ਮਾਮਲਾ ਡੇਰਾ ਪ੍ਰੇਮੀ ਪਿਓ-ਪੁੱਤ ਦੇ ਕਤਲ ਦਾ : ਸੁਰਾਗ ਦੇਣ ਵਾਲੇ ਨੂੰ ਮਿਲਣਗੇ 50 ਲੱਖ ਤੇ ਸਬ-ਇੰਸਪੈਕਟਰ ਦੀ ਨੌਕਰੀ

03/05/2017 11:21:14 AM

 ਖੰਨਾ (ਸੁਨੀਲ)-ਪੰਜਾਬ ਪੁਲਸ ਵੱਲੋਂ ਪੁਲਸ ਜ਼ਿਲਾ ਖੰਨਾ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਇਨਾਮ ਦਾ ਐਲਾਨ ਕਰਦੇ ਹੋਏ ਖੰਨਾ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਡੇਰਾ ਪ੍ਰੇਮੀ ਪਿਓ-ਪੁੱਤ ਦੇ ਕਾਤਲਾਂ ਦਾ ਸੁਰਾਗ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਥੇ ਇਨਾਮ ਦੇ ਰੂਪ ਵਿਚ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਥੇ ਉਸ ਵਿਅਕਤੀ ਨੂੰ ਸਬ-ਇੰਸਪੈਕਟਰ ਦੀ ਜਾਬ ਦਾ ਵੀ ਆਫਰ ਦਿੱਤਾ ਗਿਆ ਹੈ।

ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਜੋ ਡੇਰਾ ਪ੍ਰੇਮੀ ਪਿਓ-ਪੁੱਤ ਦੀ  ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ ਸੀ, ਨੂੰ ਟ੍ਰੇਸ ਕਰਨ ਲਈ ਪੁਲਸ ਜਿਥੇ ਥਿਊਰੀਆਂ ''ਤੇ ਕੇਂਦਰਿਤ ਵੱਖ-ਵੱਖ ਐਂਗਲਾਂ ''ਤੇ ਕੰਮ ਕਰ ਰਹੀ ਹੈ, ਉਥੇ ਹੁਣ ਪੁਲਸ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਲਈ ਸੂਚਨਾ ਦੇਣ ਵਾਲੇ ਨੂੰ 50 ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ ਅਤੇ ਅਜਿਹੇ ਵਿਅਕਤੀ ਨੂੰ ਪੰਜਾਬ ਪੁਲਸ ਵਿਚ ਸਬ-ਇੰਸਪੈਕਟਰ ਦੀ ਜਾਬ ਵੀ ਦਿੱਤੀ ਜਾਵੇਗੀ, ਨਾਲ ਹੀ ਪੱਕੀ ਤੇ ਸਹੀ ਸੂਚਨਾ ਦੇਣ ਵਾਲੇ ਦਾ ਨਾਂ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਚਾਹੇ ਪੁਲਸ ਨੇ ਕਾਤਲਾਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ''ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਲੈਂਦੇ ਹੋਏ ਉਨ੍ਹਾਂ ਨੂੰ ਪੂਰੀ ਤਰ੍ਹਾਂ ਖੰਗਾਲਿਆ ਸੀ ਪਰ ਇਨ੍ਹਾਂ ਦੀ ਕੁਆਲਿਟੀ ਸਹੀ ਨਾ ਹੋਣ ਕਾਰਨ ਹੱਤਿਆਰਿਆਂ ਦੇ ਚਿਹਰਿਆਂ ਨਾਲ ਉਨ੍ਹਾਂ ਦੇ ਵਾਹਨਾਂ ਦੇ ਨੰਬਰ ਵੀ ਠੀਕ ਤਰ੍ਹਾਂ ਨਾਲ ਨਹੀਂ ਪੜ੍ਹੇ ਜਾ ਰਹੇ, ਜਿਸ ਕੰਟੀਨ ਵਿਚ ਪਿਓ-ਪੁੱਤ ਦੀ ਹੱਤਿਆ ਕੀਤੀ ਗਈ ਸੀ, ਉਥੇ ਲੱਗੇ ਕੈਮਰਿਆਂ ਵਿਚ ਜਿਹੜੇ ਹੱਤਿਆਰਿਆਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ, ਉਨ੍ਹਾਂ ਵਿਚ ਸਿਰਫ ਉਹ ਲੋਕ ਸਰੀਰਕ ਰੂਪ ਵਿਚ ਫਿੱਟ ਨਜ਼ਰ ਆ ਰਹੇ ਹਨ। ਇਸ ਦੇ ਇਲਾਵਾ ਕੋਈ ਵੀ ਸਬੂਤ ਹੱਥ ਨਹੀਂ ਲੱਗ ਰਿਹਾ ਹੈ। 
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਇਸ ਮਾਮਲੇ ਨੂੰ ਸੁਲਝਾਉਣ ਲਈ ਪੰਜਾਬ ਪੁਲਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਅਗਵਾਈ ਵਿਚ ਪੂਰੇ ਸੂਬੇ ਦੇ ਆਲਾ ਅਧਿਕਾਰੀਆਂ ਨੇ ਖੰਨਾ ਦੇ ਐੱਸ. ਐੱਸ.ਪੀ. ਦਫਤਰ ਵਿਚ ਦੋ ਰਾਤਾਂ ਤੱਕ ਮੀਟਿੰਗ ਦਾ ਆਯੋਜਨ ਕਰ ਕੇ ਇਸ ਕੇਸ ਨੂੰ ਜਲਦ ਤੋਂ ਜਲਦ ਸੁਲਝਾ ਲੈਣ ਹੇਤੂ ਕਈ ਰਣਨੀਤੀਆਂ ਨੂੰ ਬਣਾਇਆ ਸੀ। 
 

Related News