ਧਰਮਕੋਟ: ਸਤਲੁਜ ਦਰਿਆ ''ਚ ਪਾਣੀ ਦਾ ਵਹਾਅ ਜਾਰੀ, 800 ਵਿਅਕਤੀਆਂ ਨੂੰ ਕੀਤਾ ਰੈਸਕਿਊ

Wednesday, Aug 21, 2019 - 05:32 PM (IST)

ਧਰਮਕੋਟ: ਸਤਲੁਜ ਦਰਿਆ ''ਚ ਪਾਣੀ ਦਾ ਵਹਾਅ ਜਾਰੀ, 800 ਵਿਅਕਤੀਆਂ ਨੂੰ ਕੀਤਾ ਰੈਸਕਿਊ

ਧਰਮਕੋਟ (ਸਤੀਸ਼) : ਸਤਲੁਜ ਦਰਿਆ ਜੋ ਕਿ ਆਫਤ ਬਣ ਕੇ ਥੋੜਾ ਸ਼ਾਂਤ ਹੋਏ ਦਰਿਆ 'ਚ ਪਾਣੀ ਦਾ ਪੱਧਰ ਥੋੜਾ ਘੱਟ ਹੋਇਆ ਸੀ ਕਿ ਪਰ ਪਿੱਛੋਂ ਆ ਰਹੇ ਪਾਣੀ ਕਾਰਨ ਪੱਧਰ ਫਿਰ ਵਧਿਆ ਹੈ। ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਲਗਾਤਾਰ ਬੰਨ੍ਹ ਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪਾਣੀ 'ਚ ਲੋਕ ਆਪਣੇ ਘਰਾਂ ਦਾ ਸਾਮਾਨ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈਆਂ ਕਿਸ਼ਤੀਆਂ ਰਾਹੀਂ ਬਾਹਰ ਕੱਢ ਕੇ ਲਿਆ ਰਹੇ ਹਨ। ਹਲਕੇ ਦੇ ਪਿੰਡ ਪਾਰਲੀ ਵਾਲਾ, ਕੰਬੋ ਖੁਰਦ, ਸ਼ੇਰੇਵਾਲਾ, ਸੰਘੇੜਾ ,ਮੇਹਰੂ ਵਾਲਾ ਪਾਣੀ ਨਾਲ ਘਿਰੇ ਹੋਏ ਹਨ। ਪ੍ਰਸ਼ਾਸਨ ਵਲੋਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਜਾ ਚੁੱਕਾ ਹੈ ਪਰ ਅਜੇ ਵੀ ਕਈ ਲੋਕ ਆਪਣੇ ਘਰਾਂ 'ਚ ਹਨ ਅਤੇ ਉਹ ਬਾਹਰ ਆਉਣ ਨੂੰ ਤਿਆਰ ਨਹੀਂ ਹਨ। ਐੱਨ.ਡੀ.ਆਰ. ਐੱਫ ਦੀ ਟੀਮ ਵਲੋਂ ਹੁਣ ਤੱਕ 800 ਵਿਅਕਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਕੀਤਾ ਗਿਆ ਹੈ। ਪਾਣੀ ਆਉਣ ਕਾਰਨ ਇਨ੍ਹਾਂ ਪਿੰਡਾਂ 'ਚ ਪ੍ਰਸ਼ਾਸਨ ਵਲੋਂ ਬਲੈਕ ਆਊਟ ਕੀਤਾ ਗਿਆ ਹੈ। 

PunjabKesari

ਜਾਣਕਾਰੀ ਮੁਤਾਬਕ ਪਾਣੀ 'ਚ ਘਿਰੇ ਲੋਕਾਂ ਨੂੰ ਜਿੱਥੇ ਪ੍ਰਸ਼ਾਸਨ ਵਲੋਂ ਮੋਟਰਬੋਟ ਰਾਹੀਂ ਉਨ੍ਹਾਂ ਦੀ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਹੈਲੀਕਾਪਟਰ ਰਾਹੀਂ ਪਾਣੀ 'ਚ ਘਿਰੇ ਲੋਕਾਂ ਨੂੰ ਉਨ੍ਹਾਂ ਦੇ ਮਕਾਨਾਂ ਤੇ ਖਾਣਾ ਪੀਣ ਵਾਲਾ ਪਾਣੀ ਤੇ ਹੋਰ ਸਾਮਾਨ ਸੁੱਟਿਆ ਗਿਆ। ਪ੍ਰਸ਼ਾਸਨ ਵਲੋਂ ਪ੍ਰਭਾਵਿਤ ਲੋਕਾਂ ਲਈ ਰਿਲੀਫ ਕੈਂਪਾਂ 'ਚ ਲੰਗਰ, ਦਵਾਈਆਂ, ਪੀਣ ਵਾਲਾ ਪਾਣੀ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪਸ਼ੂਆਂ ਲਈ ਪ੍ਰਸ਼ਾਸਨ ਵੱਲੋਂ ਜਿੱਥੇ ਫੀਡ ਦਿੱਤੀ ਜਾ ਰਹੀ ਹੈ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਹਰਾ ਚਾਰਾ ਤੂੜੀ ਆਦਿ ਪ੍ਰਭਾਵਿਤ ਲੋਕਾਂ ਨੂੰ ਵੰਡੀ ਜਾ ਰਹੀ ਹੈ। ਪਿੰਡਾਂ ਦੀਆਂ ਪੰਚਾਇਤਾਂ ਧਾਰਮਿਕ ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਲਈ ਲੰਗਰ ਲਗਾਏ ਜਾ ਰਹੇ ਹਨ ਅਤੇ ਵਰਲਡ ਕੈਂਸਰ ਕੇਅਰ ਵੱਲੋਂ ਵੀ ਆਪਣੀਆਂ ਡਾਕਟਰੀ ਟੀਮਾਂ ਪ੍ਰਭਾਵਿਤ ਲੋਕਾਂ ਲਈ ਭੇਜੀਆਂ ਗਈਆਂ ਹਨ।    

