''ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਏ...''

Tuesday, Jan 30, 2018 - 12:25 AM (IST)

''ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਏ...''

ਸ੍ਰੀ ਅਨੰਦਪੁਰ ਸਾਹਿਬ, (ਸ਼ਮਸ਼ੇਰ)- ਅਨੋਖਾ ਸਬੱਬ ਹੈ ਕਿ ਜਿਸ ਸਮਾਜ ਅੰਦਰ ਕੁੜੀਆਂ ਨੂੰ ਕੰਨਿਆਵਾਂ ਜਾਣ ਕੇ ਪੁਜਿਆ ਜਾਂਦਾ ਹੈ ਉਸੇ ਸਮਾਜ ਅੰਦਰ ਜਨਮ ਤੋਂ ਪਹਿਲਾਂ, ਜਨਮ ਮੌਕੇ ਤੇ ਜਨਮ ਤੋਂ ਬਾਅਦ ਕੁੜੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਕੁੜੀਆਂ ਦਾ ਆਰਥਿਕ ਬੋਝ ਮਾਪੇ ਸਹਿਣ ਤੋਂ ਅਸਮਰੱਥ ਹੋ ਕੇ ਭਰੂਣ ਹੱਤਿਆ ਵਰਗੇ ਫੈਸਲੇ ਲੈਂਦੇ ਹਨ ਪਰ ਇਸ ਤੋਂ ਵੀ ਖਤਰਨਾਕ ਮਾਪਿਆਂ ਵੱਲੋਂ ਕੁੜੀਆਂ ਨੂੰ ਇੱਜ਼ਤ ਦੀਆਂ ਦੁਸ਼ਮਣ ਸਮਝਿਆ ਜਾਂਦਾ ਹੈ। ਅਜੋਕੇ ਵਿਗਿਆਨਕ ਯੁੱਗ 'ਚ ਕੁੜੀਆਂ ਦਾ ਮੁੰਡਿਆਂ ਦੀ ਤਰਜ਼ 'ਤੇ ਤਰੱਕੀ ਕਰਨਾ ਜਾਂ ਸਵੈ-ਨਿਰਭਰ ਹੋ ਕੇ ਮਰਦ ਪ੍ਰਧਾਨ ਸਮਾਜ ਦੀ ਸੌੜੀ ਹੈਂਕੜਸ਼ਾਹੀ ਲਈ ਚੁਣੌਤੀ ਬਣਨਾ ਜਿਥੇ ਵੱਡੀ ਕ੍ਰਾਂਤੀ ਦਾ ਪ੍ਰਮਾਣ ਹੈ, ਉਥੇ ਸਮਾਜ ਅੰਦਰ ਆਪਣੀ ਕਿਸਮਤ ਆਪ ਸਿਰਜਣਾ ਵੀ ਕੁੜੀਆਂ ਲਈ ਇਕ ਵੱਡੀ ਚੁਣੌਤੀ ਹੈ।
PunjabKesari
ਇਹ ਹਨ ਭਰੂਣ ਹੱਤਿਆਵਾਂ ਦੇ ਅੰਕੜੇ
ਆਬਾਦੀ ਪੱਖੋਂ ਦੂਜੇ ਨੰਬਰ 'ਤੇ ਰਹਿਣ ਵਾਲੇ ਭਾਰਤ ਦਾ ਜਿੱਥੇ ਕੁੱਲ ਆਬਾਦੀ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ, ਉਥੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਸੰਨ 2011 ਦੀ ਮਰਦਮਸ਼ੁਮਾਰੀ ਤਹਿਤ ਭਾਰਤ ਦੀ ਆਬਾਦੀ 1.03 ਅਰਬ ਤੋਂ ਵਧ ਕੇ 1.21 ਅਰਬ ਦੇ ਕਰੀਬ ਹੋ ਗਈ ਹੈ, ਜਿਸ ਦੌਰਾਨ 0 ਤੋਂ 6 ਸਾਲ ਦੇ ਬੱਚਿਆਂ ਦੇ ਲਿੰਗ ਅਨੁਪਾਤ 'ਚ ਘਾਟਾ ਨੋਟ ਕੀਤਾ ਗਿਆ ਹੈ। 1991 'ਚ ਮਰਦਮਸ਼ੁਮਾਰੀ ਦੌਰਾਨ ਪ੍ਰਤੀ ਹਜ਼ਾਰ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ 945 ਰਿਕਾਰਡ ਕੀਤੀ ਗਈ ਸੀ, ਜੋ ਕਿ 2001 'ਚ ਘਟ ਕੇ 927 ਰਹਿ ਗਈ ਤੇ 2011 'ਚ ਇਹ ਅੰਕੜਾ 914 ਤੱਕ ਹੀ ਸੀਮਤ ਹੋ ਗਿਆ। ਜਦਕਿ 2011 ਦੇ ਰਾਜ ਪੱਧਰੀ ਅੰਕੜਿਆਂ ਦੌਰਾਨ ਪੰਜਾਬ ਤੇ ਚੰਡੀਗੜ੍ਹ 'ਚ ਇਹ ਅੰਕੜਾ 867, ਹਰਿਆਣੇ 'ਚ 830, ਹਿਮਾਚਲ ਪ੍ਰਦੇਸ਼ 'ਚ 906 ਤੇ ਜੰਮੂ ਕਸ਼ਮੀਰ 'ਚ 859 ਰਿਕਾਰਡ ਕੀਤਾ ਗਿਆ ਹੈ। ਸੰਸਾਰ ਬੈਂਕ ਦੇ ਅਨੁਮਾਨ ਅਨੁਸਾਰ 2031 ਤੱਕ ਇਹ ਅਨੁਪਾਤ 900 ਤੋਂ ਵੀ ਘੱਟ ਸਕਦਾ ਹੈ।
