ਕੁਝ ਸਮਾਂ ਪਹਿਲਾ ਬਣੀ ਸੜਕ ਅਤੇ ਸੀਵਰੇਜ ਦੀ ਹਾਲਤ ਖਸਤਾ

12/03/2017 12:06:29 AM

ਜਲਾਲਾਬਾਦ(ਬੰਟੀ)—ਹਲਕਾ ਵਿਧਾਇਕ ਤੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਹਲਕਾ ਜਲਾਲਾਬਾਦ 'ਚ ਗ੍ਰਾਂਟਾਂ ਦੀਆਂ ਝੜੀਆਂ ਲਾ ਦਿੱਤੀਆਂ ਸਨ ਤਾਂ ਜੋ ਜਲਾਲਾਬਾਦ ਦਾ ਸਰਵਪੱਖੀ ਵਿਕਾਸ ਹੋ ਸਕੇ ਪਰ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਦੀਆਂ ਅਣਗਹਿਲੀਆਂ ਅਤੇ ਬੇਨਿਯਮੀਆਂ ਦੇ ਕਾਰਨ ਇਹ ਗ੍ਰਾਂਟਾਂ ਖੂਹ ਖਾਤੇ ਜਾ ਰਹੀਆਂ ਹਨ। ਜਿਸ ਦੀ ਉਦਾਹਰਣ ਜਲਾਲਾਬਾਦ ਦੀ ਬਸਤੀ ਭਗਵਾਨਪੁਰਾ ਤੋਂ ਮਿਲਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਥੇ ਸੜਕਾਂ ਤੇ ਸੀਵਰੇਜ ਦਾ ਕੰਮ ਕੁਝ ਸਮਾਂ ਪਹਿਲਾਂ ਹੀ ਕੀਤਾ ਗਿਆ ਸੀ ਪਰ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਵੱਲੋਂ ਘਟੀਆ ਮਟੀਰੀਅਲ ਦੀ ਵਰਤੋਂ ਅਤੇ ਬੇਨਿਯਮੀਆਂ ਦੇ ਕਾਰਨ ਇਹ ਸੜਕ ਥਾਂ-ਥਾਂ ਤੋਂ ਉਖੜਣੀ ਸ਼ੁਰੂ ਹੋ ਗਈ ਹੈ ਅਤੇ ਸੀਵਰੇਜ ਦੇ ਢੱਕਣ ਵੀ ਹੌਦੀ ਵਿਚ ਡਿੱਗੇ ਪਏ ਹਨ। ਜੇਕਰ ਇਸ ਮੁਹੱਲੇ ਦੇ ਕੀਤੇ ਕੰਮਾਂ ਦੀ ਜਾਂਚ ਕੀਤੀ ਜਾਵੇ ਤਾਂ ਇਹ ਕੰਮ ਸਪੈਸੀਫਿਕੇਸ਼ਨ ਮੁਤਾਬਕ ਖਰਾ ਨਹੀਂ ਉਤਰੇਗਾ ਅਤੇ ਉਨ੍ਹਾਂ ਨੇ ਡੀ. ਸੀ. ਮੈਡਮ ਈਸ਼ਾ ਕਾਲੀਆ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਅੱਗੇ ਮੰਗ ਕੀਤੀ ਹੈ ਕਿ ਇਸ ਸੜਕ ਅਤੇ ਸੀਵਰੇਜ ਦੇ ਢੱਕਣਾਂ ਨੂੰ ਜਲਦੀ ਸਹੀ ਕਰਵਾਇਆ ਜਾਵੇ ਅਤੇ ਅਣਗਹਿਲੀ ਵਰਤਣ ਵਾਲੇ ਠੇਕੇਦਾਰ ਅਤੇ ਵਿਭਾਗੀ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। 
ਕੀ ਕਹਿਣਾ ਹੈ ਐਕਸੀਅਨ ਰਵਿੰਦਰ ਕੁਮਾਰ ਦਾ
ਜਦ ਇਸ ਸਬੰਧੀ ਸਬੰਧਤ ਵਿਭਾਗ ਦੇ ਐਕਸੀਅਨ ਰਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ ਦੀ ਜਾਂਚ ਕਰਵਾ ਲੈਂਦੇ ਹਨ ਜੇਕਰ ਕੋਈ ਕਮੀ-ਪੇਸ਼ੀ ਪਾਈ ਗਈ ਤਾਂ ਉਸ ਨੂੰ ਤੁਰੰਤ ਸਹੀ ਕਰਵਾ ਕੇ ਹੱਲ ਕੀਤਾ ਜਾਵੇਗਾ। ਜੇ ਠੇਕੇਦਾਰ ਜਾਂ ਸਬੰਧਤ ਅਧਿਕਾਰੀ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।  


Related News