PunjabKesari

ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਨੇ ਕੀਤਾ ਐਨਡੀਆਰਐਫ ਦੀ ਟੀਮ ਦਾ ਸਨਮਾਨ 
ਸੰਦੀਪ ਹੰਸ ਡਿਪਟੀ ਕਮਿਸ਼ਨਰ ਮੋਗਾ ਅਤੇ ਸੁਖਜੀਤ ਸਿੰਘ ਲੋਹਗੜ੍ਹ ਹਲਕਾ ਵਿਧਾਇਕ ਧਰਮਕੋਟ ਵੱਲੋਂ ਅੱਜ ਹੜ੍ਹ  ਪੀੜਤ ਲੋਕਾਂ ਦੀ ਸਾਰ ਲੈਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਲੋਂ ਮੋਟਰ ਬੋਟ 'ਚ ਬੈਠ ਕੇ ਪਾਣੀ 'ਚ ਘਿਰੇ ਪ੍ਰਭਾਵਿਤ ਲੋਕਾਂ ਦੀ ਸਾਰ ਲਈ। ਇਸ ਦੌਰਾਨ ਉਨ੍ਹਾਂ ਐੱਨ.ਡੀ.ਆਰ.ਐੱਫ. ਦੀ ਟੀਮ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਦਰਿਆ ਖੇਤਰ 'ਚ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਟੀਮ ਵਲੋਂ ਹੁਣ ਤੱਕ 800 ਦੇ ਕਰੀਬ ਵਿਅਕਤੀਆਂ ਨੂੰ ਰੈਸਕਿਊ ਕਰ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਅਗਵਾਈ ਕਰ ਰਹੇ ਇੰਸਪੈਕਟਰ ਜੀ.ਡੀ. ਰਾਹੁਲ ਪ੍ਰਤਾਪ ਸਿੰਘ ਦੀ ਅਗਵਾਈ 'ਚ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਮੋਗਾ ਅਤੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਵਰ ਨੇ ਕਿਹਾ ਕਿ ਸਮੁੱਚੀ ਸਰਕਾਰ ਅਤੇ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਹੜ੍ਹ ਪੀੜਤਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਾਣੀ ਕਾਰਨ ਹਜ਼ਾਰਾਂ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ ਜਿਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਜੋ ਪਿਛਲਾ ਮੁਆਵਜ਼ਾ ਹੈ ਉਹ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਸਰਕਾਰ ਵੱਲੋਂ ਇਸ ਵਿਪਦਾ ਨੂੰ ਕੁਦਰਤੀ ਆਫਤ ਐਲਾਨਿਆ ਗਿਆ ਹੈ। ਸਰਕਾਰ ਇਸ ਦੁੱਖ ਦੀ ਘੜੀ 'ਚ ਲੋਕਾਂ ਦੇ ਨਾਲ ਹੈ ਅਤੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਨਰਿੰਦਰ ਸਿੰਘ ਧਾਲੀਵਾਲ ਐੱਸ.ਡੀ.ਐੱਮ. ਧਰਮਕੋਟ,ਪਵਨ ਗੁਲਾਟੀ ਤਹਿਸੀਲਦਾਰ ਧਰਮਕੋਟ, ਮਨਿੰਦਰ ਸਿੰਘ ਨਾਇਬ ਤਹਿਸੀਲਦਾਰ ਕੋਟ ਈਸੇ ਖਾਂ ਆਦਿ ਹਾਜ਼ਰ ਸਨ।  

PunjabKesari


author

Shyna

Content Editor

Related News