ਨਵਜੋਤ ਸਿੰਘ ਸਿੱਧੂ ਨੇ ਕੇਸ਼ੋਪੁਰ ਛੰਭ ਵਿਖੇ 5 ਕਰੋੜ ਨਾਲ ਬਣੇ ਵਿਆਖਿਆ ਕੇਂਦਰ ਦਾ ਕੀਤਾ ਉਦਘਾਟਨ

Monday, Jan 29, 2018 - 05:06 PM (IST)

ਗੁਰਦਾਸਪੁਰ (ਦੀਪਕ) - ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਕੇਸ਼ੋਪੁਰ ਛੰਭ ਵਿਖੇ ਆਉਂਦੇ ਪ੍ਰਵਾਸੀਆਂ ਪੰਛੀਆਂ ਦਾ ਮੇਲਾ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪ੍ਰਵਾਸੀ ਪੰਛੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਹੈ, ਜਿਸ ਦਾ ਸਬੂਤ ਹੈ ਕਿ ਇਥੇ ਕੇਸ਼ੋਪੁਰ ਛੰਭ ਵਿਖੇ ਹਰ ਸਾਲ 25-30 ਹਜ਼ਾਰ ਪ੍ਰਵਾਸੀ ਪੰਛੀ ਅਤੇ ਹਰੀਕੇ ਪੱਤਣ ਵਿਖੇ 70 ਹਜ਼ਾਰ ਤੋਂ ਵੱਧ ਪ੍ਰਵਾਸੀ ਪੰਛੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ 'ਚ ਅਜਿਹੀਆਂ ਜਲਗਾਹਾਂ (ਵੈਟਲੈਂਡਜ਼) ਹਨ, ਜਿੱਥੇ ਪੰਜਾਬ ਨਾਲੋਂ ਘੱਟ ਪ੍ਰਵਾਸੀ ਪੰਛੀ ਆਉਂਦੇ ਹਨ ਪਰ ਉਨ੍ਹਾਂ ਵੱਲੋਂ ਇਨ੍ਹਾਂ ਖੇਤਰਾਂ ਨੂੰ ਸੈਲਾਨੀ ਕੇਂਦਰਾਂ ਵਜੋਂ ਵੱਧ ਮਕਬੂਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸੈਰ ਸਪਾਟਾ ਲਈ ਅਥਾਹ ਸਮਰੱਥਾ ਹੈ ਜਿਸ ਨੂੰ ਵਰਤਿਆ ਨਹੀਂ ਗਿਆ ਅਤੇ ਹੁਣ ਵਿਭਾਗ ਦੀ ਇਹੋ ਕੋਸ਼ਿਸ਼ ਹੈ ਕਿ ਸੈਰ ਸਪਾਟਾ ਲਈ ਮੌਜੂਦ ਅਸੀਮ ਸੰਭਾਵਨਾਵਾਂ ਨੂੰ ਸੈਲਾਨੀਆਂ ਲਈ ਵਰਤਿਆ ਜਾਵੇ।
ਸਿੱਧੂ ਨੇ ਕਿਹਾ ਕਿ ਪੰਜਾਬ 'ਚ ਸੈਰ ਸਪਾਟਾ ਨੂੰ ਹੁਲਾਰਾ ਦੇਣ ਲਈ ਜਿੱਥੇ ਇਤਿਹਾਸਕ, ਧਾਰਮਿਕ, ਵਿਰਾਸਤੀ ਸੈਲਾਨੀਆਂ ਲਈ ਸਰਕਟ ਬਣਾਏ ਜਾ ਰਹੇ ਹਨ ਉਥੇ ਕੁਦਰਤ ਅਤੇ ਪੰਛੀ ਪ੍ਰੇਮੀਆਂ ਨੂੰ ਪੰਜਾਬ ਅੰਦਰ ਖਿੱਚਣ ਲਈ 'ਵੈਟਲੈਂਡ ਸਰਕਟ' ਬਣਾਇਆ ਜਾਵੇਗਾ, ਜਿਸ 'ਚ ਸਾਰੀਆਂ ਜਲਗਾਹਾਂ ਨੂੰ ਸੈਲਾਨੀਆਂ ਲਈ ਖਿੱਚ ਭਰਪੂਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਰਕਟ ਨਾਲ ਟੂਰ ਅਪਰੇਟਰਾਂ ਅਤੇ ਸੈਲਾਨੀਆਂ ਨੂੰ ਜੋੜਿਆ ਜਾਵੇਗਾ ਤਾਂ ਜੋ ਪੰਜਾਬ ਅੰਦਰ ਸਥਿਤ ਜਲਗਾਹਾਂ ਸੈਲਾਨੀ ਕੇਂਦਰ ਵਜੋਂ ਵਿਕਸਤ ਹੋ ਜਾਣ। ਇਨ੍ਹਾਂ ਜਲਗਾਹਾਂ 'ਤੇ ਸੈਲਾਨੀਆਂ ਲਈ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਸਥਾਪਤ ਕੀਤੀਆਂ ਜਾਣਗੀਆਂ।
ਸਿੱਧੂ ਨੇ ਐਲਾਨ ਕੀਤਾ ਕਿ ਅਗਲੇ ਸਾਲ ਜਲਗਾਹਾਂ 'ਤੇ ਵਿਸ਼ਵ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਲਈ ਡਿਸਕਵਰੀ, ਨੈਸ਼ਨਲ ਜੌਗਰਫਿਕ, ਐਨੀਮਲ ਪਲੈਨਟ ਆਦਿ ਪ੍ਰਮੁੱਖ ਚੈਨਲਾਂ ਦੇ ਚੋਟੀ ਦੇ ਜੰਗਲੀ ਜੀਵ ਫੋਟੋਗ੍ਰਾਫਰਾਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਭ ਵਿਖੇ ਜੰਗਲੀ ਜੀਵ ਫੋਟੋਗ੍ਰਾਫਰਾਂ ਅਤੇ ਪੰਛੀ ਪ੍ਰੇਮੀ ਸੈਲਾਨੀਆਂ ਲਈ ਵਾਤਾਵਰਣ ਅਨੁਸਾਰ (ਈਕੋ ਫਰੈਂਡਲੀ) ਟਾਵਰ ਲਗਾਏ ਜਾਣਗੇ, ਜਿਸ ਨਾਲ ਪੰਛੀਆਂ ਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ ਅਤੇ ਪ੍ਰਵਾਸੀ ਪੰਛੀਆਂ ਦੀ ਫੋਟੋਗ੍ਰਾਫੀ ਵੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾਂ ਪੰਜਾਬ ਦੀਆਂ ਜਲਗਾਹਾਂ ਨੂੰ ਸੈਰ ਸਪਾਟਾ ਦੇ ਨਕਸ਼ੇ ਉਪਰ ਲੈ ਕੇ ਆਉਣਾ ਹੈ, ਜਿਸ ਲਈ ਸੈਲਾਨੀਆਂ ਅਨੁਸਾਰ ਮਾਹੌਲ ਸਿਰਜਿਆ ਜਾਵੇਗਾ ਤੇ ਅਗਲੇ ਸਾਲ ਤੱਕ ਸੈਲਾਨੀਆਂ ਦੇ ਠਹਿਰਨ ਲਈ ਆਰਜ਼ੀ ਟੈਂਟਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਨਾਲ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿਖੇ ਜਾਣ ਵਾਲੇ ਸੈਲਾਨੀਆਂ ਲਈ ਜਲਗਾਹਾਂ ਨੂੰ ਠਹਿਰ ਬਣਾਇਆ ਜਾਵੇ।
