮਤੀ ਲਈ ਭਾਜਪਾ ਨਾਲ ਗੱਲਬਾਤ ਕਰੇਗਾ। ਹਾਲਾਂਕਿ ਨਾ ਤਾਂ ਅਜੇ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਹੋਇਆ ਹੈ ਅਤੇ ਨਾ ਹੀ ਅਕਾਲੀ ਦਲ ਤੇ ਭਾਜਪਾ ਨੇ ਅਜੇ ਤਕ ਅੰਮ੍ਰਿਤਸਰ ਸੰਸਦੀ ਸੀਟ ’ਤੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ ਪਰ ਰਸਮੀ ਤੌਰ ’ਤੇ ਜ਼ਿਆਦਾਤਰ ਅਕਾਲੀ ਦਲ ਆਪਣੇ ਹਲਕਾ ਇੰਚਾਰਜਾਂ ਨੂੰ ਹੀ ਆਪਣੇ ਉਮੀਦਵਾਰ ਵਜੋਂ ਨਾਮਜ਼ਦ ਕਰਦਾ ਹੈ। ਹਾਲਾਂਕਿ ਚਰਚਾ ਇਹ ਹੈ ਕਿ ਜੇ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਹੋ ਜਾਂਦਾ ਹੈ ਤਾਂ ਦੋਵੇਂ ਧਿਰਾਂ ਅਨਿਲ ਜੋਸ਼ੀ ਦੇ ਨਾਂ ’ਤੇ ਚਰਚਾ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਕੀਤੀ ਮਜੀਠੀਆ ਦੀ ਤਾਰੀਫ਼, ‘ਜੱਫ਼ੀ’ ’ਤੇ ਦਿੱਤਾ ਸਪੱਸ਼ਟੀਕਰਨ
ਦੂਜੇ ਪਾਸੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਨਾਂ ਵੀ ਚਰਚਾ ਵਿਚ ਹੈ, ਜਿਸ ਨੂੰ ਭਾਜਪਾ ਇਥੋਂ ਮੈਦਾਨ ਵਿਚ ਉਤਾਰ ਸਕਦੀ ਹੈ। ਸੰਧੂ ਗੁਰਦੁਆਰਾ ਸੁਧਾਰ ਲਹਿਰ ਵਿਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਸਿੱਖ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਬਿਸ਼ਨ ਸਿੰਘ ਸਮੁੰਦਰੀ ਦੇ ਪੁੱਤਰ ਹਨ। ਜਿਨ੍ਹਾਂ ਨੂੰ ਅੰਮ੍ਰਿਤਸਰ ਤੋਂ ਸੰਭਾਵੀ ਸਾਂਝੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਭਾਜਪਾ ਆਗੂ ਅਤੇ ਸਿਆਸੀ ਵਿਸ਼ਲੇਸ਼ਕ ਸੋਮਦੇਵ ਸ਼ਰਮਾ ਮੁਤਾਬਕ ਅੰਮ੍ਰਿਤਸਰ ਦੀ ਆਮ ਜਨਤਾ ਲਈ ਸੰਧੂ ਮੁਕਾਬਲਤਨ ਅਣਜਾਣ ਹੈ ਜਦਕਿ ਭਾਜਪਾ ਨੂੰ ਉਸ ਸਮੇਂ ਵੀ ਝਟਕਾ ਲੱਗਾ ਸੀ ਜਦੋਂ ਇਸ ਨੇ ਰਾਸ਼ਟਰੀ ਪੱਧਰ ਦੇ ਉੱਘੇ ਆਗੂ ਮਰਹੂਮ ਅਰੁਣ ਜੇਤਲੀ ਨੂੰ ਮੈਦਾਨ ਵਿਚ ਉਤਾਰਿਆ, ਜੋ ਚੋਣਾਂ ਹਾਰ ਗਏ ਸਨ। ਇਸੇ ਤਰ੍ਹਾਂ ਨੌਕਰਸ਼ਾਹ ਹਰਦੀਪ ਸਿੰਘ ਪੁਰੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਨਵਜੋਤ ਸਿੰਘ ਸਿੱਧੂ ਇਥੋਂ ਜਿੱਤ ਗਏ ਸਨ। ਉਨ੍ਹਾਂ ਕਿਹਾ ਕਿ ਨੌਕਰਸ਼ਾਹਾਂ ਦੀ ਜੀਵਨ ਸ਼ੈਲੀ ਉਨ੍ਹਾਂ ਦੀ ਜਨਤਾ ਨਾਲ ਜੁੜਨ ਦੀ ਸਮਰੱਥਾ ਵਿਚ ਰੁਕਾਵਟ ਪਾਉਂਦੀ ਹੈ। ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਗਠਜੋੜ ਦੀ ਸਥਿਤੀ ਵਿਚ ਅੰਮ੍ਰਿਤਸਰ ਦੇ ਉਮੀਦਵਾਰ ਬਾਰੇ ਵਿਚਾਰ ਕਰਨ ਲਈ ਵੀਰਵਾਰ ਰਾਤ ਨੂੰ ਭਾਜਪਾ ਦੇ ਇਕ ਆਗੂ ਦੇ ਘਰ ਇਸ ਸਬੰਧੀ ਮੀਟਿੰਗ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8