ਡੀ. ਆਈ. ਜੀ. ਦੀ ਅਗਵਾਈ ਹੇਠ ਮੋਗਾ ਜ਼ਿਲ੍ਹੇ ਵਿਚ ਕਾਸੋ ਆਪ੍ਰੇਸ਼ਨ ਤਹਿਤ ਵੱਡੇ ਪੱਧਰ ''ਤੇ ਛਾਪੇਮਾਰੀ
Saturday, Jun 22, 2024 - 10:38 AM (IST)
ਮੋਗਾ (ਆਜ਼ਾਦ) : ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੁਲਸ ਅਧਿਕਾਰੀਆਂ ਵਲੋਂ ਕਾਸੋ ਸਰਚ ਆਪ੍ਰੇਸ਼ਨ ਤਹਿਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਮੋਗਾ ਜ਼ਿਲ੍ਹੇ ਵਿਚ ਵੀ ਪਿਛਲੇ ਕਈ ਦਿਨਾਂ ਤੋਂ ਇਸ ਮੁਹਿੰਮ ਤਹਿਤ ਨਸ਼ਾ ਸਮੱਗਲਰਾਂ ਅਤੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਮੋਗਾ ਜ਼ਿਲ੍ਹੇ ਵਿਚ ਡੀ. ਆਈ. ਜੀ. ਜਲੰਧਰ ਰੇਂਜ ਇੰਦਰਬੀਰ ਸਿੰਘ ਅਤੇ ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਦੀ ਅਗਵਾਈ ਹੇਠ ਸਬ ਡਵੀਜ਼ਨਾਂ ਵਿਚ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਸ਼ੱਕੀ ਟਿਕਾਣਿਆ ’ਤੇ ਛਾਪੇਮਾਰੀ ਕੀਤੀ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਇੰਦਰਬੀਰ ਸਿੰਘ ਨੇ ਦੱਸਿਆ ਕਿ ਕਾਸੋ ਆਪ੍ਰੇਸ਼ਨ ਤਹਿਤ ਐੱਸ. ਪੀ. ਡੀ. ਬਾਲਕਿਸ਼ਨ ਸਿੰਗਲਾ, ਐੱਸ. ਪੀ. ਗੁਰਸ਼ਰਨ ਸਿੰਘ ਸੰਧੂ, ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ, ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਪਰਮਜੀਤ ਸਿੰਘ ਸੰਧੂ ਅਤੇ ਸਮੂਹ ਥਾਣਿਆਂ ਦੇ ਮੁਖੀਆ ਸਮੇਤ 350 ਮੁਲਾਜ਼ਮਾ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਮੋਗਾ ਪੁਲਸ ਵਲੋਂ ਚਾਰਾਂ ਸਬ-ਡਵੀਜ਼ਨਾਂ ਦੀਆਂ ਲੋਕੇਸ਼ਨਾ ਪਹਿਲਾਂ ਹੀ ਤੈਅ ਕਰ ਲਈਆਂ ਸਨ, ਜਿਨ੍ਹਾਂ ਵਿਚ ਛਾਪੇਮਾਰੀ ਕੀਤੀ ਗਈ ਹੈ ਅਤੇ ਘਰਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਤਹਿਤ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਕੁੱਝ ਵਿਅਕਤੀਆਂ ਵਿਰੁੱਧ ਮਕੁੱਦਮੇ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਦਿੱਤੇ ਸਖ਼ਤ ਨਿਰਦੇਸ਼ਾ ਤਹਿਤ ਨਸ਼ਾ ਵਿਕਰੀ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਸ ਵਲੋਂ ਵੱਡੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਸੀਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵੀ ਲਿਖ ਕੇ ਭੇਜਿਆ ਜਾ ਰਿਹਾ ਹੈ। ਸਾਡਾ ਉਦੇਸ਼ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨਾ ਹੈ ਤਾਂ ਜੋ ਪੰਜਾਬ ਦੇ ਲੋਕ ਅਮਨ ਸ਼ਾਂਤੀ ਨਾਲ ਰਹਿ ਸਕਣ। ਇਸ ਮੌਕੇ ਜ਼ਿਲਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਈ ਵਾਰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਾਲਾ ਧੰਦਾ ਛੱਡ ਦੇਣ ਪ੍ਰੰਤੂ ਫ਼ਿਰ ਵੀ ਇਹ ਸੁਥਰੇ ਨਹੀਂ ਜਿਸ ਕਰ ਕੇ ਹੁਣ ਕਾਨੂੰਨ ਤਹਿਤ ਸਖ਼ਤ ਸਜ਼ਾ ਦਿੱਤੀ ਜਾ ਰਹੀ ਹੈ।