ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਖਿਲਾਫ ਹਾਈਕੋਰਟ ਜਾਣਗੇ ਮੁਹੰਮਦ ਮੁਸਤਫਾ

Wednesday, Feb 27, 2019 - 06:54 PM (IST)

ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਖਿਲਾਫ ਹਾਈਕੋਰਟ ਜਾਣਗੇ ਮੁਹੰਮਦ ਮੁਸਤਫਾ

ਚੰਡੀਗੜ੍ਹ : ਆਪਣੇ ਤੋਂ ਜੂਨੀਅਰ ਦਿਨਕਰ ਗੁਪਤਾ ਦੀ ਡੀ. ਜੀ. ਪੀ. ਅਹੁਦੇ 'ਤੇ ਤਾਇਨਾਤੀ ਦੇ ਖਿਲਾਫ ਆਈ. ਪੀ. ਐੱਸ. ਮੁਹੰਮਦ ਮੁਸਤਫਾ ਹੁਣ ਹਾਈਕੋਰਟ ਜਾਣਗੇ। ਇਸ ਤੋਂ ਪਹਿਲਾਂ ਮੁਸਤਫਾ ਨੇ ਦਿਨਕਰ ਗੁਪਤਾ ਦੀ ਤਾਇਨਾਤੀ 'ਤੇ ਨਿਯਮਾਂ ਦੇ ਉਲੰਘਣ ਦਾ ਦੋਸ਼ ਲਗਾਉਂਦੇ ਹੋਏ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿੱਥੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪਹਿਲਾਂ ਹਾਈਕੋਰਟ ਵਿਚ ਜਾਣ ਲਈ ਕਿਹਾ ਸੀ। 
ਮੁਹੰਮਦ ਮੁਸਤਫਾ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਕੀ ਉਹ ਇਸ ਤੋਂ ਪਹਿਲਾਂ ਆਪਣੀ ਪਟੀਸ਼ਨ ਹਾਈਕੋਰਟ ਵਿਚ ਲੈ ਕੇ ਗਏ ਸਨ। ਮੁਸਤਫਾ ਨੇ ਜਦੋਂ ਇਸ ਤੋਂ ਇਨਕਾਰ ਕੀਤਾ ਤਾਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪਹਿਲਾਂ ਹਾਈਕੋਰਟ ਜਾਣ ਲਈ ਕਿਹਾ। ਜੇ ਹਾਈਕੋਰਟ ਦੇ ਫੈਸਲੇ ਤੋਂ ਉਹ ਸੰਤੁਸ਼ਟ ਨਹੀਂ ਹੁੰਦੇ ਤਾਂ ਉਹ ਸੁਪਰੀਮ ਕੋਰਟ ਦਾ ਸਹਾਰਾ ਲੈ ਸਕਦੇ ਹਨ। ਮੁਹੰਮਦ ਮੁਸਤਫਾ ਦਾ ਦੋਸ਼ ਹੈ ਕਿ ਪੰਜਾਬ ਦੇ ਡੀ. ਜੀ. ਪੀ. ਦੀ ਤਾਇਨਾਤੀ ਵਿਚ ਨਿਯਮਾਂ ਦਾ ਉਲੰਘਣ ਹੋਇਆ ਹੈ। ਦਿਨਕਰ ਗੁਪਤਾ ਜੋ ਉਨ੍ਹਾਂ ਦੇ ਜੂਨੀਅਰ ਸਨ, ਨੂੰ ਇਸ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ।
ਯੂ. ਪੀ. ਐੱਸ. ਸੀ. ਨੂੰ ਪਹਿਲਾਂ ਤਿੰਨ ਆਈ. ਪੀ. ਐੱਸ. ਅਫਸਰਾਂ ਦਾ ਪੈਨਲ ਪੰਜਾਬ ਸਰਕਾਰ ਨੇ ਭੇਜਣ ਲਈ ਤਿਆਰ ਕੀਤਾ ਸੀ, ਜਿਸ ਵਿਚ ਉਨ੍ਹਾਂ ਦਾ ਨਾਮ ਵੀ ਸੀ ਪਰ ਐਨ ਮੌਕੇ 'ਤੇ ਪੈਨਲ ਬਦਲ ਦਿੱਤਾ ਗਿਆ, ਜਿਸ ਵਿਚੋਂ ਉਨ੍ਹਾਂ ਦਾ ਨਾਮ ਹਟਾ ਦਿੱਤਾ ਗਿਆ। ਉਸ ਪੈਨਲ ਵਿਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਦਾ ਨਾਮ ਚੁਣਿਆ ਅਤੇ ਦਿਨਕਰ ਗੁਪਤਾ ਡੀ. ਜੀ. ਪੀ. ਬਣ ਗਏ।


author

Gurminder Singh

Content Editor

Related News