ਭਾਰਤ ਦੇ 43.53 ਲੱਖ ਬੱਚੇ ਕਰਦੇ ਨੇ ਮਜ਼ਦੂਰੀ 
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਸੰਸਾਰ ਭਰ 'ਚ 130 ਮਿਲੀਅਨ ਬੱਚੇ ਸਕੂਲ ਨਹੀਂ ਜਾਂਦੇ, ਜਿਨ੍ਹਾਂ 'ਚ 60 ਫੀਸਦੀ ਕੁੜੀਆਂ ਸ਼ਾਮਲ ਹਨ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੀ ਰਿਪੋਰਟ ਅਨੁਸਾਰ 215 ਮਿਲੀਅਨ ਬੱਚੇ ਸੰਸਾਰ ਭਰ 'ਚ ਮਜ਼ਦੂਰੀ ਕਰਦੇ ਹਨ, ਜਿਸ ਤਹਿਤ 43.53 ਲੱਖ ਬੱਚੇ ਇਕੱਲੇ ਭਾਰਤ 'ਚ ਰਿਕਾਰਡ ਕੀਤੇ ਗਏ ਹਨ। ਇਨ੍ਹਾਂ 'ਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੈ। ਦਿੱਲੀ ਦੀ ਇਕ ਗੈਰ-ਸਰਕਾਰੀ ਸੰਸਥਾ ਵੱਲੋਂ 357 ਸਕੂਲਾਂ ਦੇ ਕਰਵਾਏ ਇਕ ਸਰਵੇ ਦੌਰਾਨ 63 ਫੀਸਦੀ ਕੁੜੀਆਂ ਨੇ ਆਪਣੇ ਨਾਲ ਗੰਭੀਰ ਸਰੀਰਕ ਸ਼ੋਸ਼ਣ ਤੇ ਜਬਰ-ਜ਼ਨਾਹ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ, ਜਦਕਿ 29 ਫੀਸਦੀ ਲੜਕੀਆਂ ਨਾਲ ਜਿਸਮਾਨੀ ਛੇੜਛਾੜ ਹੋਈ ਹੈ। ਇਨ੍ਹਾਂ ਸਰਵੇਖਣਾਂ ਅਨੁਸਾਰ 106 ਔਰਤਾਂ ਤੇ ਕੁੜੀਆਂ ਹਰ ਰੋਜ਼ ਜਬਰ-ਜ਼ਨਾਹ ਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਹਨ, ਜਿਨ੍ਹਾਂ 'ਚ ਬਹੁ ਫੀਸਦੀ ਹਿੱਸਾ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਦਾ ਰਿਕਾਰਡ ਕੀਤਾ ਗਿਆ ਹੈ।
PunjabKesari
ਸੱਭਿਆਚਾਰ ਦੇ ਨਾਂ 'ਤੇ ਕੁੜੀਆਂ ਦੀ ਬੇਪਤੀ
ਪੰਜਾਬ ਵਰਗਾ ਗੌਰਵਮਈ ਸੂਬਾ ਅੱਜ ਜਿੱਥੇ ਭਰੂਣ ਹੱਤਿਆਵਾਂ ਤੇ ਤੇਜ਼ਾਬੀ ਹਮਲਿਆਂ ਨੂੰ ਲੈ ਕੇ ਕੁੜੀਆਂ ਲਈ ਖੌਫ ਵਾਲਾ ਖਿੱਤਾ ਬਣਿਆ ਹੋਇਆ ਹੈ, ਉਥੇ ਇਸ ਸੂਬੇ 'ਚ ਮਾਂ ਬੋਲੀ ਤੇ ਸੱਭਿਆਚਾਰ ਦੇ ਪਰਦੇ ਹੇਠ ਆਪਣੀ ਮਿੱਟੀ ਦੀਆਂ ਜਾਈਆਂ ਦੀ ਚੁੰਨੀ ਲੀਰੋ ਲੀਰ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪੰਜਾਬ ਦੇ 95 ਫੀਸਦੀ ਬੇਸੁਰੇ ਗਾਇਕ ਫੋਕੀ ਵਡਿਆਈ ਤੇ ਰਾਤੋਂ-ਰਾਤ ਸਟਾਰ ਬਣਨ ਦੇ ਲਾਲਚਵੱਸ ਕੁੜੀਆਂ ਨੂੰ ਲੱਚਰ ਗਾਇਕੀ ਦਾ ਸ਼ਿਕਾਰ ਬਣਾ ਰਹੇ ਹਨ। ਸੈਂਸਰ ਬੋਰਡ ਤੇ ਸੱਭਿਆਚਾਰਕ ਵਿਭਾਗ ਦੀ ਇਨ੍ਹਾਂ ਗਾਇਕਾਂ ਖਿਲਾਫ ਕੋਈ ਠੋਸ ਨੀਤੀ ਨਾ ਹੋਣ ਕਾਰਨ ਇਹ ਕੁੜੀਆਂ ਦੀ ਆਬਰੂ ਦਾ ਖੂਬ ਜਨਾਜ਼ਾ ਕੱਢਦੇ ਹਨ। 


Related News