ਮੁਗ਼ਲ ਸੂਬੇਦਾਰ ਅਦੀਨਾਬੇਗ ਵੱਲੋਂ ਵਸਾਏ ਗਏ ਸ਼ਹਿਰ ਅਦੀਨਾਨਗਰ ਤੋਂ ਬਣੇ ਦੀਨਾਨਗਰ ਬਾਰੇ ਜਾਣੋ ਕੁਝ ਰੌਚਕ ਤੱਥ

Friday, Nov 29, 2024 - 05:34 AM (IST)

ਮੁਗ਼ਲ ਸੂਬੇਦਾਰ ਅਦੀਨਾਬੇਗ ਵੱਲੋਂ ਵਸਾਏ ਗਏ ਸ਼ਹਿਰ ਅਦੀਨਾਨਗਰ ਤੋਂ ਬਣੇ ਦੀਨਾਨਗਰ ਬਾਰੇ ਜਾਣੋ ਕੁਝ ਰੌਚਕ ਤੱਥ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਗੁਰਦਾਸਪੁਰ ਜ਼ਿਲ੍ਹੇ ਦਾ ਸ਼ਹਿਰ ਦੀਨਾਨਗਰ ਇਤਿਹਾਸ ਵਿੱਚ ਇਕ ਖਾਸ ਮਹੱਤਵ ਰੱਖਦਾ ਹੈ। ਮੁਗਲ ਸੂਬੇਦਾਰ ਅਦੀਨਬੇਗ ਵੱਲੋਂ 1730 ਚ ਵਸਾਏ ਸ਼ਹਿਰ ਦੀਨਾਨਗਰ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਚ ਰਲੇਵੇਂ ਵੇਲੇ ਸਦਰ ਮੁਕਾਮ ਬੰਨਣ ਤੋਂ ਪਹਿਲਾਂ ਸਰਕਾਰ ਏ ਖਾਲਸਾ ਦੀ ਗਰਮੀਆਂ ਦੀ ਰਾਜਧਾਨੀ ਹੋਣ ਦਾ ਮਾਣ ਵੀ ਹਾਸਲ ਰਿਹਾ ਹੈ। ਕਰੀਬ ਤਿੰਨ ਸਦੀਆਂ ਨੂੰ ਢੁਕੇ ਇਸ ਸ਼ਹਿਰ ਨੇ ਆਪਣੀ ਬੁਨਿਆਦ ਤੋਂ ਲੈ ਕੇ ਹੁਣ ਤੱਕ ਕਈ ਉਤਰਾਅ-ਚੜਾਅ ਦੇਖੇ ਹਨ ਅਤੇ ਇਹ ਸ਼ਹਿਰ ਕਈ ਅਹਿਮ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ।

1730 ਵਿੱਚ ਪੰਜਾਬੀ ਪੁੱਤਰ ਮੁਗਲ ਸੂਬੇਦਾਰ ਅਦੀਨਾਬੇਗ ਖਾਨ ਦਾ ਵਿਸਾਇਆ ਸ਼ਹਿਰ ਦੀਨਾਨਗਰ, ਜਿਸਦਾ ਸ਼ੁਰੂਆਤੀ ਨਾਂ ਮੁਗਲ ਸੂਬੇਦਾਰ ਅਦੀਨਾਬੇਗ ਦੇ ਨਾਂ ਉੱਤੇ ਅਦੀਨਾਨਗਰ ਰੱਖਿਆ ਗਿਆ ਸੀ, ਜੋ ਹੌਲੀ ਹੌਲੀ ਅਦੀਨਾਨਗਰ ਤੋਂ ਦੀਨਾਨਗਰ ਬਣ ਗਿਆ। 6 ਉੱਚੇ ਤੇ ਖੁੱਲੇ-ਡੁੱਲੇ ਦਰਵਾਜਿਆਂ ਅਤੇ ਮਜ਼ਬੂਤ ਚਾਰਦੀਵਾਰੀ ਨਾਲ ਸੁਰੱਖਿਅਤ ਇਸ ਸ਼ਹਿਰ ਦੀ ਵਿਉਂਤਬੰਦੀ ਵੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਮੁਗਲ ਸੂਬੇਦਾਰ ਅਦੀਨਾਬੇਗ ਖਾਨ ਇੱਥੋਂ ਹੀ ਅਪਣਾ ਸਾਰਾ ਸ਼ਾਸ਼ਨ ਚਲਾਇਆ ਕਰਦੇ ਸਨ। 

