ਗੰਦਗੀ ਦੇ ਢੇਰਾਂ ਤੋਂ ਤੰਗ ਲੋਕਾਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ

01/21/2018 6:58:36 AM

ਸੁਨਾਮ ਊਧਮ ਸਿੰਘ ਵਾਲਾ(ਮੰਗਲਾ)—ਵਾਰਡ ਨੰਬਰ 7 ਅਤੇ 8 'ਚੋਂ ਲੰਘਦੀ ਸੜਕ 'ਤੇ ਗੰਦਗੀ ਦੇ ਢੇਰਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਲੋਕਲ ਬਾਡੀ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਮਸਲੇ ਦੇ ਹੱਲ ਦੀ ਮੰਗ ਕੀਤੀ । ਵਾਰਡ ਨੰ. 7 ਦੇ ਇੰਦਰਜੀਤ ਸਿੰਘ ਜੋਸ਼, ਬਲਕਾਰ ਸਿੰਘ, ਗੁਰਚਰਨ ਸਿੰਘ, ਅਮਰ ਸਿੰਘ, ਗਗਨਦੀਪ ਸਿੰਘ, ਸੁਰਜੀਤ ਕੌਰ ਆਦਿ ਨੇ ਕਿਹਾ ਕਿ ਸੜਕ 'ਤੇ ਲੱਗੇ ਗੰਦਗੀ ਦੇ ਢੇਰਾਂ ਨੇ ਨੇੜੇ ਰਹਿੰਦੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਕਤ ਮਸਲੇ ਦੇ ਸਬੰਧ ਵਿਚ ਵਾਰਡ ਦੇ ਰਹਿਣ ਵਾਲੇ ਲੋਕ ਕਈ ਵਾਰ ਨਗਰ ਕੌਂਸਲ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਚੁੱਕੇ ਹਨ ਪਰ ਮਾਮਲਾ ਉਥੇ ਦਾ ਉਥੇ ਹੀ ਹੈ । ਸਬੰਧਤ ਵਾਰਡਾਂ ਦੇ ਉਕਤ ਵਿਅਕਤੀਆਂ ਅਤੇ ਹੋਰਨਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਉੱਚ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਇਕ ਪਾਸੇ ਤਾਂ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਵੱਛ ਭਾਰਤ ਮਿਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸ਼ਹਿਰਾਂ ਵਿਚ ਗੰਦਗੀ ਗੰਭੀਰ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ ਅਤੇ ਉਕਤ ਮੁਹਿੰਮ ਨੂੰ ਮੂੰਹ ਚਿੜਾ ਰਹੀ ਹੈ । ਇਸ ਦੌਰਾਨ ਮਾਧੋ ਰਾਮ, ਪ੍ਰਸੰਨੀ ਦੇਵੀ, ਬਲਜੀਤ ਕੌਰ, ਰਾਕੇਸ਼ ਕੁਮਾਰ, ਬਿੰਦਰ ਸਿੰਘ ਅਤੇ ਹੋਰਨਾਂ ਨੇ ਕੌਂਸਲ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ।


Related News