ਡਿੰਪੀ ਢਿੱਲੋਂ ਸਾਥੀਆਂ ਸਮੇਤ 13 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ''ਤੇ

09/25/2018 12:17:38 PM

ਗਿੱਦੜਬਾਹਾ (ਕੁਲਭੂਸ਼ਨ) - ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੌਰਾਨ ਪਿੰਡ ਗਿਲਜੇਵਾਲਾ ਵਿਖੇ ਅਕਾਲੀ ਦਲ ਅਤੇ ਕਾਂਗਰਸੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਪੁਲਸ ਹਿਰਾਸਤ 'ਚ ਲਏ ਗਏ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ, ਉਨ੍ਹਾਂ ਦੇ ਭਰਾ ਸੰਨੀ ਢਿੱਲੋਂ ਅਤੇ ਪੀ. ਏ. ਜਗਤਾਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਥਾਣਾ ਕੋਟਭਾਈ ਦੀ ਪੁਲਸ ਨੇ ਪ੍ਰੋਜ਼ਾਈਡਿੰਗ ਅਫ਼ਸਰ ਰਾਜੇਸ਼ ਕੁਮਾਰ ਦੇ ਬਿਆਨਾਂ 'ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਅਤੇ ਬੂਥ 'ਤੇ ਭੰਨ-ਤੋੜ ਕਰਨ ਦੋ ਦੋਸ਼ 'ਚ ਦਰਜ ਕੀਤਾ ਸੀ। 

20 ਸਤੰਬਰ ਨੂੰ ਜੇ. ਐੱਮ. ਆਈ. ਸੀ. ਮੇਘਾ ਧਾਲੀਵਾਲ ਨੇ ਉਨ੍ਹਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ 'ਚ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਮਿਤੀ 22 ਸਤੰਬਰ ਨੂੰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਬੀਤੀ ਰਾਤ ਜਿਵੇਂ ਹੀ ਉਕਤ ਸ੍ਰੀ ਮੁਕਤਸਰ ਸਾਹਿਬ ਦੀ ਜੇਲ 'ਚੋਂ ਬਾਹਰ ਆਏ ਤਾਂ ਥਾਣਾ ਗਿੱਦੜਬਾਹਾ ਪੁਲਸ ਦੇ ਏ. ਐੱਸ. ਆਈ. ਬਾਜ ਸਿੰਘ ਨੇ ਇਨ੍ਹਾਂ ਨੂੰ 19 ਸਤੰਬਰ ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਹੋਈ ਪੋਲਿੰਗ ਦੌਰਾਨ ਪਿੰਡ ਬੁਬਾਣੀਆਂ ਵਿਖੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਅਤੇ ਬੂਥ 'ਤੇ ਭੰਨ-ਤੋੜ ਕਰਨ ਦੇ ਮਾਮਲਾ 'ਚ ਮੁੜ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਨੂੰ ਬੀਤੇ ਦਿਨ ਗਿੱਦੜਬਾਹਾ ਵਿਖੇ ਮਾਣਯੋਗ ਜੇ. ਐੱਮ. ਆਈ. ਸੀ. ਮੇਘਾ ਧਾਲੀਵਾਲ ਦੀ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਨੂੰ 6 ਅਕਤੂਬਰ ਤੱਕ ਜੁਡੀਅਸ਼ਲ ਰਿਮਾਂਡ 'ਤੇ ਭੇਜ ਦਿੱਤਾ ਗਿਆ।

