ਨਰਾਤਿਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕਿਸ਼ਤਾਂ 'ਚ ਕਿਰਾਇਆ ਅਦਾ ਕਰ ਸਕਣਗੇ ਸ਼ਰਧਾਲੂ

Friday, Sep 09, 2022 - 02:07 PM (IST)

ਨਰਾਤਿਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕਿਸ਼ਤਾਂ 'ਚ ਕਿਰਾਇਆ ਅਦਾ ਕਰ ਸਕਣਗੇ ਸ਼ਰਧਾਲੂ

ਚੰਡੀਗੜ੍ਹ(ਲਲਨ ਯਾਦਵ) : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਵੱਲੋਂ 25 ਅਤੇ 30 ਸਤੰਬਰ ਨੂੰ ਨਰਾਤਿਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਭਾਰਤ ਗੌਰਵ ਟੂਰਿਸਟ ਟਰੇਨ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਅੰਬਾਲਾ ਕੈਂਟ ਰਾਹੀਂ ਕਟੜਾ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ. ਆਰ.ਸੀ.ਟੀ.ਸੀ.ਐੱਮ.ਪੀ.ਐੱਸ. ਦੇ ਖੇਤਰੀ ਪ੍ਰਬੰਧਕ ਰਾਘਵ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਆਸਾਨ ਕਿਸ਼ਤਾਂ ਵਿਚ ਕਿਰਾਇਆ ਵੀ ਅਦਾ ਕਰ ਸਕਦੇ ਹਨ। ਸਾਰੀਆਂ ਸਹੂਲਤਾਂ ਨਾਲ ਲੈਸ ਇਹ ਟਰੇਨ ਗਾਜ਼ੀਆਬਾਦ, ਮੇਰਠ, ਮੁਜ਼ੱਫਰਨਗਰ, ਸਹਾਰਨਪੁਰ, ਅੰਬਾਲਾ ਕੈਂਟ, ਸਰਹਿੰਦ ਅਤੇ ਲੁਧਿਆਣਾ ਤੋਂ ਯਾਤਰਾ ਸ਼ੁਰੂ ਕਰ ਸਕੇਗੀ। ਵੈਸ਼ਨੋ ਦੇਵੀ ਦੀ 4 ਦਿਨ ਅਤੇ 5 ਰਾਤਾਂ ਦੀ ਯਾਤਰਾ ਦੇ ਪੈਕੇਜ ਵਿਚ ਪ੍ਰਤੀ ਵਿਅਕਤੀ ਕਿਰਾਇਆ 17830 ਰੁਪਏ ਰੱਖਿਆ ਗਿਆ ਹੈ। ਜੇਕਰ ਦੋ ਵਿਅਕਤੀਆਂ ਦੀ ਸਾਂਝੀ ਟਿਕਟ ਬਣਦੀ ਹੈ ਤਾਂ ਪ੍ਰਤੀ ਵਿਅਕਤੀ 14 ਹਜ਼ਾਰ 990 ਰੁਪਏ ਦੇਣੇ ਪੈਣਗੇ। 5 ਤੋਂ 11 ਸਾਲ ਦੇ ਬੱਚੇ ਲਈ ਕਿਰਾਇਆ 12 ਹਜ਼ਾਰ 990 ਰੁਪਏ ਰੱਖਿਆ ਗਿਆ ਹੈ।

