ਪਾਰਕਿੰਗ ਦੇ ਰੇਟ ਘਟੇ, ਅੱਜ ਤੋਂ ਕੀਤੇ ਜਾਣਗੇ ਚਾਰਜ

07/11/2018 11:18:01 AM

ਚੰਡੀਗੜ੍ਹ (ਰਾਏ) : ਮੇਅਰ ਦੇਵੇਸ਼ ਮੋਦਗਿੱਲ ਨੇ ਸ਼ਹਿਰ ਦੀ ਜਨਤਾ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਅੱਜ ਪੂਰਾ ਕਰ ਦਿੱਤਾ। ਪੇਡ ਪਾਰਕਿੰਗ ਠੇਕਾ ਰੱਦ ਹੋਣ ਦੇ ਇਕ ਦਿਨ ਅੰਦਰ ਹੀ ਪਾਰਕਿੰਗ ਦੇ ਰੇਟ ਵੀ ਘੱਟ ਕਰ ਦਿੱਤੇ ਗਏ ਹਨ। ਸ਼ਹਿਰ ਦੇ ਪੇਡ ਪਾਰਕਿੰਗ ਸਥਾਨਾਂ 'ਤੇ ਵਾਹਨ ਪਾਰਕ ਕਰਨ ਲਈ ਹੁਣ ਸ਼ਹਿਰ ਵਾਸੀਆਂ ਨੂੰ ਜ਼ਿਆਦਾ ਜੇਬ ਢਿੱਲੀ ਨਹੀਂ ਕਰਨੀ ਪਵੇਗੀ। 
ਬੁੱਧਵਾਰ ਨੂੰ ਲੋਕਾਂ ਤੋਂ ਨਵੇਂ ਰੇਟ ਮੁਤਾਬਕ ਹੀ ਨਗਰ ਨਿਗਮ ਪਾਰਕਿੰਗ ਫੀਸ ਚਾਰਜ ਕਰੇਗਾ। ਦੋਪਹੀਆ ਵਾਹਨਾਂ ਲਈ 5 ਰੁਪਏ ਅਤੇ ਚਾਰ ਪਹੀਆਂ ਵਾਲੇ ਵਾਹਨਾਂ ਲਈ 10 ਰੁਪਏ ਚਾਰਜ ਕੀਤੇ ਜਾਣਗੇ। ਮੰਗਲਵਾਰ ਨੂੰ ਹੋਈ ਨਗਰ ਨਿਗਮ ਦੀ ਫਾਈਨਾਂਸ਼ੀਅਲ ਅਤੇ ਕਮਰਸ਼ੀਅਲ ਕਮੇਟੀ ਦੀ ਬੈਠਕ 'ਚ ਅਧਿਕਾਰੀਆਂ ਅਤੇ ਕੌਂਸਲਰ ਮੈਂਬਰਾਂ ਨੇ ਇਸ ਸਬੰਧੀ ਲਿਆਂਦੇ ਗਏ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ। 
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜਾਰੀ ਪ੍ਰੈੱਸ ਨੋਟ ਦੇ ਮਾਧਿਅਮ ਰਾਹੀਂ ਨਿਗਮ ਅਧਿਕਾਰੀਆਂ ਨੇ ਸਾਫ ਕਰ ਦਿੱਤਾ ਸੀ ਕਿ ਜਦੋਂ ਤੱਕ ਨਵੇਂ ਠੇਕੇ ਸਬੰਧੀ ਫੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਇਕ ਅਪ੍ਰੈਲ ਤੋਂ ਤੈਅ ਰੇਟ ਹੀ ਵਸੂਲੇ ਜਾਣਗੇ ਪਰ ਮੇਅਰ ਨੇ ਸੋਮਵਾਰ ਦੇਰ ਰਾਤ ਨੂੰ ਹੀ ਕਮੇਟੀ ਦੀ ਬੈਠਕ ਮੰਗਲਵਾਰ ਨੂੰ ਬੁਲਾ ਲਈ। ਮੇਅਰ ਦੇਵੇਸ਼ ਮੋਦਗਿੱਲ ਮੁਤਾਬਕ ਉਹ ਸ਼ੁਰੂ ਤੋਂ ਹੀ ਪਾਰਕਿੰਗ ਸਬੰਧੀ ਇਕ ਅਪ੍ਰੈਲ ਤੋਂ ਵਧਾਏ ਰੇਟਾਂ ਖਿਲਾਫ ਸਨ ਅਤੇ ਪਾਰਕਿੰਗ ਠੇਕਾ ਰੱਦ ਕਰਨ ਦੇ ਪੱਖ 'ਚ ਰਹੇ ਹਨ। 


Related News