ਡਾ. ਗਾਂਧੀ ਵਲੋਂ ''ਪੰਜਾਬੀਅਤ ਦੀ ਮੁੜ ਉਸਾਰੀ'' ਦਾ ਨਾਅਰਾ ਬਰਕਰਾਰ
Wednesday, Jun 12, 2019 - 12:40 PM (IST)
ਚੰਡੀਗੜ੍ਹ : ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ 'ਪੰਜਾਬੀਆਂ ਦੀ ਸਾਂਝ' ਕਾਇਮ ਕਰਨ ਲਈ ਮੁਹਿੰਮ ਛੇੜਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਆਪਣੇ 'ਪੰਜਾਬੀਅਤ ਦੀ ਮੁੜ ਉਸਾਰੀ' ਦੇ ਨਾਅਰੇ ਨੂੰ ਬਰਕਰਾਰ ਰੱਖਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਉਨ੍ਹਾਂ ਦੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨਾਲ ਸਹਿਮਤੀ ਤਕਰੀਬਨ ਬਣ ਚੁੱਕੀ ਹੈ।
ਡਾ. ਗਾਂਧੀ ਨੇ ਕਿਹਾ ਕਿ ਕਿਸੇ ਵੇਲੇ ਅਕਾਲੀ ਦਲ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਦਾ ਸੀ ਪਰ ਇਸ ਸਮੇਂ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੋਂ ਭਗੌੜਾ ਹੋ ਗਿਆ ਹੈ, ਜਿਸ ਕਾਰਨ ਪੰਜਾਬੀ ਆਪਣੀ ਰਾਜਧਾਨੀ ਚੰਡੀਗੜ੍ਹ ਲਈ ਪਿਛਲੇ 52 ਸਾਲਾਂ ਤੋਂ ਤਰਸ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਮੁੱਢ ਤੋਂ ਹੀ ਕੇਂਦਰਵਾਦੀ ਸਿਆਸਤ ਕਰ ਕੇ ਪੰਜਾਬੀ ਦਾ ਘਾਣ ਕਰਦੀ ਆ ਰਹੀ ਹੈ। ਡਾ. ਗਾਂਧੀ ਨੇ ਕਿਹਾ ਕਿ ਉਹ ਅਜਿਹਾ ਸਿਆਸੀ ਮੰਚ ਬਣਾਉਣਗੇ, ਜਿਹੜਾ ਕਿ ਉੱਜੜ ਰਹੇ ਪੰਜਾਬ ਨੂੰ ਬਚਾਉਣ ਲਈ ਪੰਜਾਬੀਆਂ ਦੇ ਵਾਰਸ ਦੀ ਭੂਮਿਕਾ ਨਿਭਾਵੇਗਾ। ਡਾ. ਗਾਂਧੀ ਨੇ ਕਿਹਾ ਕਿ ਉਹ ਅਜਿਹੇ ਪੰਜਾਬ ਦੀ ਸਿਰਜਣਾ ਕਰਨਾ ਚਾਹੁੰਦੇ ਹਨ, ਜਿੱਥੇ ਪੰਜਾਬੀ ਦੀ ਅਸਲ ਪਛਾਣ ਜਾਤੀ, ਸ਼੍ਰੇਣੀ, ਲਿੰਗ ਆਦਿ ਤੋਂ ਉੱਪਰ ਉੱਠ ਕੇ ਪੰਜਾਬੀ ਹੀ ਹੋਵੇ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਨਰੋਇਆ ਪੰਜਾਬ ਸਿਰਜਣ ਲਈ ਪੰਜਾਬ ਦੇ ਲੋਕਾਂ ਮੂਹਰੇ ਪੰਜਾਬੀਅਤ ਨਾਲ ਭਰਪੂਰ ਸਿਆਸੀ ਧਿਰ ਪੇਸ਼ ਕੀਤੀ ਜਾਵੇਗੀ।