ਏ. ਸੀ. ਥਰਡ ਕਲਾਸ ਕੋਚ ’ਚ ਕਰਨਗੇ ਸਫ਼ਰ

ਜੀ. ਐੱਮ. ਨੇ ਦੱਸਿਆ ਕਿ ਏਅਰ ਕੰਡੀਸ਼ਨਡ ਟੂਰਿਸਟ ਟਰੇਨ ’ਚ ਏ. ਸੀ. ਤੀਜੇ ਦਰਜੇ ਦੇ ਕੋਚ ਹੋਣਗੇ। ਇਸ ਦੇ ਨਾਲ ਹੀ ਆਧੁਨਿਕ ਰਸੋਈ ਕਾਰ ਤੋਂ ਯਾਤਰੀਆਂ ਨੂੰ ਸਵਾਦੀ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ। ਯਾਤਰੀਆਂ ਦੇ ਮਨੋਰੰਜਨ ਅਤੇ ਯਾਤਰਾ ਦੀ ਜਾਣਕਾਰੀ ਆਦਿ ਮੁਹੱਈਆ ਕਰਨ ਲਈ ਟਰੇਨ ਵਿਚ ਇਨਫੋਟੇਨਮੈਂਟ ਸਿਸਟਮ ਵੀ ਲਾਇਆ ਗਿਆ ਹੈ। ਸਾਫ਼-ਸੁਥਰੇ ਪਖਾਨੇ ਦੇ ਨਾਲ-ਨਾਲ ਸੁਰੱਖਿਆ ਲਈ ਸੁਰੱਖਿਆ ਗਾਰਡ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਹਰ ਕੋਚ ’ਚ ਮੌਜੂਦ ਹੋਣਗੇ। ਇਸ ਟੂਰ ਪੈਕੇਜ ਵਿਚ ਯਾਤਰੀਆਂ ਨੂੰ ਰੇਲ ਯਾਤਰਾ ਤੋਂ ਇਲਾਵਾ ਸਵਾਦੀ ਸ਼ਾਕਾਹਾਰੀ ਭੋਜਨ, ਬੱਸਾਂ ਰਾਹੀਂ ਸੈਰ-ਸਪਾਟਾ ਸਥਾਨਾਂ ਦੀ ਸੈਰ, ਹੋਟਲਾਂ ਵਿਚ ਰਿਹਾਇਸ਼, ਗਾਈਡ ਅਤੇ ਬੀਮਾ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਰਕਾਰ/ਪੀ. ਐੱਸ. ਯੂ. ਯਾਤਰਾ ’ਤੇ ਕਰਮਚਾਰੀ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਆਪਣੀ ਯੋਗਤਾ ਅਨੁਸਾਰ ਐੱਲ. ਟੀ. ਸੀ. ਸਹੂਲਤ ਵੀ ਲੈ ਸਕਦੇ ਹਨ।

ਵੱਖ-ਵੱਖ ਭੁਗਤਾਨ ਗੇਟਵੇ ਨਾਲ ਸਮਝੌਤਾ

ਆਈ. ਆਰ. ਸੀ. ਟੀ. ਸੀ. ਲਿਮਟਿਡ ਨੇ ਗਾਹਕਾਂ ਲਈ ਟੂਰ ਬੁਕਿੰਗ ਪ੍ਰਕਿਰਿਆ ਨੂੰ ਸੁਚਾਰੂ ਅਤੇ ਵਧੇਰੇ ਆਕਰਸ਼ਕ ਬਣਾਉਣ ਲਈ ‘ਪੇਟੀਐੱਮ’ ਅਤੇ ‘ਰਾਜ਼ੋਰਪੇਅ’ ਵਰਗੀਆਂ ਭੁਗਤਾਨ ਗੇਟਵੇ ਸੰਸਥਾਵਾਂ ਨਾਲ ਸਮਝੌਤਾ ਕੀਤਾ ਹੈ, ਜਿਸ ਨਾਲ ਉਹ ਆਸਾਨ ਕਿਸ਼ਤਾਂ ਵਿਚ ਰਕਮ ਦਾ ਭੁਗਤਾਨ ਕਰਨ ਦੇ ਯੋਗ ਬਣਦੇ ਹਨ। ਭੁਗਤਾਨ ਲਈ ਕੁੱਲ ਰਕਮ 3, 6, 9, 12, 18 ਅਤੇ 24 ਮਹੀਨਿਆਂ ਦੀਆਂ ਕਿਸ਼ਤਾਂ ਵਿਚ ਪੂਰੀ ਕੀਤੀ ਜਾ ਸਕਦੀ ਹੈ। ਕਿਸ਼ਤਾਂ ਵਿਚ ਭੁਗਤਾਨ ਦੀ ਇਹ ਸਹੂਲਤ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਬੁਕਿੰਗ ਕਰਨ ’ਤੇ ਉਪਲੱਬਧ ਹੋਵੇਗੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News