ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲਾ: ਮੁਅੱਤਲ SHO ਨਵਦੀਪ ਦਾ ਨਹੀਂ ਲੱਗਾ ਕੋਈ ਸੁਰਾਗ, ਪਰਿਵਾਰ ਨੇ ਦਿੱਤੀ ਚਿਤਾਵਨੀ

Saturday, Sep 30, 2023 - 11:54 AM (IST)

ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲਾ: ਮੁਅੱਤਲ SHO ਨਵਦੀਪ ਦਾ ਨਹੀਂ ਲੱਗਾ ਕੋਈ ਸੁਰਾਗ, ਪਰਿਵਾਰ ਨੇ ਦਿੱਤੀ ਚਿਤਾਵਨੀ

ਸੁਲਤਾਨਪੁਰ ਲੋਧੀ (ਧੀਰ)-ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਖ਼ੁਦਕੁਸ਼ੀ ਮਾਮਲੇ ’ਚ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ ਅਤੇ ਨਾਮਜ਼ਦ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਹਾਲੇ ਵੀ ਫਰਾਰ ਦੱਸੇ ਜਾ ਰਹੇ ਹਨ। ਮਾਮਲੇ ’ਚ ਕਪੂਰਥਲਾ ਪੁਲਸ ਦੇ ਹੱਥ ਹੁਣ ਤਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਓਧਰ ਲੋਕਾਂ ਦਾ ਕਹਿਣਾ ਹੈ ਕਿ ਮਾਣਯੋਗ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰਨ ਦੇ ਬਾਵਜੂਦ ਮੁਲਜ਼ਮ ਕਪੂਰਥਲਾ ਪੁਲਸ ਦੀ ਗ੍ਰਿਫ਼ਤ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਇੰਨਾ ਸਮਾਂ ਬੀਤਣ ’ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਉਨ੍ਹਾਂ ਦਾ ਪੁਲਸ ਪ੍ਰਸ਼ਾਸਨ ਤੋਂ ਭਰੋਸਾ ਉੱਠਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪਤਾ ਨਹੀਂ ਹੁਣ ਉਹ ਪੁਲਸ ਕਿੱਥੇ ਹੈ?

ਲੋਕਾਂ ਨੇ ਕਿਹਾ ਕਿ ਜੇਕਰ ਸ੍ਰੀ ਮੁਕਤਸਰ ਸਾਹਿਬ ’ਚ ਵਕੀਲ ’ਤੇ ਤਸ਼ੱਦਦ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਤਾਂ ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ਦੇ ਮੁਲਜ਼ਮਾਂ ਨੂੰ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਗੱਲ ਤਾਂ ਸਪੱਸ਼ਟ ਹੈ ਕਿ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਵੱਲੋਂ ਸੰਘਰਸ਼ ਦੀ ਚਿਤਾਵਨੀ ਦੇਣ ਤੋਂ ਬਾਅਦ ਹੀ 2 ਘੰਟਿਆਂ ’ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਲੱਗਦਾ ਹੈ ਕਿ ਹੁਣ ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨਾ ਹੀ ਪਵੇਗਾ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨਾਲ 381 ਟਰੇਨਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨ, ਡੇਰਾ ਬਿਆਸ ਦੇ 3000 ਸੇਵਾਦਾਰ ਫਸੇ

ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਪਤੀ-ਪਤਨੀ ਦੇ ਘਰੇਲੂ ਝਗੜੇ ਨੂੰ ਹੱਲ ਕਰਨ ਲਈ ਦੋਵੇਂ ਧਿਰਾਂ ਜਲੰਧਰ ਦੇ ਥਾਣਾ ਨੰ. 1 ’ਚ ਇਕੱਠੀਆਂ ਹੋਈਆਂ ਸਨ। ਇਸ ਦੌਰਾਨ ਥਾਣੇ ’ਚ ਲੜਕੀ ਧਿਰ ਵੱਲੋਂ ਆਏ ਇਕ ਵਿਅਕਤੀ ਮਾਨਵਜੀਤ ਸਿੰਘ ਢਿੱਲੋਂ ’ਤੇ ਪੁਲਸ ਨੇ 107/51 ਦਾ ਕੇਸ ਦਰਜ ਕਰ ਦਿੱਤਾ। ਮਾਨਵਜੀਤ ਸਿੰਘ ਢਿੱਲੋਂ ਨੂੰ ਕਥਿਤ ਤੌਰ ’ਤੇ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਨੇ ਕਾਫ਼ੀ ਜ਼ਲੀਲ ਕੀਤਾ ਅਤੇ ਕੁੱਟਮਾਰ ਕਰਦੇ ਹੋਈ ਉਸ ਦੀ ਪੱਗ ਵੀ ਉਤਾਰ ਦਿੱਤੀ ਸੀ। ਇਸ ਬਾਰੇ ਜਦੋਂ ਮਾਨਵਜੀਤ ਸਿੰਘ ਢਿੱਲੋਂ ਦੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਨੂੰ ਪਤਾ ਚੱਲਦਾ ਹੈ ਤਾਂ ਉਹ ਇਹ ਸਭ ਕੁਝ ਨਾ ਸਹਾਰ ਸਕਿਆ ਅਤੇ ਉਸੇ ਗੋਇੰਦਵਾਲ ਸਾਹਿਬ ਪੁਲ ਤੋਂ ਦਰਿਆ ਬਿਆਸ ’ਚ ਛਾਲ ਮਾਰ ਦਿੱਤੀ, ਜਿਸ ਦੇ ਮਗਰ ਹੀ ਮਾਨਵਜੀਤ ਸਿੰਘ ਢਿੱਲੋਂ ਨੇ ਛਾਲ ਮਾਰ ਦਿੱਤੀ ਸੀ। ਪੁਲਸ ਨੇ ਕਾਫ਼ੀ ਦਿਨਾਂ ਬਾਅਦ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਕੀਤੀ।

