ਸਿੱਖਿਆ ਵਿਭਾਗ ਦੇ ਹੁਕਮਾਂ ਦੇ ਬਾਵਜੂਦ ਕਈ ਸਕੂਲ ਭੇਜ ਰਹੇ ਫੀਸ ਜਮ੍ਹਾ ਕਰਵਾਉਣ ਦੇ ਮੈਸੇਜ

04/05/2020 1:50:56 AM

ਲੁਧਿਆਣਾ, (ਵਿੱਕੀ)- ਕੋਰੋਨਾ ਵਾਇਰਸ ਦੇ ਪ੍ਰਕੋਪ ’ਚ ਸਕੂਲਾਂ ਵਿਚ ਚੱਲ ਰਹੀਆਂ ਛੁੱਟੀਆਂ ਦੌਰਾਨ ਹੀ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਵਿਦਿਆਰਥੀਆਂ ਦੀ ਪਡ਼੍ਹਾਈ ’ਤੇ ਛੁੱਟੀਆਂ ਦਾ ਅਸਰ ਨਾ ਪਵੇ, ਇਸ ਲਈ ਜ਼ਿਆਦਾਤਰ ਸਕੂਲਾਂ ਨੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਈਨ ਸਟੱਡੀ ਵੀ ਸ਼ੁਰੂ ਕਰਵਾ ਦਿੱਤੀ ਹੈ ਪਰ ਇਸ ਰਾਹਤ ਵਿਚ ਕਈ ਪੇਰੈਂਟਸ ਦੇ ਲਈ ਉਸ ਸਮੇਂ ਆਫਤ ਵਾਲੀ ਸਥਿਤੀ ਪੈਦਾ ਹੋ ਰਹੀ ਹੈ, ਜਦੋਂ ਕੁਝ ਸਕੂਲ ਪੇਰੈਂਟਸ ਨੂੰ ਫੀਸਾਂ ਜਮ੍ਹਾ ਕਰਵਾਉਣ ਦੇ ਮੈਸੇਜ ਭੇਜੇ ਜਾ ਰਹੇ ਹਨ। ਹਾਲਾਂਕਿ ਸ਼ਹਿਰ ਦੇ ਕਈ ਨਾਮੀ ਸਕੂਲਾਂ ਨੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਹੁਕਮਾਂ ਨੂੰ ਮੰਨਦੇ ਹੋਏ ਹਾਲ ਦੀ ਘਡ਼ੀ ਪੇਰੈਂਟਸ ਨੂੰ ਫੀਸ ਜਮ੍ਹਾ ਕਰਵਾਉਣ ਲਈ ਕੋਈ ਅਲਰਟ ਤੱਕ ਨਹੀਂ ਭੇਜਿਆ ਹੈ ਪਰ ਜਿਨ੍ਹਾਂ ਸਕੂਲਾਂ ਨੇ ਪੇਰੈਂਟਸ ਨੂੰ ਮੈਸੇਜ ਭੇਜੇ ਹਨ, ਉਨ੍ਹਾਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਵੀ ਪੇਰੈਂਟਸ ਰਾਹੀਂ ਪਹੁੰਚਾਈ ਗਈ ਹੈ। ਇਹੀ ਕਾਰਣ ਹੈ ਕਿ ਜ਼ਿਲਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਸਕੂਲ ਸੰਚਾਲਕਾਂ ਨੂੰ ਨਿਰਦੇਸ਼ ਜਾਰੀ ਕਰ ਕੇ ਮੌਜੂਦਾ ਹਲਾਤ ਆਮ ਹੋਣ ਤੱਕ ਮਾਪਿਆਂ ਤੋਂ ਫੀਸ ਨਾ ਮੰਗਣ ਲਈ ਕਿਹਾ ਹੈ।

ਜਾਣਕਾਰੀ ਮੁਤਾਬਕ ਕਰੀਬ 2 ਹਫਤੇ ਪਹਿਲਾਂ ਡੀ. ਪੀ. ਆਈ. ਪੰਜਾਬ ਨੇ ਵੀ ਨਿਜੀ ਸਕੂਲਾਂ ਨੂੰ ਹੁਕਮ ਦਿੱਤੇ ਸਨ ਕਿ ਪੇਰੈਂਟਸ ਤੋਂ ਅਜੇ ਕੋਈ ਫੀਸ ਨਾ ਮੰਗੀ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਵੀ ਸ਼ਨੀਵਾਰ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਗੈਰ-ਸਰਕਾਰੀ ਸਿੱਖਿਆ ਸੰਸਥਾਵਾਂ ਵੱਲੋਂ ਨਵੇਂ ਦਾਖਲਿਆਂ ਸਬੰਧੀ ਲਈ ਜਾਣ ਵਾਲੀ ਫੀਸ ਦੀ ਆਖਰੀ ਤਰੀਕ 31 ਮਾਰਚ ਨਿਰਧਾਰਤ ਕੀਤੀ ਗਈ ਸੀ ਪਰ ਮੌਜੂਦਾ ਸਮੇਂ ਵਿਚ ਚੱਲ ਰਹੇ ਹਾਲਾਤ ਦੇ ਮੱਦੇਨਜ਼ਰ ਸਕੂਲਾਂ ਨੂੰ ਆਪਣੇ ਪਹਿਲਾਂ ਵਾਲੇ ਫੀਸ ਸ਼ਡਿਊਲ ਨੂੰ ਹਾਲਾਤ ਆਮ ਹੋਣ ਤੱਕ ਰੀ-ਸ਼ਡਿਊਲ ਕਰਨਾ ਹੋਵੇਗਾ। ਇਸ ਤੋਂ ਇਲਾਵਾ ਅਜੇ ਸਕੂਲ ਪੇਰੈਂਟਸ ਤੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਮੰਗਣਗੇ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਕਿਹਾ ਕਿ ਸਾਰੀਆਂ ਗੈਰ ਸਰਕਾਰੀ ਸਿੱਖਿਆ ਸੰਸਥਾਵਾਂ ਫੀਸ ਜਮ੍ਹਾ ਕਰਵਾਉਣ ਦੀ ਸਮਾਂ ਹੱਦ ਫਿਰ ਨਿਰਧਾਰਤ ਕਰਨਗੀਆਂ ਅਤੇ ਮਾਪਿਆਂ ਨੂੰ ਫੀਸ ਜਮ੍ਹਾ ਕਰਵਾਉਣ ਲਈ ਮਜਬੂਰ ਨਹੀਂ ਕਰਨਗੀਆਂ। ਇਸ ਤੋਂ ਇਲਾਵਾ ਸਥਿਤੀ ਵਿਚ ਸੁਧਾਰ ਤੋਂ ਬਾਅਦ ਸਬੰਧਤ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਦਾਖਲਾ ਫੀਸ ਜਮ੍ਹਾ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ ਅਤੇ ਫੀਸ ਜਮ੍ਹਾ ਕਰਨ ’ਤੇ ਕੋਈ ਵਾਧੂ ਜੁਰਮਾਨਾ ਆਦਿ ਨਹੀਂ ਲਾਇਆ ਜਾਵੇਗਾ।


Bharat Thapa

Content Editor

Related News