ਚੰਡੀਗੜ੍ਹ: ਕਰਫਿਊ ਹੈਲਪਲਾਈਨ 'ਚ ਤਬਦੀਲ ਹੋਇਆ '112 ਹੈਲਪਲਾਈਨ ਨੰਬਰ'

Friday, Mar 27, 2020 - 09:43 AM (IST)

ਚੰਡੀਗੜ੍ਹ: ਕਰਫਿਊ ਹੈਲਪਲਾਈਨ 'ਚ ਤਬਦੀਲ ਹੋਇਆ '112 ਹੈਲਪਲਾਈਨ ਨੰਬਰ'

ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ): ਸੂਬੇ 'ਚ ਲਾਏ ਗਏ ਕਰਫਿਊ ਦੇ ਮੱਦੇਨਜ਼ਰ ਪੰਜਾਬ ਪੁਲਸ ਨੇ ਸੂਬੇ ਭਰ 'ਚ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਦੌਰਾਨ ਡਿਊਟੀ 'ਤੇ ਤਾਇਨਾਤ 41000 ਪੁਲਸ ਕਰਮਚਾਰੀਆਂ ਵੱਲੋਂ ਪਿਛਲੇ 36 ਘੰਟਿਆਂ 'ਚ ਲੋੜਵੰਦਾਂ ਨੂੰ 1,50,000 ਤੋਂ ਵੱਧ ਡਰਾਈ ਫੂਡ ਪੈਕੇਟ ਵੰਡੇ ਗਏ ਅਤੇ ਨਾਲ ਹੀ ਸਾਰੇ ਜ਼ਿਲਿਆਂ 'ਚ ਨਾਗਰਿਕਾਂ ਨੂੰ ਜ਼ਰੂਰੀ ਵਸਤਾਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਲੋੜਵੰਦਾਂ ਨੂੰ ਕੁਲ 1.50 ਲੱਖ ਤੋਂ ਵੱਧ ਫੂਡ ਪੈਕੇਟ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਅਤੇ ਮੈਡੀਕਲ ਐਮਰਜੈਂਸੀ ਨਾਲ ਨÎਜਿੱਠਣ ਵਾਸਤੇ ਸਹਾਇਤਾ ਪ੍ਰਦਾਨ ਕਰਨ ਸਬੰਧੀ ਕੋਵਿਡ-19 ਕਰਫਿਊ ਲਈ ਇਕ ਈ-ਪਾਸ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਹੈਲਪ ਲਾਈਨ ਨੰਬਰ 112 ਨੂੰ ਕਰਫਿਊ ਹੈਲਪ ਲਾਈਨ 'ਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ 'ਤੇ ਹੁਣ ਕਰਫਿਊ ਨਾਲ ਸਬੰਧਤ ਸਾਰੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਜਵਾਬ ਮਿਲੇਗਾ। ਡੀ. ਜੀ. ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੰਦ ਦੌਰਾਨ ਪੈਦਾ ਹੋਈ ਕਿਸੇ ਵੀ ਐਮਰਜੈਂਸੀ ਲਈ ਪੁਲਸ ਨਾਲ ਸੰਪਰਕ ਕਰਨ।

ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਗਰੀਬਾਂ ਦੀ ਮਦਦ ਲਈ ਅੱਗੇ ਆਇਆ ਡੇਰਾ ਬਿਆਸ, ਕੀਤਾ ਵੱਡਾ ਐਲਾਨ

