ਵਿਦਿਆਰਥੀਆਂ ਵੱਲੋਂ 13 ਨੂੰ ਐੱਸ. ਡੀ. ਐੱਮ. ਦਫਤਰ ਮੂਹਰੇ ਧਰਨਾ ਦੇਣ ਦਾ ਐਲਾਨ
Sunday, Aug 12, 2018 - 12:17 AM (IST)

ਬਾਘਾਪੁਰਾਣਾ, (ਰਾਕੇਸ਼)-ਕਾਲਜ ਲੋਪੋਂ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਉਲੰਘਣਾ ਕਰ ਕੇ 50,000 ਰੁਪਏ ਸਾਲਾਨਾ ਐੱਸ. ਸੀ., ਐੱਸ. ਟੀ. ਵਿਦਿਆਰਥੀਆਂ ਤੋਂ ਮੰਗੇ ਜਾ ਰਹੇ ਹਨ, ਜਿਸ ਖਿਲਾਫ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਦੋ ਵਾਰ ਕਾਲਜ ਗੇਟ ਮੂਹਰੇ ਧਰਨਾ ਦਿੱਤਾ ਗਿਆ ਸੀ। ਯੂਨੀਅਨ ਵੱਲੋਂ ਇਲਾਕੇ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਐੱਸ. ਡੀ. ਐੱਮ. ਦਫਤਰ ਮੂਹਰੇ ਧਰਨੇ ਦੀ ਤਿਆਰੀ ਸਬੰਧੀ ਪਿੰਡ ਫੂਲੇਵਾਲਾ, ਸਮਾਧ ਭਾਈ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਅੌਲਖ ਨੇ ਕਿਹਾ ਕਾਲਜ ਨੇ ਐੱਸ. ਸੀ. ਵਿਦਿਆਰਥਣਾਂ ਨਾਲ ਬਿਨਾਂ ਫੀਸ ਤੋਂ ਦਾਖਲੇ ਦੀ ਗੱਲ ਕੀਤੀ ਸੀ। ਹੁਣ ਸਾਲ ਬੀਤਣ ਬਾਅਦ ਲਡ਼ਕੀਆਂ ਤੋਂ ਫੀਸ ਮੰਗੀ ਜਾ ਰਹੀ ਹੈ, ਜਿਸ ਕਰ ਕੇ ਕਾਲਜ ਮੈਨੇਜਮੈਂਟ ਖਿਲਾਫ ਕਾਰਵਾਈ ਕਰਵਾਉਣ ਅਤੇ ਬਿਨਾਂ ਫੀਸ ਤੋਂ ਦਾਖਲਾ ਕਰਵਾਉਣ ਲਈ ਸੰਘਰਸ਼ ਤਿੱਖਾ ਕੀਤਾ ਜਾ ਰਿਹਾ ਹੈ, ਜੇ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ 13 ਅਗਸਤ ਨੂੰ ਵੱਡੀ ਗਿਣਤੀ ’ਚ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਨਿਹਾਲ ਸਿੰਘ ਵਾਲਾ ਵਿਚ ਮਾਰਚ ਕਰ ਕੇ ਐੱਸ. ਡੀ. ਐੱਮ. ਦਫਤਰ ਮੂਹਰੇ ਧਰਨਾ ਲਾਇਆ ਜਾਵੇਗਾ। ਇਸ ਮੌਕੇ ਜ਼ਿਲਾ ਆਗੂ ਸੁਖਵਿੰਦਰ ਕੌਰ, ਜਗਵੀਰ ਸਿੰਘ ਜੱਸ, ਨੌਜਵਾਨ ਆਗੂ ਜਸਵੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਰੋਡੇ ਕਾਲਜ ਵਿਖੇ ਵੀ ਰਜਿੰਦਰ ਸਿੰਘ ਰਾਜੇਆਣਾ ਦੀ ਅਗਵਾਈ ਵਿਚ ਵਿਦਿਆਰਥੀਆਂ ਨਾਲ ਫੀਸਾਂ ਨੂੰ ਲੈ ਕੇ ਧਰਨਾ ਲਾਉਣ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਬ੍ਰਿਜ ਲਾਲ ਰਾਜੇਆਣਾ, ਜਸਪ੍ਰੀਤ ਰਾਜੇਆਣਾ, ਜਸਵੀਰ ਲੰਡੇ, ਬੂਟਾ ਸਿੰਘ ਲੰਡੇ, ਬਲਜਿੰਦਰ ਸਿੰਘ ਅਤੇ ਹੋਰ ਆਗੂ ਸ਼ਾਮਲ ਸਨ।