ਡੀ. ਜੀ. ਪੀ. ਗੌਰਵ ਯਾਦਵ ਨੇ ਹੈਲਪਲਾਈਨ ਨੰਬਰ 112 ਦੀ ਕੀਤੀ ਸ਼ਲਾਘਾ, ਕਿਹਾ-ਕਈਆਂ ਦੇ ਕੀਤੇ ਮਸਲੇ ਹੱਲ

Sunday, Jan 15, 2023 - 01:12 PM (IST)

ਡੀ. ਜੀ. ਪੀ. ਗੌਰਵ ਯਾਦਵ ਨੇ ਹੈਲਪਲਾਈਨ ਨੰਬਰ 112 ਦੀ ਕੀਤੀ ਸ਼ਲਾਘਾ, ਕਿਹਾ-ਕਈਆਂ ਦੇ ਕੀਤੇ ਮਸਲੇ ਹੱਲ

ਜਲੰਧਰ (ਧਵਨ)- ਪੰਜਾਬ ਪੁਲਸ ਦੀ ਹੈਲਪਲਾਈਨ ਨੰਬਰ 112 ਨੇ ਕਈਆਂ ਦੇ ਮਸਲੇ ਹੱਲ ਕੀਤੇ ਹਨ। ਸੂਬੇ ਵਿਚ ਡੀ. ਜੀ. ਪੀ. ਦਾ ਅਹੁਦਾ ਸੰਭਾਲਣ ਤੋਂ ਬਾਅਦ ਗੌਰਵ ਯਾਦਵ ਨੇ ਹੈਲਪਲਾਈਨ ਨੂੰ ਮਜ਼ਬੂਤ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਲਗਾਤਾਰ ਹੈਲਪਲਾਈਨ ’ਤੇ ਮਿਲ ਰਹੀਆਂ ਸ਼ਿਕਾਇਤਾਂ ’ਤੇ ਪੰਜਾਬ ਪੁਲਸ ਨੇ ਤੁਰੰਤ ਕੰਮ ਕੀਤਾ ਹੈ। ਡੀ. ਜੀ. ਪੀ. ਨੇ ਖ਼ੁਦ ਲੋਕਾਂ ਦੇ ਮਸਲੇ ਹੱਲ ਕਰਨ ਲਈ ਹੈਲਪਲਾਈਨ ਦੀ ਸ਼ਲਾਘਾ ਕੀਤੀ ਹੈ। ਹੁਣੇ ਜਿਹੇ ਰੂਪਨਗਰ ਦੇ ਇਕ ਵਿਅਕਤੀ ਨੇ ਹੈਲਪਲਾਈਨ 112 ’ਤੇ ਸੰਪਰਕ ਕਰਕੇ ਕਿਹਾ ਕਿ ਉਸ ਦੀ ਬੇਟੀ ਗਰਭਵਤੀ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਸ ਨੂੰ ਤੁਰੰਤ ਐਂਬੂਲੈਂਸ ਮੁਹੱਈਆ ਕਰਵਾਈ ਜਾਵੇ। ਹੈਲਪਲਾਈਨ ’ਤੇ ਸ਼ਿਕਾਇਤ ਮਿਲਦੇ ਹੀ ਪੁਲਸ ਨੇ ਤੁਰੰਤ ਐਂਬੂਲੈਂਸ ਦਾ ਪ੍ਰਬੰਧ ਕੀਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਫੋਨ ਕਰਨ ਵਾਲੇ ਨੇ ਪੁਲਸ ਦਾ ਧੰਨਵਾਦ ਕੀਤਾ।

ਇਸੇ ਤਰ੍ਹਾਂ ਜਲੰਧਰ ਦੀ ਇਕ ਔਰਤ ਨੇ ਵੀ ਹੈਲਪਲਾਈਨ 181 ’ਤੇ ਸੰਪਰਕ ਕਰਕੇ ਦੋਸ਼ ਲਾਇਆ ਕਿ ਉਸ ਦੇ ਗੁਆਂਢੀ ਨੇ ਉਸ ਦੀ ਕੁੱਟਮਾਰ ਕੀਤੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਕਸੂਰਵਾਰ ਨੇ ਆਪਣੀ ਗਲਤੀ ਮੰਨ ਲਈ ਅਤੇ ਆਪਸੀ ਗੱਲਬਾਤ ਤੋਂ ਬਾਅਦ ਦੋਵਾਂ ’ਚ ਸਮਝੌਤਾ ਹੋ ਗਿਆ। ਔਰਤ ਨੇ ਮਸਲਾ ਹੱਲ ਕਰਨ ਲਈ ਹੈਲਪਲਾਈਨ 181 ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਅੱਜ ਹੋਵੇਗਾ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸੰਸਕਾਰ, ਰਾਹੁਲ ਗਾਂਧੀ ਵੀ ਰਹਿਣਗੇ ਮੌਜੂਦ

