ਸਫਰ-ਏ-ਸ਼ਹਾਦਤ ਮਾਰਗ ਦਾ ਕੰਮ ਰੁਕਣ ਵਿਰੁੱਧ ਧਰਨਾ

Thursday, Aug 24, 2017 - 01:56 AM (IST)

ਸਫਰ-ਏ-ਸ਼ਹਾਦਤ ਮਾਰਗ ਦਾ ਕੰਮ ਰੁਕਣ ਵਿਰੁੱਧ ਧਰਨਾ

ਰੂਪਨਗਰ,   (ਵਿਜੇ)-  ਇਤਿਹਾਸਕ ਗੁਰਦੁਆਰਾ ਸਾਹਿਬ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਛੰਨ ਬਾਬਾ ਕੁੰਮ ਮਾਸ਼ਕੀ ਚੱਕ ਢੇਰਾ ਨੂੰ ਜਾਣ ਵਾਲੇ ਸਫਰ-ਏ-ਸ਼ਹਾਦਤ ਮਾਰਗ ਦੇ ਕੰਮ ਨੂੰ ਰੋਕਣ ਵਿਰੁੱਧ ਗੁਰਦੁਆਰਾ ਕਮੇਟੀ ਤੇ ਇਲਾਕਾ ਸੁਧਾਰ ਕਮੇਟੀ ਸਰਕਲ ਲੋਧੀਮਾਜਰਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਗਿਆ। 
ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਚੱਕ ਢੇਰਾ, ਊਧਮ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਮਾ. ਜੋਗਿੰਦਰ ਸਿੰਘ, ਜਗਤਾਰ ਸਿੰਘ, ਇਲਾਕਾ ਸੁਧਾਰ ਕਮੇਟੀ ਲੋਧੀਮਾਜਰਾ ਦੇ ਪ੍ਰਧਾਨ ਨਿਰਮਲ ਸਿੰਘ, ਜਨਰਲ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਲੋਕਾਂ ਦੇ ਸੰਘਰਸ਼ ਤੋਂ ਬਾਅਦ ਸ਼ੁਰੂ ਹੋਏ ਸਫਰ-ਏ-ਸ਼ਹਾਦਤ ਮਾਰਗ, ਜੋ 18 ਫੁੱਟ ਬਣਾਇਆ ਜਾਣਾ ਸੀ, ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਸ਼ੁਰੂ 'ਚ ਹੀ ਬੰਦ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਰਗ ਰਾਹੀਂ ਉਕਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੂਰ-ਦੁਰਾਡਿਓਂ ਪਹੁੰਚਦੀਆਂ ਹਨ ਪਰ ਮਾਰਗ ਦੇ ਲਟਕੇ ਕੰਮ ਕਾਰਨ ਸੰਗਤਾਂ ਤੇ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਫਰ-ਏ-ਸ਼ਹਾਦਤ ਮਾਰਗ ਦੇ ਰੁਕੇ ਕੰਮ ਨੂੰ ਜਲਦ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਦਸੰਬਰ ਮਹੀਨੇ 'ਚ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਵਿਖੇ ਭਾਰੀ ਜੋੜ ਮੇਲਾ ਜੁੜਦਾ ਹੈ ਤੇ ਵੱਡੀ ਗਿਣਤੀ 'ਚ ਸੰਗਤਾਂ ਪੁੱਜਦੀਆਂ ਹਨ।
ਇਸ ਸੰਬੰਧ 'ਚ ਇਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਾਰਗ ਦਾ ਕੰਮ ਜਲਦ ਸ਼ੁਰੂ ਨਾ ਹੋਇਆ ਤਾਂ ਇਲਾਕੇ ਦੇ ਲੋਕ ਵੱਡੇ ਪੱਧਰੇ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਚਰਨਜੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ, ਗੁਰਮੇਲ ਸਿੰਘ, ਰਾਮ ਗੋਪਾਲ, ਹਰਬੰਸ ਸਿੰਘ, ਰਾਮ ਲੋਕ, ਕਾਮਰੇਡ ਮੋਹਣ ਸਿੰਘ ਧਮਾਣਾ, ਸ਼ਮਸ਼ੇਰ ਸਿੰਘ ਹਵੇਲੀ, ਸੰਤਾ ਸਿੰਘ, ਸ਼ਾਮ ਸਿੰਘ ਆਦਿ ਹਾਜ਼ਰ ਸਨ।


Related News