PunjabKesari

ਮੁਗਲ ਹਕੂਮਤ ਵੇਲੇ ਵਸਾਏ ਗਏ ਸ਼ਹਿਰ ਦੀਨਾਨਗਰ ਅੰਦਰ ਦਾਖਲ ਹੋਣ ਲਈ 6 ਦਰਵਾਜੇ ਬਣਾਏ ਗਏ ਸਨ, ਤਾਰਾਗੜੀ ਦਰਵਾਜਾ, ਆਵਿਆਂ ਵਾਲਾ ਦਰਵਾਜਾ, ਅਵਾਂਖੀ ਦਰਵਾਜਾ, ਪਨਿਆੜੀ ਦਰਵਾਜਾ, ਮਗਰਾਲੀ ਦਰਵਾਜਾ ਅਤੇ ਮੜੀਆਂਵਾਲਾ ਦਰਵਾਜਾ। ਜਿਨ੍ਹਾਂ ਵਿੱਚੋਂ ਤਾਰਾਗੜੀ ਦਰਵਾਜੇ ਨੂੰ ਛੱਡ ਕੇ 5 ਦਰਵਾਜੇ ਅੱਜ ਵੀ ਮੌਜੂਦ ਹਨ ਪਰ ਇਹਨਾਂ ਪੰਜ ਦਰਵਾਜਿਆਂ ਚੋਂ ਵੀ ਸਿਰਫ ਇਕ ਮਗਰਾਲੀ ਦਰਵਾਜਾ ਹੀ ਆਪਣੇ ਅਸਲ ਰੂਪ ਵਿੱਚ ਬਚਿਆ ਹੈ ਜਦੋਂਕਿ ਬਾਕੀ ਚਾਰ ਦਰਵਾਜਿਆਂ ਨੂੰ ਨਵੀਂ ਦਿੱਖ ਦੇ ਦਿੱਤੀ ਜਾ ਚੁੱਕੀ ਹੈ। 

ਅਦੀਨਾਨਗਰ ਸ਼ਹਿਰ ਨੂੰ ਜਦੋਂ 1739 ਵਿੱਚ ਮੁਗਲ ਸੂਬੇਦਾਰ ਅਦੀਨਾਬੇਗ ਖਾਨ ਨੇ ਵਸਾਇਆ ਸੀ ਤਾਂ ਉਸ ਸਮੇਂ ਇਸ ਸ਼ਹਿਰ ਵਿੱਚ ਮੁਸਲਿਮ ਅਬਾਦੀ ਸਭ ਤੋਂ ਜ਼ਿਆਦਾ ਸੀ। ਸ਼ਹਿਰ ਦੇ ਮੁਹੱਲਿਆਂ ਵਿੱਚ ਮਸੀਤਾਂ ਅਤੇ ਖੂਹ ਬਣਾਏ ਗਏ ਸਨ ਅਤੇ ਬਹੁਤ ਸਾਰੇ ਮੁਹੱਲੇ ਮੁਸਲਿਮ ਬਹੁਲਤਾ ਦੇ ਸਨ। ਜਦੋਂ ਸੰਨ 1947 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਟਵਾਰਾ ਹੋਇਆ ਤਾਂ ਇਥੋਂ ਦੀ ਸਾਰੀ ਮੁਸਲਿਮ ਅਬਾਦੀ ਪਾਕਿਸਤਾਨ ਚਲੀ ਗਈ ਅਤੇ ਪਾਕਿਸਤਾਨ ਤੋਂ ਆਈ ਹਿੰਦੂ ਅਬਾਦੀ ਨੂੰ ਇਸ ਸ਼ਹਿਰ ਵਿੱਚ ਵਸਾਇਆ ਗਿਆ। ਹੁਣ ਸੰਨ 1947 ਤੋਂ ਬਾਅਦ ਅਦੀਨਾਨਗਰ ਹਿੰਦੂ ਬਹੁ ਅਬਾਦੀ ਦਾ ਸ਼ਹਿਰ ਦੀਨਾਨਗਰ ਬਣ ਚੁਕਿਆ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼, ਕੀਤੀ ਕੋਤਾਹੀ ਤਾਂ ਭੁਗਤਣਾ ਪਵੇਗਾ ਅੰਜਾਮ