ਸਾਡੇ 'ਤੇ ਦਰਜ ਮੁਕੱਦਮੇ ਰਾਜਨੀਤੀ ਤੋਂ ਪ੍ਰੇਰਿਤ : ਅਕਾਲੀ ਆਗੂ ਢਿੱਲੋਂ
ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ 'ਤੇ ਦਰਜ ਉਕਤ ਮੁਕੱਦਮੇ ਪੂਰੀ ਤਰ੍ਹਾਂ ਨਾਲ ਰਾਜਨੀਤੀ ਤੋਂ ਪ੍ਰੇਰਿਤ ਹਨ। ਉਕਤ ਚੋਣਾਂ ਦੀ ਗਿਣਤੀ ਤੋਂ ਪਾਸੇ ਰੱਖਣ ਲਈ ਸਾਡੇ 'ਚੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸਫਲ ਸਾਬਤ ਹੋਈ ਹੈ, ਕਿਉਂਕਿ ਉਨ੍ਹਾਂ ਸਾਡੇ ਸਾਥੀਆਂ ਨੂੰ ਕਾਊਂਟਿੰਗ ਖੇਤਰ 'ਚੋਂ ਬਾਹਰ ਕੱਢ ਦਿੱਤਾ ਲੀ ਅਤੇ ਵੱਡੀ ਪੱਧਰ 'ਤੇ ਧਾਂਦਲੀਆਂ ਕਰਦੇ ਹੋਏ ਸਾਡੇ ਜਿੱਤ ਰਹੇ 17 ਉਮੀਦਵਾਰਾਂ ਨੂੰ ਵੀ ਹਾਰਿਆ ਹੋਇਆ ਐਲਾਨ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਜੇਲ ਸੁਪਰਡੈਂਟ 'ਤੇ ਰਾਜਨੀਤਕ ਦਬਾਅ ਪਾ ਕੇ ਸਾਨੂੰ ਇਕ ਦਿਨ ਹੋਰ ਜੇਲ 'ਚ ਰੱਖਿਆ ਗਿਆ। ਜੇਲ ਅੰਦਰੋਂ ਹੀ ਗਿੱਦੜਬਾਹਾ ਪੁਲਸ ਸਾਨੂੰ ਗੱਡੀਆਂ 'ਚ ਬਿਠਾ ਕੇ ਮੈਡੀਕਲ ਕਰਵਾਉਣ ਲਈ ਲੈ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਥਾਣਾ ਗਿੱਦੜਬਾਹਾ ਵਿਖੇ ਰੱਖਿਆ।

ਥਾਣਾ ਗਿੱਦੜਬਾਹਾ ਦੇ ਏ. ਐੱਸ. ਆਈ. ਬਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਉਕਤ ਸਾਰਿਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਜੇਲ ਦੇ ਬਾਹਰ ਖੜ੍ਹਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਨੂੰ ਜੇਲ ਅੰਦਰੋਂ ਗੱਡੀਆਂ 'ਚ ਨਹੀਂ ਬਿਠਾਇਆ ਗਿਆ ਅਤੇ ਇਸ ਤੋਂ ਬਾਅਦ ਰਾਤ ਨੂੰ ਮੈਡੀਕਲ ਕਰਵਾਉਣ ਉਪਰੰਤ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਹਰਦੀਪ ਸਿੰਘ ਢਿੱਲੋਂ ਦੇ ਵਕੀਲਾਂ ਐਡਵੋਕੇਟ ਆਰ. ਪੀ. ਸਿੰਘ ਅਤੇ ਐਡਵੋਕੇਟ ਗੁਰਮੀਤ ਸਿੰਘ ਮਾਨ ਵੱਲੋਂ ਉਕਤ ਤਿੰਨਾਂ ਦੀ ਜ਼ਮਾਨਤ ਅਰਜ਼ੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤੀ ਗਈ, ਜਿਸ 'ਤੇ ਜੱਜ ਸਾਹਿਬ ਮੇਘਾ ਧਾਲੀਵਾਲ ਵੱਲੋਂ 25 ਸਤੰਬਰ ਨੂੰ ਰਿਕਾਰਡ ਮੰਗਵਾਉਣ 'ਤੇ ਸੁਣਵਾਈ ਕਰਨ ਲਈ ਤਰੀਕ ਤੈਅ ਕੀਤੀ ਗਈ ਹੈ।


Related News