ਡੇਰਾਬੱਸੀ ਪੁਲਸ ਨੇ ਥਾਣੇ ’ਚ ਖੜ੍ਹੇ ਵਾਹਨਾਂ ਦੀ ਕਰਵਾਈ ਬੋਲੀ

Saturday, Oct 23, 2021 - 02:59 PM (IST)

ਡੇਰਾਬੱਸੀ ਪੁਲਸ ਨੇ ਥਾਣੇ ’ਚ ਖੜ੍ਹੇ ਵਾਹਨਾਂ ਦੀ ਕਰਵਾਈ ਬੋਲੀ

ਡੇਰਾਬੱਸੀ (ਜ. ਬ.) : ਡੇਰਾਬੱਸੀ ਪੁਲਸ ਥਾਣੇ ਵਿਚ ਵੱਖ-ਵੱਖ ਮਾਮਲਿਆਂ ਵਿਚ ਜ਼ਬਤ ਹੋਏ ਵਾਹਨਾਂ ਦੀ ਅਦਾਲਤ ਦੇ ਨਿਰਦੇਸ਼ਾਂ ਨਾਲ ਪਹਿਲੀ ਵਾਰ ਨਿਲਾਮੀ ਕੀਤੀ ਗਈ। ਕਬਾੜ ਬਣ ਚੁੱਕੇ 69 ਵਾਹਨਾਂ ਨੂੰ ਇਕੋ ਵਾਰ 11 ਲੱਖ 5 ਹਜ਼ਾਰ ਰੁਪਏ ਵਿਚ ਨਿਲਾਮ ਕੀਤਾ ਗਿਆ। ਇਨ੍ਹਾਂ 69 ਵਾਹਨਾਂ ਵਿਚ ਦੋ ਟਰੱਕ, ਤਿੰਨ ਆਟੋ, 21 ਕਾਰਾਂ ਅਤੇ 43 ਸਕੂਟਰ-ਮੋਟਰਸਾਈਕਲ ਸ਼ਾਮਲ ਸਨ। ਕਈ ਸਾਲਾਂ ਤੋਂ ਥਾਣੇ ਵਿਚ ਖੜ੍ਹੇ-ਖੜ੍ਹੇ ਬੇਕਾਰ ਬਣ ਚੁੱਕੇ ਇਨ੍ਹਾਂ ਵਾਹਨਾਂ ਨੂੰ ਸਕਰੈਪ ਵੱਜੋਂ ਵੇਚਿਆ ਗਿਆ। ਡੇਰਾਬੱਸੀ ਪੁਲਸ ਥਾਣੇ ਵਿਚ ਕਬਾੜ ਬਣ ਚੁੱਕੇ 69 ਵਾਹਨਾਂ ਦੀ ਅਦਾਲਤ ਦੇ ਨਿਰਦੇਸ਼ਾਂ ਨਾਲ ਪਹਿਲੀ ਵਾਰ ਬਤੌਰ ਬੋਲੀ 5 ਲੱਖ 66 ਹਜ਼ਾਰ ਰੁਪਏ ਦੀ ਰਿਜ਼ਰਵ ਪ੍ਰਾਈਜ਼ ਰੱਖੀ ਗਈ।

ਇਸ ਵਿਚ ਕਈ ਤਾਂ 30 ਪੁਰਾਣੇ ਵਾਹਨ ਸਨ। ਥਾਣਾ ਮੁਖੀ ਜਤਿਨ ਕਪੂਰ ਅਨੁਸਾਰ ਕੇਸ ਪ੍ਰਾਪਰਟੀ ਵੱਜੋਂ ਜ਼ਬਤ ਇਨ੍ਹਾਂ ਵਾਹਨਾਂ ਦੀ ਨਿਲਾਮੀ ਲਈ ਕੁੱਲ 36 ਬੋਲੀਦਾਤਾ ਪਹੁੰਚੇ। ਇਨ੍ਹਾਂ ਵਿਚ 11 ਲੱਖ 5 ਹਜ਼ਾਰ ਰੁਪਏ ਦੀ ਸਭ ਤੋਂ ਉੱਚੀ ਬੋਲੀ ਬਿੱਟੂ ਰਾਮ ਪੁੱਤਰ ਰਾਂਝਾ ਰਾਮ ਵਾਸੀ ਮੋਰਿੰਡਾ ਨੇ ਦਿੱਤੀ, ਜਿਸ ਨੂੰ ਦਸਤਾਵੇਜ਼ ਸਮੇਤ ਸਾਰੇ 69 ਵਾਹਨ ਸੌਂਪ ਦਿੱਤੇ ਗਏ। ਕਬਾੜ ਵੱਜੋਂ ਬੇਕਾਰ ਹੋ ਚੁੱਕੇ ਇਨ੍ਹਾਂ ਵਾਹਨਾਂ ਦੇ ਹਟਣ ਨਾਲ ਥਾਣਾ ਕੈਂਪਸ ਦੀ ਜਗ੍ਹਾ ਕਾਫ਼ੀ ਖੁੱਲ੍ਹ ਗਈ। ਇਸ ਤੋਂ ਬਾਅਦ 108 ਹੋਰ ਵਾਹਨਾਂ ਦੀ ਨਿਲਾਮੀ ਕਰਨ ਦੀ ਤਿਆਰੀ ਹੈ, ਜਿਸ ਦੀ ਸੂਚੀ ਤਿਆਰ ਕਰ ਕੇ ਕੋਰਟ ਪਰਮਿਸ਼ਨ ਜਲਦ ਹੀ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਥਾਣੇ ਵਿਚ ਛੋਟੇ-ਵੱਡੇ ਕੁੱਲ 400 ਤੋਂ ਵੱਧ ਵਾਹਨ ਹਨ, ਜੋ ਥਾਣੇ ਦੇ ਅੰਦਰ ਅਤੇ ਬਾਹਰ ਤਕ ਕਾਫ਼ੀ ਜਗ੍ਹਾ ਘੇਰ ਰਹੇ ਹਨ। ਨਿਲਾਮੀ ਤੋਂ ਪ੍ਰਾਪਤ ਰਾਸ਼ੀ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਈ ਜਾਵੇਗੀ।
 


author

Babita

Content Editor

Related News