ਮੁਗਲ ਹਕੂਮਤ ਮਗਰੋਂ ਜਦੋਂ ਸਿੱਖ ਮਿਸਲਾਂ ਦਾ ਦੌਰ ਆਇਆ ਤਾਂ ਅਦੀਨਾਨਗਰ ਸ਼ਹਿਰ ਕਨ੍ਹਈਆ ਮਿਸਲ ਦੇ ਅਧੀਨ ਆ ਗਿਆ। ਸੰਨ 1811 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਨ੍ਹਈਆ ਮਿਸਲ ਦੇ ਇਲਾਕੇ ਅਦੀਨਾਨਗਰ ਸ਼ਹਿਰ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਸਰਕਾਰ ਏ ਖ਼ਾਲਸਾ ਦੇ ਰਾਜ ਦੌਰਾਨ ਅਦੀਨਾਨਗਰ ਦੀ ਸ਼ਾਨ ਵਿੱਚ ਬਹੁਤ ਵਾਧਾ ਹੋਇਆ। ਮਹਾਰਾਜਾ ਰਣਜੀਤ ਸਿੰਘ ਨੂੰ ਅੰਬਾਂ ਦੇ ਬਾਗਾਂ ਨਾਲ ਘਿਰੇ ਸ਼ਹਿਰ ਅਦੀਨਾਨਗਰ ਅਤੇ ਇੱਥੋਂ ਦਾ ਵਾਤਾਵਰਨ ਇੰਨ੍ਹਾ ਪਸੰਦ ਆਇਆ ਕਿ ਉਨ੍ਹਾਂ ਨੇ ਇਸ ਸ਼ਹਿਰ ਨੂੰ ਸਰਕਾਰ ਏ ਖ਼ਾਲਸਾ ਦੀ ਗਰਮੀਆਂ ਦੀ ਰਾਜਧਾਨੀ ਬਣਾ ਲਿਆ। 

ਸ਼ਹਿਰ ਅੰਦਰ ਖੂਬਸੂਰਤ ਬਾਰਾਂਦਰੀ, ਰਾਣੀਆਂ ਦਾ ਹਮਾਮ ਅਤੇ ਫੌਜੀ ਠਹਿਰਾਓ ਲਈ ਛਾਉਣੀ ਆਦਿ ਦੇ ਨਿਰਮਾਣ ਦੇ ਇਲਾਵਾ ਆਪਣੇ ਫਰਾਂਸੀਸੀ ਜਰਨੈਲ ਵੈਨਤੂਰਾ ਲਈ ਰਿਹਾਇਸ਼ ਬਣਾਈ ਗਈ। ਅਦੀਨਾਨਗਰ ਖਾਲਸਾ ਰਾਜ ਦੀਆਂ 55 ਫੌਜੀ ਛਾਉਣੀਆਂ ਵਿੱਚੋਂ ਇਕ ਪ੍ਰਮੁੱਖ ਛਾਉਣੀ ਵੀ ਸੀ ਅਤੇ ਇੱਥੇ ਖਾਲਸਾ ਰਾਜ ਦੇ ਤੋਪਖਾਨੇ ਦੀ ਇਕ ਵਿਸ਼ੇਸ਼ ਯੂਨਿਟ ਵੀ ਤੈਨਾਤ ਰਹੀ ਹੈ।

PunjabKesari

ਅਦੀਨਾਨਗਰ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਰਾਜ ਵੇਲੇ ਹੋਏ ਕਈ ਅਹਿਮ ਫੈਸਲਿਆਂ ਦਾ ਗਵਾਹ ਵੀ ਰਿਹਾ ਹੈ। ਜਿਨ੍ਹਾਂ ਵਿੱਚ ਕਸ਼ਮੀਰ ਉੱਤੇ ਚੜ੍ਹਾਈ ਦੀ ਯੋਜਨਾਬੰਦੀ, 1837 ਈਸਵੀ ਵਿੱਚ ਰੋਪੜ ਵਿਖੇ ਲਾਰਡ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਕਰਨ ਦਾ ਫੈਸਲਾ ਅਤੇ 1838 ਦੇ ਮਈ ਮਹੀਨੇ ਵਿੱਚ ਸ਼ੇਰ - ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਮੈਕਨਾਗਟੇਨ ਮਿਸ਼ਨ ਨਾਲ ਅਦੀਨਾ ਨਗਰ ਵਿਖੇ ਮੁਲਾਕਾਤ ਦੌਰਾਨ ਸ਼ਾਹ ਸੁਜਾ ਦੀ ਅਫ਼ਗਾਨਿਸਤਾਨ ਦੀ ਜਾਨਸ਼ੀਨੀ ਬਾਰੇ ਲਏ ਗਏ ਅਤਿ ਅਹਿਮ ਫੈਸਲੇ ਸ਼ਾਮਲ ਹਨ।  

ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ

ਜੂਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਦੀਨਾ ਨਗਰ ਦੀ ਕਿਸਮਤ ਵੀ ਬਦਲ ਗਈ। ਖ਼ਾਲਸਾ ਰਾਜ ਦੇ ਹੁਕਮਰਾਨਾਂ ਦਾ ਇੱਕ ਤੋਂ ਬਾਅਦ ਇੱਕ ਦਾ ਕਤਲ ਹੋਣ ਕਰਕੇ ਪੂਰੇ ਅਵਾਮ ਵਿੱਚ ਡਰ ਤੇ ਸਹਿਮ ਦਾ ਮਾਹੌਲ ਫੈਲ ਗਿਆ ਅਤੇ ਅਖੀਰ 1849 ਵਿੱਚ ਅੰਗਰੇਜ਼ ਹਕੂਮਤ ਨੇ ਖ਼ਾਲਸਾ ਰਾਜ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਮਾਰਚ 1849 ਵਿੱਚ ਪੰਜਾਬ ਦੇ ਬ੍ਰਿਟਿਸ਼ ਰਾਜ ਚ ਰਲੇਵੇਂ ਮਗਰੋਂ ਅਦੀਨਾਨਗਰ ਨੂੰ 1 ਅਪ੍ਰੈਲ 1849 ਨੂੰ ਜ਼ਿਲ੍ਹਾ ਸਦਰ ਮੁਕਾਮ ਬਣਾ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਨੂੰ ਡਿਪਟੀ ਕਮਿਸ਼ਨਰ ਦਾ ਦਫ਼ਤਰ ਬਣਾ ਲਿਆ ਗਿਆ। 

ਜ਼ਿਲ੍ਹੇ ਦੇ ਰੂਪ ਚ ਅਦੀਨਾਨਗਰ ਜ਼ਿਲ੍ਹੇ ਅੰਦਰ ਗੁਰਦਾਸਪੁਰ ਤਹਿਸੀਲ, ਬਟਾਲਾ ਤਹਿਸੀਲ ਦਾ ਕੁਝ ਹਿੱਸਾ ਅਤੇ ਪਠਾਨਕੋਟ ਤਹਿਸੀਲ ਦੇ 181 ਪਿੰਡ ਸ਼ਾਮਲ ਸਨ। ਪਰ ਅਦੀਨਾਨਗਰ ਸਿਰਫ ਤਿੰਨ ਮਹੀਨੇ ਹੀ ਜ਼ਿਲ੍ਹਾ ਸਦਰ ਮੁਕਾਮ ਰਿਹਾ ਅਤੇ ਅੰਗਰੇਜ ਹਕੂਮਤ ਵੱਲੋਂ ਜੁਲਾਈ 1849 ਨੂੰ ਪਹਿਲਾਂ ਅਦੀਨਾ ਨਗਰ ਤੋਂ ਬਟਾਲਾ ਨੂੰ ਅਤੇ ਫਿਰ 1 ਮਈ 1852 ਨੂੰ ਬਟਾਲਾ ਤੋਂ ਗੁਰਦਾਸਪੁਰ ਨੂੰ ਜ਼ਿਲ੍ਹਾ ਸਦਰ ਮੁਕਾਮ ਬਣਾ ਲਿਆ ਗਿਆ।