ਡੀ. ਜੀ. ਪੀ. ਨੇ ਕਿਹਾ ਕਿ ਈ-ਪਾਸ ਸਹੂਲਤ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗੀ ਅਤੇ ਮੈਡੀਕਲ ਐਮਰਜੈਂਸੀ ਵਾਲੇ ਨਾਗਰਿਕਾਂ ਦੀ ਵੀ ਸਹਾਇਤਾ ਕਰੇਗੀ। ਇਸ ਪ੍ਰਣਾਲੀ 'ਚ, ਵੱਖ-ਵੱਖ ਸ਼੍ਰੇਣੀਆਂ ਅਧੀਨ ਯੋਗ ਜਾਂ ਡਾਕਟਰੀ ਐਮਰਜੈਂਸੀ ਵਾਲੇ ਵਿਅਕਤੀ ਕਰਫਿਊ ਪਾਸ ਪ੍ਰਾਪਤ ਕਰਨ ਲਈ ਆਪਣੇ ਦਸਤਾਵੇਜ਼ਾਂ ਸਮੇਤ ਵੇਰਵੇ ਭਰ ਕੇ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾ ਕਰਵਾ ਸਕਦੇ ਹਨ। ਡੀ. ਜੀ. ਪੀ. ਨੇ ਕਿਹਾ ਕਿ ਸਾਰੇ ਕਮਿਸ਼ਨਰੇਟਾਂ/ਜ਼ਿਲਿਆਂ 'ਚ 2-2 ਅਧਿਕਾਰੀਆਂ ਨੂੰ 'ਕਰਫਿਊ ਪਾਸ ਅਧਿਕਾਰੀ' ਨਿਯੁਕਤ ਕੀਤਾ ਗਿਆ ਹੈ। ਸਵੀਕਾਰ ਕੀਤੇ ਸਾਰੇ ਮਾਮਲਿਆਂ 'ਚ ਬਿਨੇਕਾਰ ਨੂੰ ਇਕ ਲਿੰਕ ਭੇਜਿਆ ਜਾਏਗਾ, ਜਿਸ ਰਾਹੀਂ ਉਹ ਆਪਣੇ ਸਮਾਰਟ ਫੋਨ 'ਤੇ ਈ-ਪਾਸ ਜਨਰੇਟ ਕਰ ਸਕਦਾ ਹੈ ਅਤੇ ਜ਼ਰੂਰਤ ਪੈਣ 'ਤੇ ਇਸ ਨੂੰ ਪ੍ਰਿੰਟ ਵੀ ਕਰ ਸਕਦਾ ਹੈ। ਵਿਅਕਤੀ/ਵਾਹਨ ਦੀ ਪਛਾਣ ਦੇ ਵੇਰਵਿਆਂ ਤੋਂ ਇਲਾਵਾ ਪਾਸ 'ਤੇ ਇਕ ਕਿਊ. ਆਰ. ਕੋਡ ਵੀ ਹੋਵੇਗਾ, ਜਿਸ ਦੀ ਜਾਂਚ ਡਿਊਟੀ 'ਤੇ ਤਾਇਨਾਤ ਪੁਲਸ ਅਧਿਕਾਰੀ ਕਰ ਸਕਦੇ ਹਨ। ਜ਼ਿਲਿਆਂ 'ਚ ਪੁਲਸ ਟੀਮਾਂ ਵੱਲੋਂ ਕੀਤੇ ਗਏ ਰਾਹਤ ਕਾਰਜਾਂ ਬਾਰੇ ਦੱਸਦਿਆਂ ਡੀ. ਜੀ. ਪੀ. ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਕੁਲ 130000 ਤੋਂ ਵੱਧ ਪੈਕੇਟ ਅੰਮ੍ਰਿਤਸਰ, ਹੁਸ਼ਿਆਰਪੁਰ, ਬਰਨਾਲਾ, ਬਠਿੰਡਾ, ਮੋਗਾ ਅਤੇ ਹੋਰ ਜ਼ਿਲਿਆਂ 'ਚ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਏ।

ਇਹ ਵੀ ਪੜ੍ਹੋ: ਪੰਜਾਬ 'ਚ ਇਕ ਹੋਰ ਮਹਾਂਮਾਰੀ ਦਾ ਖਦਸ਼ਾ, ਪੋਲਟਰੀ ਫਾਰਮਾਂ 'ਚ 5 ਕਰੋੜ ਮੁਰਗੀਆਂ ਦੇ ਮਰਨ ਦਾ ਡਰ

ਦਿਨਕਰ ਗੁਪਤਾ ਨੇ ਕਿਹਾ ਕਿ ਐਮਰਜੈਂਸੀ ਹੈਲਪ ਲਾਈਨਜ਼ ਰਾਹੀਂ ਵਧੇਰੇ ਲੋਕਾਂ ਤੱਕ ਪਹੁੰਚ ਕੀਤੀ ਜਾਏਗੀ। ਲੋਕਾਂ ਨੂੰ ਕੈਮਿਸਟ ਦੀਆਂ ਦੁਕਾਨਾਂ, ਜਿਥੋਂ ਭੀੜ ਇਕੱਠੀ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ, 'ਤੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਯਕੀਨੀ ਵੀ ਬਣਾਇਆ ਜਾ ਰਿਹਾ ਹੈ। ਜ਼ਿਲਾ ਪੱਧਰੀ ਵੇਰਵੇ ਦਿੰਦਿਆਂ ਡੀ. ਜੀ. ਪੀ. ਨੇ ਦੱਸਿਆ ਕਿ ਪਟਿਆਲਾ ਪ੍ਰਸ਼ਾਸਨ ਵੱਲੋਂ ਜ਼ਿਲੇ 'ਚ ਰਜਿਸਟਰਡ ਦੁਕਾਨਦਾਰਾਂ ਨੂੰ ਹੋਮ ਡਲਿਵਰੀ ਰਾਹੀਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਲਾਇਸੈਂਸ ਦਿੱਤੇ ਗਏ ਹਨ। ਇਸ ਨੇ ਨਾਲ ਹੀ ਅਧਿਕਾਰਤ ਦੁਕਾਨਦਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਮਾਨਸਾ ਅਤੇ ਬਠਿੰਡਾ ਜ਼ਿਲੇ 'ਚ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਪਾਸ ਜਾਰੀ ਕਰ ਕੇ ਅਤੇ ਵੱਖ-ਵੱਖ ਸਮੇਂ 'ਤੇ ਲੋਕਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।


author

Shyna

Content Editor

Related News