ਡੀ.ਸੀ. ਨੇ ਵੱਖ-ਵੱਖ ਵਿਭਾਗਾਂ ਨੂੰ ਦਿੱਤੇ ਛਾਪੇਮਾਰੀ ਕਰਨ ਦੇ ਹੁਕਮ
Tuesday, Jul 24, 2018 - 05:56 AM (IST)
ਅੰਮ੍ਰਿਤਸਰ, (ਨੀਰਜ)- ਜ਼ਿਲੇ ਵਿਚ ਸਿੰਥੈਟਿਕ ਦੁੱਧ ਦੀ ਵਿਕਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਨਕਲੀ ਦੁੱਧ ਵਿਕਣ ਸਬੰਧੀ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਵੇਖਦੇ ਹੋਏ ਡੀ.ਸੀ. ਕਮਲਦੀਪ ਸਿੰਘ ਸੰਘਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਛਾਪੇਮਾਰੀ ਕਰਨ ਦੇ ਹੁਕਮ ਦੇ ਦਿੱਤੇ ਹਨ।
ਇਸ ਕਡ਼ੀ ਵਿਚ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਡੀ.ਸੀ. ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਵਿਚ ਹੋਣ ਵਾਲੀ ਦੁੱਧ ਦੀ ਸਪਲਾਈ ਨੂੰ ਚੈੱਕ ਕਰਨ ਅਤੇ ਦੁੱਧ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇ। ਸੈਂਪਲ ਲੈਣ ਦਾ ਕੰਮ ਅਚਾਨਕ ਜਾਂਚ ਦੌਰਾਨ ਕੀਤਾ ਜਾਵੇ ਤਾਂ ਕਿ ਕੋਈ ਵੀ ਨਕਲੀ ਦੁੱਧ ਵੇਚਣ ਵਾਲਾ ਬਚ ਨਾ ਸਕੇ।
ਜਾਣਕਾਰੀ ਅਨੁਸਾਰ ਖੇਤੀਬਾਡ਼ੀ ਵਿਭਾਗ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਖੇਤੀਬਾਡ਼ੀ ਵਿਗਿਆਨ ਕੇਂਦਰ, ਬਾਗਬਾਨੀ, ਮੱਛੀ ਪਾਲਣ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ਕਰ ਕੇ ਡੀ.ਸੀ. ਨੇ ਕਿਹਾ ਕਿ ਸ਼ਹਿਰਵਾਸੀਆਂ ਦੀ ਸਿਹਤ ਦੇ ਨਾਲ ਕਿਸੇ ਨੂੰ ਵੀ ਖਿਲਵਾਡ਼ ਨਹੀਂ ਕਰਨ ਦਿੱਤਾ ਜਾਵੇਗਾ। ਅਜੇ ਤੱਕ ਇਸ ਮਾਮਲੇ ਵਿਚ ਕਦੇ ਵੱਡੀ ਛਾਪੇਮਾਰੀ ਨਹੀਂ ਕੀਤੀ ਗਈ ਸੀ ਪਰ ਹੁਣ ਵੱਡੇ ਪੱਧਰ ’ਤੇ ਮਿਲਾਵਟੀ ਦੁੱਧ ਵੇਚਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ।
ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਾਓ ਕੈਂਪ
ਅੰਮ੍ਰਿਤਸਰ : ਡੀ.ਸੀ. ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਿਹਾਤੀ ਇਲਾਕਿਆਂ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਾਓ ਤਾਂ ਕਿ ਕਿਸਾਨ ਆਪਣੇ ਖਰਚੇ ਘੱਟ ਕਰਨ ਅਤੇ ਆਮਦਨੀ ਨੂੰ ਵਧਾ ਸਕੇ। ਖੇਤੀਬਾਡ਼ੀ ਜਿਸ ਵਿਚ ਪਸ਼ੂ ਪਾਲਣ ਨੂੰ ਵੀ ਲਾਭਕਾਰੀ ਧੰਦਾ ਬਣਾ ਸਕਣ। ਡੀ. ਸੀ. ਨੇ ਕਿਹਾ ਕਿ ਪੰਜਾਬ ਦੇ ਖਾਧ ਪਦਾਰਥ ਜਿਸ ਵਿਚ ਕਣਕ ਹੋਵੇ ਜਾਂ ਫਿਰ ਚੌਲ ਜ਼ਿਆਦਾ ਪੈਸਟੀਸਾਈਡ ਮਿਲਾਉਣ ਦੇ ਕਾਰਨ ਆਪਣਾ ਅਕਸ ਖ਼ਰਾਬ ਕਰ ਰਹੇ ਹਨ। ਵਿਦੇਸ਼ਾਂ ਵਿਚ ਪੰਜਾਬੀ ਬਾਸਮਤੀ ਦੇ ਆਰਡਰ ਰੱਦ ਹੋ ਰਹੇ ਹਨ ਇਸ ਲਈ ਕਿਸਾਨ ਫਸਲ ’ਤੇ ਓਨੀ ਹੀ ਦਵਾਈ ਦਾ ਛਿਡ਼ਕਾਅ ਕਰੇ ਜਿੰਨੀ ਫਸਲ ਨੂੰ ਲੋਡ਼ ਹੈ। ਸਾਰੇ ਖੇਤੀਬਾਡ਼ੀ ਅਧਿਕਾਰੀ ਕਿਸਾਨਾਂ ਨੂੰ ਦਵਾਈਆਂ ਦੇ ਛਿਡ਼ਕਾਅ ਬਾਰੇ ਜਾਗਰੂਕ ਕਰਨ ਤਾਂ ਕਿ ਕਿਸਾਨ ਲੋਡ਼ ਦੇ ਅਨੁਸਾਰ ਹੀ ਦਵਾਈਆਂ ਦਾ ਪ੍ਰਯੋਗ ਕਰ ਸਕਣ।
ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਲਈ 50 ਫ਼ੀਸਦੀ ਸਬਸਿਡੀ
ਅੰਮ੍ਰਿਤਸਰ : ਝੋਨਾ ਦੀ ਪਰਾਲੀ ਨੂੰ ਸਡ਼ਨ ਤੋਂਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਅਤਿਆਧੁਨਿਕ ਮਸ਼ੀਨਾਂ ਨੂੰ 50 ਫ਼ੀਸਦੀ ਸਬਸਿਡੀ ’ਤੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸਰਕਾਰ ਵੱਲੋਂ ਅੱਠ ਤਰ੍ਹਾਂ ਦੀਆਂ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਕਿਸਾਨ ਝੋਨਾ ਦੀ ਪਰਾਲੀ ਨੂੰ ਸਾਡ਼ਨ ਦੀ ਬਜਾਏ ਉਸ ਨੂੰ ਖੇਤਾਂ ਵਿਚ ਹੀ ਮਿਲਾ ਸਕਦੇ ਹਨ। ਅਜਿਹਾ ਕਰਨ ਨਾਲ ਖੇਤ ਦੀ ਮਿੱਟੀ ਦਾ ਉਪਜਾਊਪਨ ਵਧੇਗਾ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੋਵੇਗਾ।
