ਡੇਰਾ ਪ੍ਰੇਮੀਆਂ ਦੀ ਹੱਤਿਆ ਤੋਂ ਬਾਅਦ ਸੂਬੇ ਭਰ ''ਚ ਮਾਹੌਲ ਤਣਾਅਪੂਰਨ, ਇੰਟੈਲੀਜੈਂਸ ਵਿੰਗ ਨੇ ਦਿੱਤੀ ਚਿਤਾਵਨੀ (ਤਸਵੀਰਾਂ)

02/28/2017 11:56:22 AM

ਚੰਡੀਗੜ (ਰਮਨਜੀਤ) : ਪੁਲਸ ਜ਼ਿਲਾ ਖੰਨਾ ਦੇ ਅਹਿਮਦਗੜ੍ਹ ਇਲਾਕੇ ''ਚ ਸ਼ਨੀਵਾਰ ਨੂੰ ਡੇਰਾ ਪ੍ਰੇਮੀ ਸਤਪਾਲ ਸਿੰਘ ਤੇ ਰਮੇਸ਼ ਦੀ ਹੱਤਿਆ ਦਾ ਮਾਮਲਾ ਪੁਲਸ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਡੇਰਾ ਪ੍ਰੇਮੀ ਇਸ ਗੱਲ ''ਤੇ ਅੜੇ ਹੋਏ ਹਨ ਕਿ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਾਤਲਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਨਹੀਂ ਕੀਤਾ ਜਾਵੇਗਾ, ਜਦਕਿ ਦੂਜੇ ਪਾਸੇ ਪੁਲਸ ਦੇ ਹੱਥ ਕਾਤਲਾਂ ਦਾ ਕੋਈ ਵੀ ਪੁਖਤਾ ਸੁਰਾਗ ਨਹੀਂ ਲੱਗ ਸਕਿਆ ਹੈ। ਆਲਮ ਇਹ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਹੀ ਇਕੋ-ਇਕ ਜ਼ਰੀਆ ਹੈ, ਜਿਸ ''ਚ ਕਾਤਲਾਂ ਨੂੰ ਦੇਖਿਆ ਜਾ ਸਕਦਾ ਹੈ ਪਰ ਉਸ ''ਚ ਵੀ ਨਾ ਤਾਂ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ ਤੇ ਨਾ ਹੀ ਮੋਟਰਸਾਈਕਲ ਦਾ ਨੰਬਰ। ਪੁਲਸ ਹੁਣ ਮਾਲੇਰਕੋਟਲਾ ਰੋਡ ''ਤੇ ਹੋਰ ਲੋਕਾਂ ਵਲੋਂ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਕਿ ਉਕਤ ਕਾਤਲਾਂ ਦਾ ਪਤਾ ਲਾਇਆ ਜਾ ਸਕੇ।
ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਵਲੋਂ ਸੂਬੇ ਭਰ ਦੇ ਮਾਹੌਲ ਸੰਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅਲਰਟ ਕੀਤਾ ਗਿਆ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਕੇਂਦਰੀ ਮਾਲਵਾ ਦੇ ਜ਼ਿਲਿਆਂ ਤੋਂ ਡੇਰਾ ਪ੍ਰੇਮੀਆਂ ਨੂੰ ਅਹਿਮਦਗੜ੍ਹ ਪਹੁੰਚਣ ਲਈ ਕਿਹਾ ਗਿਆ ਹੈ, ਜਿਸ ਨਾਲ ਡੇਰਾ ਪ੍ਰੇਮੀਆਂ ਦੇ ਵਿਰੋਧ ਦੇ ਵੱਡਾ ਰੂਪ ਧਾਰਨ ਕਰਨ ਦੀ ਸੰਭਾਵਨਾ ਬਣ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਕੰਟੀਨ ''ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਮਿਲੀ ਫੁਟੇਜ ਤੋਂ ਕਾਤਲਾਂ ਦੀ ਸਰੀਰਕ ਦਿੱਖ ਦਾ ਪਤਾ ਲੱਗਦਾ ਹੈ, ਜਿਸ ''ਚ ਉਹ ਕਾਫ਼ੀ ਫਿੱਟ ਨਜ਼ਰ ਆ ਰਹੇ ਹਨ। ਮੁਲਜ਼ਮਾਂ ਵਲੋਂ ਹਥਿਆਰ ਦਾ ਜਿਸ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ, ਉਹ ਵੀ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਦੋਵੇਂ ਹਥਿਆਰ ਚਲਾਉਣ ''ਚ ਪੂਰੀ ਤਰ੍ਹਾਂ ਟਰੇਂਡ ਤੇ ਪ੍ਰੋਫੈਸ਼ਨਲ ਹਨ। ਇਸ ਤੋਂ ਇਲਾਵਾ ਅਜੇ ਤਕ ਮੁਲਜ਼ਮਾਂ ਦਾ ਅਜਿਹਾ ਕੋਈ ਸੁਰਾਗ ਹੱਥ ਨਹੀਂ ਲੱਗਿਆ ਹੈ, ਜਿਸ ਨਾਲ ਕਿ ਉਨ੍ਹਾਂ ਤਕ ਪਹੁੰਚਿਆ ਜਾ ਸਕੇ।
ਸੂਬੇ ''ਚ ਕਾਨੂੰਨ ਵਿਵਸਥਾ ਦੀ ਸਥਿਤੀ ਸੰਬੰਧੀ ਗੱਲ ਕਰਨ ''ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਸਥਿਤੀ ਕਾਬੂ ''ਚ ਹੈ ਅਤੇ ਪੁਲਸ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਾਂਚ ''ਚ ਲੱਗ ਰਹੇ ਸਮੇਂ ਤੇ ਕੁਝ ਮਾਮਲਿਆਂ ਦੇ ਨਤੀਜੇ ਨਾ ਮਿਲਣ ਬਾਰੇ ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਜ਼ਿਆਦਾਤਰ ਮਾਮਲੇ ਪੂਰੀ ਤਰ੍ਹਾਂ ਪਲਾਨਿੰਗ ਕਰਕੇ ਕੀਤੇ ਗਏ ਅਪਰਾਧ ਹਨ, ਜਿਨ੍ਹਾਂ ''ਚ ਅਪਰਾਧੀ ਆਪਣੇ ਵਲੋਂ ਕੋਈ ਵੀ ਸੁਰਾਗ ਨਾ ਛੱਡਣ ਦਾ ਯਤਨ ਕਰਦਾ ਹੈ। ਇਹੀ ਕਾਰਨ ਹੈ ਕਿ ਮੁਲਜ਼ਮਾਂ ਤਕ ਪਹੁੰਚਣ ''ਚ ਸਮਾਂ ਲੱਗ ਸਕਦਾ ਹੈ। ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਸੂਬੇ ਭਰ ''ਚ ਪੁਲਸ ਮੁਸਤੈਦ ਹੈ ਅਤੇ ਮਾਹੌਲ ''ਤੇ ਨਜ਼ਰ ਰੱਖੀ ਜਾ ਰਹੀ ਹੈ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਤਕ ਡੇਰਾ ਪ੍ਰੇਮੀਆਂ ਵਲੋਂ ਸਤਪਾਲ ਤੇ ਰਮੇਸ਼ ਦਾ ਅੰਤਿਮ ਸੰਸਕਾਰ ਨਾ ਕਰਨ ਦੇ ਐਲਾਨ ਸੰਬੰਧੀ ਪੁੱਛੇ ਜਾਣ ''ਤੇ ਡੀ. ਆਈ. ਜੀ. ਸੁਰਿੰਦਰ ਕਾਲੀਆ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਦੀ ਕਮੇਟੀ ਨਾਲ ਗੱਲ ਚੱਲ ਰਹੀ ਹੈ ਤੇ ਉਮੀਦ ਹੈ ਕਿ ਜਲਦ ਹੀ ਮਾਮਲਾ ਸੁਲਝ ਜਾਵੇਗਾ।


Gurminder Singh

Content Editor

Related News