ਬਰਖਾਸਤ ਹੌਲਦਾਰ ਖਿਲਾਫ ਮਾਮਲਾ ਦਰਜ
Wednesday, Jul 25, 2018 - 01:50 AM (IST)
ਮੋਗਾ, (ਅਾਜ਼ਾਦ)- ਵਿਜੀਲੈਂਸ ਬਿਊਰੋ ਮੋਗਾ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੰਜਾਬ ਪੁਲਸ ਦੇ ਬਰਖਾਸਤ ਹੌਲਦਾਰ ਗੁਰਿੰਦਰ ਸਿੰਘ ਖਿਲਾਫ 45 ਹਜ਼ਾਰ ਰੁਪਏ ਹਡ਼ੱਪਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜੋ ਉਸ ਨੇ ਚੋਰੀ ਦਾ ਝੂਠਾ ਮਾਮਲਾ ਦਰਜ ਕਰਵਾਉਣ ਲਈ ਲਏ ਸਨ।
ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਪੁੱਤਰ ਖਾਣ ਚੰਦ ਨਿਵਾਸੀ ਕੋਟ ਈਸੇ ਖਾਂ ਮੋਗਾ ਨੇ ਵਿਜੀਲੈਂਸ ਬਿਊਰੋ ਦੇ ਟੋਲ ਫ੍ਰੀ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਭਤੀਜੇ ਕਰਨ ਕੁਮਾਰ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਕੋਟ ਈਸੇ ਖਾਂ ਦਾ ਵਿਆਹ 25 ਨਵੰਬਰ 2016 ਨੂੰ ਰੀਟਾ ਰਾਣੀ ਨਿਵਾਸੀ ਸੁੰਦਰ ਨਗਰ ਕੋਟ ਈਸੇ ਖਾਂ ਨਾਲ ਹੋਇਆ ਸੀ, ਉਹ ਇਕ ਮਹੀਨਾ ਰਹਿਣ ਤੋਂ ਬਾਅਦ ਘਰ ’ਚੋਂ ਸਾਰਾ ਦਾਜ ਦਾ ਸਾਮਾਨ ਅਤੇ ਸੋਨੇ ਦੇ ਗਹਿਣੇ ਲੈ ਕੇ ਚਲੀ ਗਈ, ਜਿਸ ’ਤੇ ਅਸੀਂ ਮਈ 2017 ’ਚ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ, ਜਿਸ ਦੀ ਜਾਂਚ ਵੂਮੈਨ ਸੈੱਲ ਮੋਗਾ ਵੱਲੋਂ ਕੀਤੀ ਜਾ ਰਹੀ ਸੀ। ਇਸ ਦੌਰਾਨ ਮੈਨੂੰ ਅਤੇ ਮੇਰੇ ਦੋਸਤ ਸੋਨੂੰ ਸ਼ਰਮਾ ਨਿਵਾਸੀ ਕੋਟ ਈਸੇ ਖਾਂ ਨੂੰ ਕਥਿਤ ਦੋਸ਼ੀ ਬਰਖਾਸਤ ਹੌਲਦਾਰ ਗੁਰਿੰਦਰ ਸਿੰਘ ਮਿਲਿਆ ਅਤੇ ਕਿਹਾ ਕਿ ਉਹ ਐੱਸ. ਐੱਸ. ਪੀ. ਮੋਗਾ ਦਾ ਰੀਡਰ ਲੱਗਿਆ ਹੋਇਆ ਹੈ, ਉਹ ਲਡ਼ਕੀ ਖਿਲਾਫ ਚੋਰੀ ਦਾ ਮਾਮਲਾ ਦਰਜ ਕਰਵਾ ਦੇਵੇਗਾ। ਉਸ ਨੇ ਉੱਚ ਅਧਿਕਾਰੀਆਂ ਦੇ ਨਾਂ ’ਤੇ ਇਕ ਲੱਖ ਰੁਪਏ ਦੀ ਮੰਗ ਕੀਤੀ, ਜਿਸ ’ਤੇ ਸਾਡੀ 80 ਹਜ਼ਾਰ ਰੁਪਏ ’ਚ ਗੱਲਬਾਤ ਤੈਅ ਹੋਈ ਅਤੇ ਅਸੀਂ ਝਤਰੇ ਰੋਡ ’ਤੇ ਬਰਖਾਸਤ ਹੌਲਦਾਰ ਗੁਰਿੰਦਰ ਨੂੰ ਉਸ ਦੀ ਗੱਡੀ ’ਚ ਬੈਠ ਕੇ 45 ਹਜ਼ਾਰ ਰੁਪਏ ਦੇ ਦਿੱਤੇ ਪਰ ਉੁਹ ਬਾਅਦ ਵਿਚ ਟਾਲ-ਮਟੋਲ ਕਰਨ ਲੱਗਾ, ਅਸੀਂ ਕਿਹਾ ਕਿ ਅਸੀਂ ਮਾਮਲਾ ਦਰਜ ਨਹੀਂ ਕਰਵਾਉਣਾ ਸਾਡੇ ਪੈਸੇ ਵਾਪਸ ਕਰ ਦਿੱਤੇ ਜਾਣ। ਉਸ ਨੇ ਸਾਨੂੰ 10 ਜੁਲਾਈ, 2017 ਨੂੰ ਐਕਸਿਸ ਬੈਂਕ ਬਾਘਾਪੁਰਾਣਾ ਦਾ ਚੈੱਕ ਦੇ ਦਿੱਤਾ ਪਰ ਬੈਂਕ ਖਾਤਾ ਬੰਦ ਹੋਣ ਕਾਰਨ ਉਕਤ ਚੈੱਕ ਕੈਸ਼ ਨਹੀਂ ਹੋਇਆ। ਇਸ ਤਰ੍ਹਾਂ ਅਸੀਂ ਕਈ ਵਾਰ ਉਸ ਨਾਲ ਗੱਲਬਾਤ ਕੀਤੀ ਤਾਂ ਉਹ ਸਾਨੂੰ ਕਹਿਣ ਲੱਗਾ ਕਿ ਮੇਰੇ ਖਾਤੇ ’ਚ ਇਕ ਲੱਖ 18 ਹਜ਼ਾਰ ਰੁਪਏ ਆਉਣੇ ਹਨ ਤੁਸੀਂ ਬਾਅਦ ਵਿਚ ਚੈੱਕ ਲਾ ਦੇਣਾ ਪਰ ਫਿਰ ਵੀ ਪੈਸੇ ਨਹੀਂ ਆਏ।
ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ, ਜਿਸ ਨੇ ਕਈ ਵਾਰ ਕਥਿਤ ਦੋਸ਼ੀ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਪਰ ਉਹ ਨਹੀਂ ਆਇਆ। ਜਾਂਚ ਸਮੇਂ ਇਹ ਵੀ ਪਤਾ ਲੱਗਾ ਕਿ ਕਥਿਤ ਦੋਸ਼ੀ ਬਰਖਾਸਤ ਹੌਲਦਾਰ ਗੁਰਿੰਦਰ ਸਿੰਘ ਖਿਲਾਫ ਥਾਣਾ ਸਿਟੀ ਮੋਗਾ ਵਿਚ 1 ਅਕਤੂਬਰ, 2017 ਨੂੰ ਧੋਖਾਦੇਹੀ ਦਾ ਮਾਮਲਾ ਦਰਜ ਹੈ। ਜਾਂਚ ਅਧਿਕਾਰੀ ਨੇ ਜਾਂਚ ਰਿਪੋਰਟ ਜੁਆਇੰਟ ਡਾਇਰੈਕਟਰ ਵਿਜੀਲੈਂਸ ਬਿਊਰੋ ਚੰਡੀਗਡ਼੍ਹ ਨੂੰ ਅਗਲੇਰੀ ਕਾਰਵਾਈ ਲਈ ਭੇਜੀ। ਜ਼ਿਲਾ ਪੁਲਸ ਮੁਖੀ ਮੋਗਾ ਦੇ ਹੁਕਮਾਂ ’ਤੇ ਕਥਿਤ ਦੋੋਸ਼ੀ ਬਰਖਾਸਤ ਹੌਲਦਾਰ ਗੁਰਿੰਦਰ ਸਿੰਘ ਖਿਲਾਫ ਥਾਣਾ ਸਿਟੀ ਮੋਗਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਮਾਮਲੇ ਦੀ ਅਗਲੇਰੀ ਜਾਂਚ ਹੌਲਦਾਰ ਹਰਮੇਸ਼ ਲਾਲ ਵੱਲੋਂ ਕੀਤੀ ਜਾ ਰਹੀ ਹੈ।
