ਸਾਲ ਬੀਤਣ ਦੇ ਬਾਵਜੂਦ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ

Monday, Aug 14, 2017 - 04:00 AM (IST)

ਸਾਲ ਬੀਤਣ ਦੇ ਬਾਵਜੂਦ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ

ਚੌਕ ਮਹਿਤਾ,   (ਕੈਪਟਨ)-  ਥਾਣਾ ਮਹਿਤਾ ਵਿਖੇ ਦਰਜ ਧਾਰਾ 307 ਦੇ ਕੇਸ 'ਚ ਨਾਮਜ਼ਦ ਕਥਿਤ ਮੁਲਜ਼ਮ ਕਰੀਬ 1 ਸਾਲ ਬੀਤਣ ਦੇ ਬਾਵਜੂਦ ਪੁਲਸ ਦੀ ਗ੍ਰਿਫਤ ਤੋਂ ਬਾਹਰ ਸ਼ਰੇਆਮ ਘੁੰਮ ਰਿਹਾ ਹੈ। ਮਾਤਾ ਸਵਿੰਦਰ ਕੌਰ ਵਾਸੀ ਅਰਜਨਮਾਂਗਾ ਨੇ ਦੱਸਿਆ ਕਿ 6 ਸਤੰਬਰ 2016 ਨੂੰ ਮੇਰੇ ਪੁੱਤਰ ਗੁਰਪਾਲ ਸਿੰਘ ਨੂੰ ਦਿਲਬਾਗ ਸਿੰਘ ਫੌਜੀ ਪੁੱਤਰ ਸਰਦੂਲ ਸਿੰਘ ਵਾਸੀ ਅਰਜਨਮਾਂਗਾ ਨੇ ਸਾਥੀਆਂ ਸਮੇਤ ਸਿਰ 'ਚ ਸੱਟ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ, ਜੋ ਅੱਜ ਤੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਸਬੰਧੀ ਥਾਣਾ ਮਹਿਤਾ ਵਿਖੇ ਉਕਤ ਵਿਅਕਤੀ ਖਿਲਾਫ ਧਾਰਾ 307 ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੀੜਤਾ ਨੇ ਦੱਸਿਆ ਕਿ ਸਾਡੇ ਵੱਲੋਂ ਲਗਾਤਾਰ 1 ਸਾਲ ਥਾਣਾ ਮਹਿਤਾ ਦੇ ਚੱਕਰ ਕੱਟਣ ਦੇ ਬਾਵਜੂਦ ਪੁਲਸ ਦਿਲਬਾਗ ਸਿੰਘ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਜਦ ਕਿ ਉਕਤ ਮੁਲਜ਼ਮ ਸਾਨੂੰ ਜਾਨੋਂ ਮਾਰਨ ਅਤੇ ਨਾਜਾਇਜ਼ ਪਰਚੇ ਦਰਜ ਕਰਵਾਉਣ ਦੀਆਂ ਸ਼ਰੇਆਮ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੋਂ ਕਥਿਤ ਮੁਲਜ਼ਮ ਦਿਲਬਾਗ ਸਿੰਘ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਥਾਣਾ ਮਹਿਤਾ ਦੇ ਐੱਸ. ਐੱਚ. ਓ. ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਦਿਲਬਾਗ ਸਿੰਘ ਫੌਜ ਵਿਚ ਨੌਕਰੀ ਕਰਦਾ ਹੈ, ਅਸੀਂ ਸੰਬੰਧਿਤ ਮਹਿਕਮੇ ਨੂੰ ਇਸ ਮਾਮਲੇ 'ਚ 3 ਚਿੱਠੀਆਂ ਭੇਜ ਚੁੱਕੇ ਹਾਂ, ਜਿਸ ਦਾ ਕੋਈ ਜਵਾਬ ਨਹੀਂ ਆਇਆ।


Related News