ਸਿੱਧੂ ਨੇ ਸੋਮਵਾਰ ਕੇਸ਼ੋਪੁਰ ਛੰਭ ਵਿਖੇ ਸੈਲਾਨੀਆਂ ਦੀ ਸਹਾਇਤਾ ਲਈ 5 ਕਰੋੜ ਰੁਪਏ ਦੀ ਲਾਗਤ ਦੇ ਬਣੇ ਵਿਆਖਿਆ ਕੇਂਦਰ ਦਾ ਵੀ ਉਦਘਾਟਨ ਕੀਤਾ। ਇਹ ਕੇਂਦਰ ਸੈਲਾਨੀਆਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਜਿਸ ਨਾਲ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਗੁਰਦਾਸਪੁਰ ਤੋਂ ਕੇਸ਼ੋਪੁਰ ਛੰਭ ਨੂੰ ਜਾਂਦੀ ਸੜਕ ਲਈ 3 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ, ਮਨੀਪੁਰ ਤੋਂ ਬਾਅਦ ਦੂਜਾ ਸੂਬਾ ਹੈ ਜਿਸ ਨੇ ਸੱਭਿਆਚਾਰਕ ਨੀਤੀ ਬਣਾਈ ਹੈ। ਇਸ ਤੋਂ ਬਾਅਦ ਹੁਣ ਸੈਰ ਸਪਾਟਾ ਨੀਤੀ ਬਣਾਈ ਜਾ ਰਹੀ ਹੈ ਤੇ ''ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੀ ਪੀੜੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਿਆ ਜਾਵੇ ਅਤੇ ਸੱਭਿਆਚਾਰ ਤੋਂ ਰੋਜ਼ਗਾਰ ਰਾਹੀਂ ਨੌਕਰੀ ਦੇ ਵਸੀਲੇ ਪੈਦਾ ਕੀਤੇ ਜਾਣ। ਸਿੱਧੂ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਤੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਸੈਰ-ਸਪਟਾ ਵਿਭਾਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸੈਰ ਸਪਾਟਾ ਵਿਭਾਗ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਵੇਗਾ। 
ਸਿੱਧੂ ਨੇ ਕੈਸ਼ੋਪੁਰ ਛੰਬ ਲਈ 850 ਏਕੜ ਜ਼ਮੀਨ ਦੇਣ ਵਾਲੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦਾਸਪੁਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਸਮੂਹਿਕ ਸਹਿਯੋਗ ਨਾਲ ਇਸ ਛੰਬ ਨੂੰ ਪ੍ਰਫੁਲਿਤ ਕੀਤਾ ਜਾਵੇਗੀ। 
ਇਸ ਮੌਕੇ ਸਿੱਧੂ ਨੇ ਕੈਸ਼ੋਪੁਰ ਛੰਭ ਵਿਖੇ ਬਣੇ ਕੰਪਲੈਕਸ ਨੂੰ ਫਾਰਸਟ ਵਾਈਲਡ ਲਾਈਫ ਨੂੰ ਸੌਂਪਿਆਂ ਤੇ ਚਾਬੀ ਭੇਂਟ ਕੀਤੀ। ਸੈਰ ਸਪਾਟਾ ਵਿਭਾਗਾਂ ਵਲੋਂ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਛਪੀਆਂ ਕਿਤਾਬਾਂ ਵੀ ਸਿੱਧੂ ਵਲੋਂ ਰਿਲੀਜ਼ ਕੀਤੀਆਂ। ਇਸ ਤੋਂ ਪਹਿਲਾਂ ਉਨਾਂ ਕੈਸ਼ੋਪੁਰ ਛੰਬ ਦਾ ਦੌਰਾ ਕਰਕੇ ਪ੍ਰਵਾਸੀ ਪੰਛੀਆਂ ਨੂੰ ਵੀ ਦੇਖਿਆ। ਉਨ੍ਹਾਂ ਸੈਲਫ ਹੈਲਪ ਗਰੁੱਪ ਵਲੋਂ ਤਿਆਰ ਕੀਤੀਆਂ ਘਰੇਲੂ ਵਸਤਾਂ ਦੀ ਪ੍ਰਦਰਸ਼ਨੀ ਵੇਖੀ ਤੇ ਕਲਾ ਦੀ ਤਾਰੀਫ ਕੀਤੀ। ਇਸ ਉਪਰੰਤ ਉਨ੍ਹਾਂ ਪੂਰੇ ਕੰਪਲੈਕਸ ਦਾ ਦੋਰਾ ਕੀਤਾ।