PunjabKesari

ਕਦੇ ਮੁਗਲ ਸੂਬੇਦਾਰ ਅਦੀਨਾਬੇਗ ਖਾਨ ਦਾ ਵਸਾਇਆ ਸ਼ਹਿਰ ਅਦੀਨਾਨਗਰ ਹੁਣ ਦੀਨਾਨਗਰ ਬਣ ਚੁੱਕਿਆ ਹੈ। ਅਮ੍ਰਿਤਸਰ ਪਠਾਨਕੋਟ ਕੌਮੀ ਮਾਰਗ ਤੇ ਸਥਿਤ ਕਰੀਬ 294 ਸਾਲ ਪੁਰਾਣੇ ਸ਼ਹਿਰ ਦੀਨਾਨਗਰ ਨੂੰ ਹੁਣ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਦਾ ਦਰਜਾ ਹਾਸਲ ਹੈ। ਮੁਗਲ ਸੂਬੇਦਾਰ ਅਦੀਨਾਬੇਗ ਖਾਨ ਦੇ ਵਸਾਏ ਸ਼ਹਿਰ ਦੀ ਚਾਰਦੀਵਾਰੀ ਤੋਂ ਬਾਹਰ ਇਸ ਸ਼ਹਿਰ ਨੇ ਹੁਣ ਕਾਫੀ ਤਰੱਕੀ ਕਰ ਲਈ ਹੈ ਪਰ ਆਧੁਨਿਕਤਾ ਦੇ ਇਸ ਦੌਰ ਵਿੱਚ ਦੀਨਾਨਗਰ ਦੀਆਂ ਤਵਾਰੀਖ਼ੀ ਇਮਾਰਤਾਂ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਗਿਆ ਹੈ। ਖਸਤਾ ਹਾਲ ਵਿੱਚ ਬਚੀਆਂ ਇਮਾਰਤਾਂ ਚੋਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਅਤੇ ਰਾਣੀਆਂ ਦਾ ਹਮਾਮ ਖੰਡਰ ਬਣ ਗਏ ਹਨ। ਜਨਰਲ ਵੈਨਤੂਰਾ ਦੀ ਰਿਹਾਇਸ਼ ਜਰੂਰ ਸਾਂਭੀ ਗਈ ਹੈ ਜਿਥੇ ਗੁਰਦੁਆਰਾ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ੁਸੋਭਿਤ ਹੈ।

ਭਾਰਤ ਸਰਕਾਰ ਦੀ ‘ਸਵਦੇਸ਼ ਦਰਸ਼ਨ ਯੋਜਨਾ’ ਤਹਿਤ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਦੀਨਾਨਗਰ ਸ਼ਹਿਰ ਦੇ ਸਿਰਫ ਚਾਰ ਵਿਰਾਸਤੀ ਦਰਵਾਜ਼ਿਆਂ ਦੀ ਮੁਰੰਮਤ ਜਰੂਰ ਕੀਤੀ ਗਈ ਹੈ, ਜਦੋਂਕਿ ਪੰਜਵਾਂ ਮਗਰਾਲੀ ਦਰਵਾਜਾ ਅਜੇ ਵੀ ਮਲਮ੍ਹ ਪੱਟੀ ਦੇ ਇੰਤਜਾਰ ਵਿੱਚ ਹੈ। ਪੰਜਾਬ ਦੇ ਇਤਿਹਾਸ ਵਿੱਚ ਖਾਸ ਮੁਕਾਮ ਰੱਖਦੇ ਸ਼ਹਿਰ ਦੀਨਾਨਗਰ ਵਿੱਚ ਬਾਕੀ ਵਿਰਾਸਤੀ ਇਮਾਰਤਾਂ ਨੂੰ ਵੀ ਸੰਭਾਲਣ ਦੀ ਲੋੜ ਹੈ ਤਾਂ ਜੋ ਇਹ ਸ਼ਹਿਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਆਪਣਾ ਇਤਿਹਾਸ ਸੁਣਾਉਂਦਾ ਰਹੇ।  ਪਰ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਇਤਿਹਾਸਿਕ ਸ਼ਹਿਰ ਨੂੰ ਇੱਕ ਸੁੰਦਰ ਸ਼ਹਿਰ ਬਣਾਉਣ ਵਜੋਂ ਕਈ ਤਰ੍ਹਾਂ ਨਾਲ ਅਣਗੋਲਿਆ ਕੀਤਾ ਗਿਆ ਹੈ ਜਿਸ ਕਾਰਨ ਅੱਜ ਵੀ ਇਹ ਸ਼ਹਿਰ ਕਈ ਸਹੂਲਤਾਂ ਨੂੰ ਤਰਸ ਰਿਹਾ ਹੈ।

ਇਹ ਵੀ ਪੜ੍ਹੋ- ਨਸ਼ਾ ਛੁਡਾਊ ਕੇਂਦਰ ਰਹਿ ਕੇ ਵੀ ਨਾ ਸੁਧਰਿਆ ਮਾਪਿਆਂ ਦਾ ਇਕਲੌਤਾ ਪੁੱਤ, ਆਉਂਦੇ ਹੀ ਲਾ ਲਿਆ 'ਮੌਤ ਦਾ ਟੀਕਾ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News