ਕੁਝ ਦਿਨ ਪਹਿਲਾਂ ਪਠਾਨਕੋਟ ਦੇ ਇਕ ਵਿਅਕਤੀ ਨੇ ਵੀ ਹੈਲਪਲਾਈਨ ’ਤੇ ਸੰਪਰਕ ਕਰਕੇ ਦੱਸਿਆ ਕਿ ਉਸ ਦੀ ਭੈਣ ਨੂੰ ਉਸ ਦੇ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲਸ ਨੇ ਸ਼ਿਕਾਇਤ ਮਿਲਦੇ ਹੀ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਤੋਂ ਬਾਅਦ ਸਹੁਰੇ ਵਾਲਿਆਂ ਨੇ ਆਪਣੀ ਗਲਤੀ ਮੰਨਦੇ ਹੋਏ ਵਾਅਦਾ ਕੀਤਾ ਕਿ ਭਵਿੱਖ ’ਚ ਲੜਕੀ ਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਸ਼ਿਕਾਇਤਕਰਤਾ ਨੇ ਇਸ ਦੇ ਲਈ ਪੰਜਾਬ ਪੁਲਸ ਦਾ ਧੰਨਵਾਦ ਕੀਤਾ ਹੈ। 2 ਦਿਨ ਪਹਿਲਾਂ ਕਿਸੇ ਨੇ ਜਲੰਧਰ ਤੋਂ ਹੈਲਪਲਾਈਨ ’ਤੇ ਸੰਪਰਕ ਕੀਤਾ ਅਤੇ ਦੱਸਿਆ ਕਿ ਉਸ ਦੇ 2 ਬੱਚੇ, ਜਿਨ੍ਹਾਂ ਦੀ ਉਮਰ ਕ੍ਰਮਵਾਰ 7 ਤੇ 5 ਸਾਲ ਹੈ, ਘਰੋਂ ਲਾਪਤਾ ਹਨ। ਪੁਲਸ ਪਾਰਟੀ ਤੁਰੰਤ ਹਰਕਤ ’ਚ ਆਈ ਅਤੇ ਬੱਚਿਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਮਾਪਿਆਂ ਨਾਲ ਮਿਲਾਇਆ। ਇਸ ਦੇ ਲਈ ਮਾਪਿਆਂ ਨੇ ਪੁਲਸ ਦਾ ਧੰਨਵਾਦ ਕੀਤਾ।

ਡੀ. ਜੀ. ਪੀ. ਵੱਲੋਂ ਹੈਲਪਲਾਈਨ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਹੁਣ ਪੀ. ਸੀ. ਆਰ. ਦੇ ਰਿਸਪਾਂਸ ਸਮੇਂ ਨੂੰ ਹੋਰ ਘਟਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਪੀ. ਸੀ. ਆਰ. ਦਾ ਰਿਸਪਾਂਸ ਸਮਾਂ ਪੰਜਾਬ ਨਾਲੋਂ ਬਿਹਤਰ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਪੀ. ਸੀ. ਆਰ. ਦਾ ਰਿਸਪਾਂਸ ਸਮਾਂ ਹੋਰ ਘਟਾਇਆ ਜਾਵੇਗਾ।

ਇਹ ਵੀ ਪੜ੍ਹੋ : MP ਸੰਤੋਖ ਚੌਧਰੀ ਦੇ ਦਿਹਾਂਤ ਤੋਂ ਪਹਿਲਾਂ ਦੀ ਸੁਣੋ ਆਖ਼ਰੀ ਵੀਡੀਓ, 'ਭਾਰਤ ਜੋੜੋ ਯਾਤਰਾ' ਸਬੰਧੀ ਕਹੀਆਂ ਵੱਡੀਆਂ ਗੱਲਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News