ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਬਣੀ ਖੰਡਰ (ਤਸਵੀਰਾਂ)

11/28/2019 12:33:28 PM

ਫਤਿਹਗੜ੍ਹ ਸਾਹਿਬ (ਵਿਪਨ)—ਖੰਡਰ ਬਣੀ ਇਹ ਇਮਾਰਤ, ਉਸ ਮਹਾਨ ਸ਼ਖਸੀਅਤ ਦੀ ਹਵੇਲੀ ਹੈ, ਜਿਸਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਤੇ ਰਹਿੰਦੀ ਦੁਨੀਆ ਤੱਕ ਸਿੱਖ ਇਤਿਹਾਸ 'ਚ ਆਪਣੀ ਛਾਪ ਛੱਡ ਦਿੱਤੀ। ਜਾਣਕਾਰੀ ਮੁਤਾਬਕ ਇਹ ਢਹਿ-ਢੇਰੀ ਹੋਈ ਇਮਾਰਤ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਹੈ ਜੋ ਸਮੇਂ ਦੀ ਸਰਕਾਰਾਂ ਤੇ ਐੱਸ.ਜੀ.ਪੀ.ਸੀ. ਦੀ ਅਣਦੇਖੀ ਦਾ ਸ਼ਿਕਾਰ ਹੋ ਅੱਜ ਖੰਡਰ ਬਣ ਗਈ ਹੈ। ਦੀਵਾਨ ਟੋਡਰ ਮੱਲ ਦੀ ਇਸ ਜਹਾਜ਼ ਹਵੇਲੀ ਦੀ ਇਹ ਜ਼ਰਜਰ ਹਾਲਤ ਵੇਖ ਕੇ ਸੰਗਤਾਂ 'ਚ ਭਾਰੀ ਰੋਸ ਹੈ।

PunjabKesari

ਦੀਵਾਨ ਟੋਡਰ ਮੱਲ ਕੌਣ ਸਨ?
ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ, ਜਿਸ ਨੇ ਆਪਣੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ ਖਰੀਦੀ। ਦੀਵਾਨ ਟੋਡਰ ਮੱਲ ਸਰਹਿੰਦ ਸੂਬੇ ਦੇ ਅਮੀਰ ਵਪਾਰੀ ਸਨ। ਉਨ੍ਹਾਂ ਦਾ ਜੱਦੀ ਪਿੰਡ ਸਮਾਣਾ ਅਧੀਂਨ ਆਉਂਦਾ ਪਿੰਡ ਕਾਕੜਾ ਸੀ ਪਰ ਉਨ੍ਹਾਂ ਦੇਪੁਰਖੇ ਸਰਹਿੰਦ ਵੱਸ ਗਏ ਸਨ। 13 ਦਸੰਬਰ 1704 ਨੂੰ ਜਦੋਂ ਵਜ਼ੀਰ ਖਾਨ ਦੇ ਹੁਕਮ ਨਾਲ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਉਦੋਂ ਦੀਵਾਨ ਟੋਡਰ ਮੱਲ ਹੀ ਸਨ, ਜਿਨ੍ਹਾਂ ਨੇ ਆਪਣੀ ਪੂਰੀ ਪੂੰਜੀ ਖਰਚ ਕਰ ਸਸਕਾਰ ਲਈ ਜ਼ਮੀਨ ਖਰੀਦੀ। ਦੀਵਾਨ ਟੋਡਰ ਮੱਲ ਨੇ ਕਰੀਬ 78 ਕਿੱਲੋ ਸੋਨੇ ਦੀਆਂ ਲਗਭਗ 7800 ਅਸ਼ਰਫ਼ੀਆਂ ਖੜ੍ਹੇ ਰੁਖ ਰੱਖ ਕੇ ਜ਼ਮੀਨ ਖਰੀਦੀ। ਕਹਿੰਦੇ ਨੇ ਕਿ ਉਸ ਵੇਲੇ ਸੋਨੇ ਦੀ ਅਸ਼ਰਫ਼ੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇਕ ਤੋਲਾ ਹੁੰਦਾ ਸੀ। ਇਸ ਤਰ੍ਹਾਂ ਘਰ-ਬਾਰ ਵੇਚ ਕੇ ਵੀ ਦੀਵਾਨ ਟੋਡਰ ਮੱਲ ਸਾਕਾ ਸਰਹੰਦ ਦੇ ਨਾਇਕ ਬਣ ਗਏ।

ਉਨ੍ਹਾਂ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ 'ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖ਼ਸ਼ੀ ਗਈ ਪਰ ਅਫਸੋਸ ਕਿ ਅੱਜ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਹਾਲਤ ਖਸਤਾ ਹੋ ਗਈ ਹੈ। ਇਸ ਇਤਿਹਾਸਕ ਧਰੋਹਰ ਵੱਲ ਨਾ ਤਾਂ ਸਰਕਾਰ ਨੇ ਧਿਆਨ ਦਿੱਤਾ ਅਤੇ ਨਾ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਐੱਸ.ਜੀ.ਪੀ.ਸੀ. ਨੇ ਇਸਦੀ ਸੁਧ ਲਈ। ਹਾਲਾਂਕਿ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਵਲੋਂ ਇਸਦੀ ਸਾਂਭ-ਸੰਭਾਲ ਦਾ ਕੰਮ ਆਰੰਭ ਕੀਤਾ ਗਿਆ ਪਰ ਪੁਰਾਤਨ ਵਿਭਾਗ ਵਲੋਂ ਕੰਮ ਨੂੰ ਰੋਕ ਦਿੱਤਾ ਗਿਆ।ਉਧਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਾਰ ਸੇਵਾ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਪਰ ਪੁਰਾਤਨ ਵਿਭਾਗ ਵਲੋਂ ਖੁਦ ਇਹ ਕੰਮ ਕਰਵਾਉਣ ਦੀ ਗੱਲ ਕਹਿ ਕੰਮ ਰੁਕਵਾ ਦਿੱਤਾ।

PunjabKesari

ਦੂਜੇ ਪਾਸੇ ਖੱਤਰੀ ਸਭਾ ਨੇ ਐੱਸ.ਜੀ.ਪੀ.ਸੀ. ਤੇ ਸਰਕਾਰਾਂ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਕੰਮ ਸੌਂਪ ਦਿੱਤਾ ਜਾਵੇ ਤਾਂ ਜੋ ਉਹ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਨੂੰ ਮੁੜ ਸੁਰਜੀਤ ਕਰ ਲੋਕਾਂ ਨੂੰ ਇਸਦੇ ਅਮੀਰ ਇਤਿਹਾਸ ਬਾਰੇ ਜਾਣੂ ਕਰਵਾ ਸਕਣ। ਦੱਸਣਯੋਗ ਹੈ ਕਿ ਹੁਣ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਵਸ ਆ ਰਿਹਾ ਹੈ। ਉਮੀਦ ਹੈ ਕਿ ਐੱਸ.ਜੀ.ਪੀ.ਸੀ. ਤੇ ਸਰਕਾਰ ਸਿੱਖ ਇਤਿਹਾਸ ਦੀ ਇਸ ਅਮੀਰ ਵਿਰਾਸਤ ਨੂੰ ਸਾਂਭਣ ਵੱਲ ਵੀ ਧਿਆਨ ਦੇਵੇਗੀ।


Shyna

Content Editor

Related News