ਜਰਨੈਲ ਸਿੰਘ ਕਤਲ ਕਾਂਡ 'ਚ ਵੱਡੀ ਗ੍ਰਿਫ਼ਤਾਰੀ, ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਮੁਲਜ਼ਮ ਸਣੇ 3 ਕਾਬੂ
Friday, Jun 09, 2023 - 12:10 PM (IST)
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪਿੰਡ ਸਠਿਆਲਾ ਵਿਖੇ ਹੋਏ ਜਰਨੈਲ ਸਿੰਘ ਦੇ ਕਤਲ ’ਚ ਸ਼ਾਮਲ ਮੁਲਜ਼ਮ ਗੁਰਵੀਰ ਸਿੰਘ ਉਰਫ਼ ਗੁਰੀ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਇਸ ਮਾਮਲੇ ਬਾਰੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਰਾਹੀਂ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਕਤਲ ਦੀ ਅਗਲੇਰੀ ਜਾਂਚ ਤੋਂ ਬਾਅਦ ਪਿੰਡ ਸਠਿਆਲਾ 'ਚ ਅੰਮ੍ਰਿਤਸਰ ਪੁਲਸ ਨੇ 4 ਸ਼ੂਟਰਾਂ ਨੂੰ ਲੈ ਕੇ ਜਾਣ ਵਾਲੀ ਕਾਰ ਦੇ ਡਰਾਈਵਰ ਗੁਰਮੇਜ ਸਿੰਘ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਮੇਜ ਕਾਰ 'ਚ ਉਨ੍ਹਾਂ ਨੂੰ ਵਾਰਦਾਤ ਵਾਲੀ ਥਾਂ 'ਤੇ ਲੈ ਗਿਆ ਅਤੇ ਵਾਰਦਾਤ ਤੋਂ ਬਾਅਦ ਉਸ ਨੇ ਸ਼ੂਟਰਾਂ ਨੂੰ ਵੱਖ-ਵੱਖ ਥਾਵਾਂ 'ਤੇ ਛੱਡ ਦਿੱਤਾ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ’ਚ ਸੰਨੀ ਦਿਓਲ ਵੱਲੋਂ ਗਦਰ-2 ਦੀ ਸ਼ੂਟਿੰਗ 'ਤੇ ਸ਼੍ਰੋਮਣੀ ਕਮੇਟੀ ਦਾ ਤਿੱਖਾ ਪ੍ਰਤੀਕਰਮ
ਡੀਜੀਪੀ ਨੇ ਅੱਗੇ ਕਿਹਾ ਕਿ ਗੁਰਮੇਜ ਨੇ ਸਾਰੇ ਸ਼ੂਟਰਾਂ ਨੂੰ ਪਨਾਹ ਅਤੇ ਮਾਲੀ ਸਹਾਇਤਾ ਪ੍ਰਦਾਨ ਕੀਤੀ ਸੀ। ਮੁਲਜ਼ਮਾਂ ਕੋਲੋਂ ਸਵਿਫਟ ਡਿਜ਼ਾਇਰ ਕਾਰ ਅਤੇ ਅਪਰਾਧ 'ਚ ਵਰਤੀ ਗਈ ਇੱਕ ਪਿਸਤੌਲ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਸ ਅਪਰਾਧੀਆਂ ਦੇ ਨੈੱਟਵਰਕ ਨੂੰ ਨਸ਼ਟ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ
ਜ਼ਿਕਰਯੋਗ ਹੈ ਕਿ ਬਾਬਾ ਬਕਾਲਾ ਸਾਹਿਬ ਦੇ ਕਸਬਾ ਸਠਿਆਲਾ ’ਚ 24 ਮਈ ਨੂੰ ਕਾਲਜ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਦਾ ਸ਼ੂਟਰਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹਮਲਾਵਰਾਂ ਨੇ ਜਰਨੈਲ ਸਿੰਘ ਨੂੰ 20 ਤੋਂ 25 ਦੇ ਕਰੀਬ ਗੋਲ਼ੀਆਂ ਮਾਰੀਆਂ ਸਨ। ਗੋਲ਼ੀਆਂ ਲੱਗਣ ਕਾਰਨ ਜਰਨੈਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਵਿੱਫਟ ਕਾਰ ’ਤੇ ਸਵਾਰ ਹੋ ਕੇ ਆਏ ਸਨ। ਜਰਨੈਲ ਸਿੰਘ ਵੇਟ ਲਿਫਟਰ ਵਜੋਂ ਵੀ ਜਾਣਿਆ ਜਾਂਦਾ ਸੀ। ਮੌਕੇ ’ਤੇ ਲੋਕਾਂ ਨੇ ਦੱਸਿਆ ਹੈ ਕਿ ਜਰਨੈਲ ਸਿੰਘ ਘੁੜੱਕੇ ’ਤੇ ਆਪਣੀ ਬਹਿਕ ਤੋਂ ਤੇਲ ਕਢਵਾਉਣ ਲਈ ਸਰ੍ਹੋਂ ਲੈ ਕੇ ਆ ਰਿਹਾ ਸੀ, ਇਸ ਦੌਰਾਨ ਜਦੋਂ ਉਹ ਚੱਕੀ ਅੰਦਰੋਂ ਬਾਹਰ ਨਿਕਲਿਆ ਤਾਂ ਚਾਰ ਹਮਲਾਵਰ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਉਨ੍ਹਾਂ ਨੇ ਉਸ ’ਤੇ ਲਗਾਤਾਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਵਿਚ ਜਰਨੈਲ ਸਿੰਘ ਦੀ ਮੌਕੇ ’ਤੇ ਹੋ ਗਈ ਸੀ।
ਇਹ ਵੀ ਪੜ੍ਹੋ- ਵਿਜੀਲੈਂਸ ਦੀ ਰਡਾਰ 'ਤੇ ਸਾਬਕਾ CM ਚੰਨੀ, ਹੁਣ ਇਸ ਮਾਮਲੇ ਨੂੰ ਲੈ ਕੇ ਵਧ ਸਕਦੀਆਂ ਨੇ ਮੁਸ਼ਕਿਲਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।