ਇਸ ਮੌਕੇ ਅਸ਼ਵਨੀ ਸੇਖੜੀ ਸਾਬਕਾ ਵਜ਼ੀਰ ਪੰਜਾਬ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕੈਬਨਿਟ ਮੰਤਰੀ ਸਿੱਧੂ ਅੱਜ ਕੈਸ਼ੋਪੁਰ ਛੰਭ ਦਾ ਦੌਰਾ ਕਰਨ ਆਏ ਹਨ ਅਤੇ ਉਨ੍ਹਾਂ ਦੀ ਬਦੌਲਤ ਇਸ ਨਾਯਾਬ ਕੁਦਰਤੀ ਤੋਹਫੇ ਨੂੰ ਪ੍ਰਫੁੱਲਿਤ ਕਰਨ ਵਿਚ ਮਦਦ ਮਿਲੀ ਹੈ ਤੇ ਲੋਕਾਂ ਨੂੰ ਇਹ ਖੂਬਸੂਰਤ ਕੰਪਲੈਕਸ ਵੇਖਣ ਦਾ ਮੌਕਾ ਮਿਲਿਆ ਹੈ। 
ਹਲਕਾ ਵਿਧਾਇਕ ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਕੈਸ਼ੋਪੁਰ ਛੰਬ ਦੇ ਵਿਸਥਾਰ ਨਾਲ ਗੁਰਦਾਸਪੁਰ ਅੰਦਰ ਸੈਲਾਨੀਆਂ ਦੀ ਆਮਦ ਨੂੰ ਹੁਲਾਰਾ ਮਿਲੇਗਾ ਅਤੇ ਇਥੇ ਸੈਰ ਸਪਾਟਾ ਵਧਣ ਨਾਲ ਸ਼ਹਿਰ ਵਾਸੀਆਂ ਨੂੰ ਆਰਥਿਕ ਤੌਰ ਤੇ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਯਤਨਾਂ ਸਦਕਾ ਸੈਰ ਸਪਾਟਾ ਵਿਭਾਗ ਨਵੀਆਂ ਸਿਖਰਾ ਨੂੰ ਛੂਹ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਸਿੱਧੂ ਦੀ ਰਹਿਨਮਾਈ ਹੇਠ ਪੰਜਾਬ ਦੇ ਅਮੀਰ ਵਿਰਸੇ ਨੂੰ ਸਾਂਭਣ ਤੇ ਪ੍ਰਫੁੱਲਿਤ ਕਰਨ 'ਚ ਕੋਈ ਕਮੀ ਨਹੀਂ ਰਹੇਗੀ।
ਇਸ ਮੌਕੇ ਵਿਕਾਸ ਪ੍ਰਤਾਪ ਸਕੱਤਰ ਸੈਰ ਸਪਾਟਾ ਵਿਭਾਗ, ਸ਼ਿਵਦੁਲਾਰ ਸਿੰਘ ਢਿੱਲੋਂ ਡਾਇਰੈਕਟਰ ਸੈਰ ਸਪਾਟਾ ਵਿਭਾਗ, ਕੁਲਦੀਪ ਕੁਮਾਰ ਪ੍ਰਿੰਸੀਪਲ ਚੀਫ ਕੰਜਰਵੈਟਰ ਫਾਰਸਟ ਵਾਈਲਡ ਲਾਈਫ, ਬਸੰਤ ਕੁਮਾਰ, ਸਕੱਤਰ ਸਿੰਘ ਬੱਲ ਐੱਸ.ਡੀ.ਐੱਮ ਗੁਰਦਾਸਪੁਰ, ਕੇ.ਐਲ. ਮਲਹੋਤਰਾ ਐੱਸ.ਸੀ ਐੱਫ, ਤਹਿਸੀਲਦਾਰ ਨਵਤੇਜ ਸਿੰਘ ਸੋਢੀ ਤੇ ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। 


Related News