PunjabKesari
ਇਸ ਦੌਰਾਨ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਮਿਲਣ ਉਪਰੰਤ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਵਿਰੁੱਧ ਧਾਰਾ ਆਈ. ਪੀ. ਸੀ. 306, 506 ਤੇ 343 ਤਹਿਤ ਮਾਮਲਾ ਦਰਜ ਕਰ ਦਿੱਤਾ। ਇਸ ਤੋਂ ਬਾਅਦ ਮਾਮਲਾ ਸ਼ਾਂਤ ਨਾ ਹੁੰਦਾ ਹੋਇਆ ਵੇਖ ਕੇ ਪੁਲਸ ਕਮਿਸ਼ਨਰ ਜਲੰਧਰ ਨੇ ਐੱਸ. ਐੱਚ. ਓ. ਨਵਦੀਪ ਸਿੰਘ ਮੁਅੱਤਲ ਕਰ ਦਿੱਤਾ ਸੀ। ਇਸ ਉਪਰੰਤ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ, ਨਾਮਜ਼ਦ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਵੱਲੋਂ ਮਾਣਯੋਗ ਅਦਾਲਤ ’ਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਗਈ ਸੀ, ਜੋ ਮਾਣਯੋਗ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਹੈ। ਹਾਲੇ ਤਕ ਮਾਨਵਜੀਤ ਸਿੰਘ ਢਿੱਲੋਂ ਦਾ ਵੀ ਕੁੱਝ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: ਰੂਪਨਗਰ 'ਚ ਭਿਆਨਕ ਹਾਦਸਾ, ਪਿਓ ਦੀਆਂ ਅੱਖਾਂ ਸਾਹਮਣੇ 4 ਸਾਲਾ ਬੱਚੇ ਦੀ ਤੜਫ਼-ਤਰਫ਼ ਕੇ ਨਿਕਲੀ ਜਾਨ

ਐੱਸ. ਐੱਸ. ਪੀ. ਦੇ ਦਫ਼ਤਰ ਮੰਗ-ਪੱਤਰ ਦੇਣ ਦੇ ਬਾਵਜੂਦ ਨਹੀਂ ਹੋ ਰਹੀ ਕੋਈ ਕਾਰਵਾਈ: ਪਿਤਾ ਜਤਿੰਦਰਪਾਲ ਢਿੱਲੋਂ
ਮਾਨਵਜੀਤ ਸਿੰਘ ਢਿੱਲੋਂ ਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ, ਦੋਸਤ ਮਾਨਵਦੀਪ ਸਿੰਘ ਉੱਪਲ ਅਤੇ ਐਡਵੋਕੇਟ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਸੰਬੰਧੀ ਐੱਸ. ਐੱਸ. ਪੀ. ਕਪੂਰਥਲਾ ਨੂੰ 26 ਸਤੰਬਰ ਨੂੰ ਮੰਗ-ਪੱਤਰ ਦੇਣ ਗਏ ਸਨ ਪਰ ਐੱਸ. ਐੱਸ. ਪੀ. ਸਾਹਿਬ ਨਾ ਮਿਲਣ ਕਾਰਨ ਉਨ੍ਹਾਂ ਦਾ ਮੰਗ-ਪੱਤਰ ਸੀਨੀਅਰ ਅਧਿਕਾਰੀ ਵੱਲੋਂ ਪ੍ਰਾਪਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਦਫ਼ਤਰ ’ਚ ਮੰਗ-ਪੱਤਰ ਦੇਣ ਦੇ ਬਾਵਜੂਦ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਧਰਨਾ ਲਗਾਉਣ ਦੀ ਚਿਤਾਵਨੀ
ਪਰਿਵਾਰ ਮੈਂਬਰਾਂ ਨੇ ਕਿਹਾ ਕਿ ਜਿੰਨਾ ਚਿਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਓਨਾ ਚਿਰ ਉਹ ਸ਼ਾਂਤ ਨਹੀਂ ਬੈਠਣਗੇ। ਉਨ੍ਹਾਂ ਪੁਲਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ’ਚ ਪੁਲਸ ਮੁਲਾਜ਼ਮਾਂ ਦਾ ਨਾਂ ਆਉਣ ਕਰਕੇ ਕਪੂਰਥਲਾ ਪੁਲਸ ਕੋਈ ਦਿਲਚਸਪੀ ਨਹੀਂ ਵਿਖਾ ਰਹੀ ਹੈ। ਜੇਕਰ ਕੋਈ ਲੁੱਟ-ਖੋਹ, ਚੋਰੀ ਜਾਂ ਕੋਈ ਹੋ ਵਾਰਦਾਤ ਹੁੰਦੀ ਹੈ ਤਾਂ ਸਾਰੀ ਪੁਲਸ ਫੋਰਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ, ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਟਾਰਚਰ ਕਰਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲੋਂ ਵਾਰ-ਵਾਰ ਜਾਣਕਾਰੀ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਮੋਬਾਇਲ ਫੋਨ ਦੀਆਂ ਕਾਲਾਂ ਖੰਘਾਲਣ ’ਚ ਲੱਗ ਜਾਂਦੀ ਹੈ ਪਰ ਸਾਡੀ ਵਾਰ ਇਹ ਪੁਲਸ ਫੋਰਸ ਕਿੱਥੇ ਚਲੀ ਗਈ? ਪੀੜਤ ਪਰਿਵਾਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਜ਼ਮ ਗ੍ਰਿਫ਼ਤਾਰ ਨਾ ਕੀਤੇ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ।

