ਡੇਰਾ ਮੁਖੀ ਨੂੰ ਬਚਾਉਣ ਲਈ ਅਕਾਲੀ ਦਲ ਨੇ ਲਗਾਇਆ ਪੂਰਾ ਜ਼ੋਰ : ਰੰਧਾਵਾ

Friday, Jul 24, 2020 - 06:31 PM (IST)

ਡੇਰਾ ਮੁਖੀ ਨੂੰ ਬਚਾਉਣ ਲਈ ਅਕਾਲੀ ਦਲ ਨੇ ਲਗਾਇਆ ਪੂਰਾ ਜ਼ੋਰ : ਰੰਧਾਵਾ

ਚੰਡੀਗੜ੍ਹ : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਦਾ ਸਵਾਂਗ ਰਚਾਉਣ ਦੇ ਮਾਮਲੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਚਾਉਣ ਲਈ ਅਕਾਲੀ-ਭਾਜਪਾ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਜਦਕਿ ਬੇਅਦਬੀ ਮਾਮਲੇ ਵਿਚ ਵੀ ਸੀ. ਬੀ. ਆਈ. ਲਗਾਤਾਰ ਬਾਦਲਾਂ ਦਾ ਬਚਾਅ ਕਰਦੀ ਆ ਰਹੀ ਹੈ। ਰੰਧਾਵਾ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲਾ ਅਕਾਲੀ ਦਲ ਬਾਦਲ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਵੋਟਾਂ ਮੰਗਦਾ ਰਿਹਾ ਹੈ। ਰੰਧਾਵਾ ਨੇ ਕਿਹਾ ਕਿ 2007 'ਚ ਡੇਰਾ ਮੁਖੀ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦਾ ਮਾਮਲਾ ਦਰਜ ਹੋਇਆ। ਇਸ ਮਾਮਲੇ ਵਿਚ ਅਕਾਲੀ ਦਲ ਨੇ ਸਾਢੇ ਚਾਰ ਸਾਲ ਤਕ ਡੇਰਾ ਮੁਖੀ ਖ਼ਿਲਾਫ਼ ਕੋਈ ਚਲਾਨ ਪੇਸ਼ ਨਹੀਂ ਕੀਤਾ ਜਦਕਿ ਵੋਟਾਂ ਤੋਂ ਮਹਿਜ਼ ਤਿੰਨ ਦਿਨ ਪਹਿਲਾਂ ਕੈਂਸਲੇਸ਼ਨ ਰਿਪੋਰਟ ਦਾਇਰ ਕਰ ਦਿੱਤੀ ਗਈ ਅਤੇ ਇਹ ਰਿਪੋਰਟ ਵੀ ਉਸ ਮਹਿਕਮੇ ਵਲੋਂ ਦਾਇਰ ਕੀਤੀ ਗਈ ਸੀ ਜਿਸ ਦਾ ਮੁਖੀ ਸੁਖਬੀਰ ਸਿੰਘ ਬਾਦਲ ਸੀ। ਉਨ੍ਹਾਂ ਕਿਹਾ ਕਿ ਇਸ ਕੈਂਸਲੇਸ਼ਨ ਰਿਪੋਰਟ ਵਿਚ ਵੀ ਇਹ ਕਿਹਾ ਗਿਆ ਸੀ ਕਿ ਜਿਹੜੀ ਘਟਨਾ ਦੇ ਦੋਸ਼ ਡੇਰਾ ਮੁਖੀ 'ਤੇ ਲਗਾਏ ਜਾ ਰਹੇ ਹਨ, ਉਹ ਉਸ ਸਮੇਂ ਵਾਪਰੀ ਹੀ ਨਹੀਂ ਹੈ। 

ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਚਲਦਿਆਂ ਕੈਪਟਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

ਬੇਅਦਬੀ ਮਾਮਲੇ 'ਤੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ 2015 ਵਿਚ ਅਕਾਲੀ ਦਲ ਵਲੋਂ ਬੇਅਦਬੀ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਗਈ ਸੀ। ਇਸ ਮਾਮਲੇ ਵਿਚ ਵੀ ਸੀ. ਬੀ. ਆਈ. ਦੀ ਢਿੱਲੀ ਕਾਰੁਗਜ਼ਾਰੀ ਰਹੀ ਅਤੇ ਸਾਢੇ ਤਿੰਨ ਸਾਲ ਤਕ ਸੀ. ਬੀ. ਆਈ. ਨੇ ਕੁਝ ਨਹੀਂ ਕੀਤਾ। ਨਾ ਤਾਂ ਸੀ. ਬੀ.ਆਈ. ਨੇ ਚਾਰਜਸ਼ੀਟ ਦਾਇਰ ਕੀਤੀ ਅਤੇ ਨਾ ਹੀ ਕਿਸੇ ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ ਜਦਕਿ ਇਸ ਦੇ ਉਲਟ ਸੀ. ਬੀ. ਆਈ. ਨੇ ਬਿਨਾਂ ਕਿਸੇ ਤੱਥ ਦੇ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ। ਰੰਧਾਵਾ ਨੇ ਕਿਹਾ ਕਿ 6-9-2018 'ਚ ਕਾਂਗਰਸ ਨੇ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਕਿ ਸੀ. ਬੀ. ਆਈ. ਤੋਂ ਜਾਂਚ ਵਾਪਸ ਲਈ ਜਾਵੇਗੀ। ਰੰਧਾਵਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਲੋਂ ਲਗਾਤਾਰ ਡੇਰਾ ਮੁਖੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰੰਧਾਵਾ ਨੇ ਕਿਹਾ ਕਿ ਹੈਰਾਨੀ ਭਰੀ ਗੱਲ ਹੈ ਕਿ ਗੁਰੂ ਸਾਹਿਬ ਦੇ ਚੋਰੀ ਹੋਏ 267 ਸਰੂਪ ਦੇ ਮਾਮਲੇ ਵਿਚ ਐੱਫ. ਆਈ. ਆਰ. ਵੀ ਦਰਜ ਨਹੀਂ ਹੋਈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਪ੍ਰੋ. ਚੰਦੂਮਾਜਰਾ ਨਾਲ ਮੋਹਾਲੀ ਵਿਖੇ ਮੀਟਿੰਗ


author

Gurminder Singh

Content Editor

Related News