ਨਾਮਜ਼ਦ ਮਹਿਲਾ ਕਾਂਸਟੇਬਲ ਨੇ ਹਾਈਕੋਰਟ ’ਚ ਲਾਈ ਅਗਾਊਂ ਜ਼ਮਾਨਤ ਅਰਜ਼ੀ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਣਯੋਗ ਅਦਾਲਤ ਵਧੀਕ ਸੈਸ਼ਨ ਜੱਜ ਕਪੂਰਥਲਾ ਆਜਾਇਬ ਸਿੰਘ ਵੱਲੋਂ ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਮੁਲਜ਼ਮਾਂ ਨੂੰ ਲਾਈ ਜ਼ਮਾਨਤ ਅਰਜ਼ੀ ਰੱਦ ਕਰਨ ਤੋਂ ਬਾਅਦ ਹੁਣ ਨਾਮਜ਼ਦ ਮਹਿਲਾ ਕਾਂਸਟੇਬਲ ਜਗਜੀਤ ਕੌਰ ਨੇ ਹਾਈਕੋਰਟ ’ਚ ਆਪਣੀ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਅਰਜ਼ੀ ’ਤੇ ਸੁਣਵਾਈ 4 ਅਕਤੂਬਰ ਨੂੰ ਹੈ।

ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ: ਐੱਸ. ਐੱਸ. ਪੀ.
ਮਾਮਲੇ ਸਬੰਧੀ ਜਦੋਂ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਕ ਮੈਂਬਰ ਉਨ੍ਹਾਂ ਦੇ ਦਫ਼ਤਰ ਮੰਗ-ਪੱਤਰ ਦੇਣ ਆਏ ਸਨ, ਉਹ ਕਿਸੇ ਹੋਰ ਜ਼ਿਲ੍ਹੇ ’ਚ ਡਿਊਟੀ ’ਤੇ ਗਏ ਹੋਏ ਸਨ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਪੁਲਸ ਪ੍ਰਸ਼ਾਸਨ ਮੰਗ-ਪੱਤਰ ਪ੍ਰਾਪਤ ਕਰਕੇ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਮੰਗ-ਪੱਤਰ ਦੇਣ ਤੋਂ ਪਹਿਲਾਂ ਹੀ ਕਪੂਰਥਲਾ ਪੁਲਸ ਦੀਆਂ ਵੱਖ-ਵੱਖ ਟੀਮਾਂ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ, ਨਾਮਜ਼ਦ ਮਹਿਲਾ ਕਾਂਸਟੇਬਲ ਅਤੇ ਮੁਨਸ਼ੀ ਦੀ ਭਾਲ ’ਚ ਲੱਗੀਆਂ ਹੋਈਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਮਾਮਲੇ ’ਚ ਪੁਲਸ ਆਪਣਾ ਫਰਜ਼ ਈਮਾਨਦਾਰੀ ਦੇ ਨਾਲ ਨਿਭਾ ਰਹੀ ਹੈ।

ਇਹ ਵੀ ਪੜ੍ਹੋ: ਨੂਰਪੁਰਬੇਦੀ 'ਚ ਵਾਪਰੇ ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਜੀਜੇ-ਸਾਲੇ ਦੀ ਹੋਈ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News