ਡੇਰਾ ਮੁਖੀ ਦੀ ਰਿਹਾਈ ਲਈ ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ’ਤੇ ਹੰਗਾਮਾ, ਗ੍ਰੰਥੀ ਗ੍ਰਿਫ਼ਤਾਰ
Friday, May 21, 2021 - 06:17 PM (IST)
ਬਠਿੰਡਾ (ਵਰਮਾ): ਪਿੰਡ ਬੀੜ ਤਲਾਬ ਦੇ ਇਕ ਗੁਰਦੁਆਰਾ ਸਾਹਿਬ ’ਚ ਇਕ ਗ੍ਰੰਥੀ ਸਿੰਘ ਵੱਲੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਰਿਹਾਈ ਲਈ ਕੀਤੀ ਗਈ ਅਰਦਾਸ ’ਤੇ ਹੰਗਾਮਾ ਹੋ ਗਿਆ, ਜਿਸ ਤੋਂ ਬਾਅਦ ਗ੍ਰੰਥੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਉਕਤ ਅਰਦਾਸ ’ਚ ਦਲਿਤ ਸੀ. ਐੱਮ. ਬਣਾਉਣ ਦਾ ਕਥਿਤ ਫ਼ੈਸਲਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਗਿਆ। ਅਰਦਾਸ ਦਾ ਵੀਡੀਓ ਵਾਇਰਲ ਹੋਣ ’ਤੇ ਇਲਾਕੇ ’ਚ ਸਨਸਨੀ ਫੈਲ ਗਈ।
ਇਹ ਵੀ ਪੜ੍ਹੋ: ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ
ਅਰਦਾਸ ਦੇ ਵਾਇਰਲ ਵੀਡੀਓ ’ਚ ਗ੍ਰੰਥੀ ਸਿੰਘ ਗੁਰਮੇਲ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਬੀੜ ਤਲਾਬ ਨੇ ਡੇਰਾ ਸੱਚਾ ਸੌਦਾ ਦਾ ਵੀ ਚੋਣਾਂ ’ਚ ਸਹਿਯੋਗ ਕਰਨ ਲਈ ਡੇਰੇ ਦੇ ਪ੍ਰੇਮੀਆਂ ਦਾ ਧੰਨਵਾਦ ਜਤਾਇਆ, ਜਦੋਂਕਿ ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਰਿਹਾਅ ਕਰਵਾਉਣ ਲਈ ਵੀ ਅਰਦਾਸ ਕੀਤੀ ਗਈ। ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਵੀ ਅਰਦਾਸ ’ਚ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਕੁਰਸੀਆਂ ਬਖਸ਼ੀਆਂ ਗਈਆਂ। ਅਰਦਾਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ’ਚ ਦਲਿਤ ਸੀ.ਐੱਮ. ਬਣਾਉਣ ਦੇ ਕੀਤੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ
ਇਸ ਸਬੰਧ ’ਚ ਸਿੱਖ ਮਸਲਿਆਂ ’ਤੇ ਆਵਾਜ਼ ਚੁੱਕਣ ਵਾਲੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਕਰਨ ਅਤੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਵੀਡੀਓ ਨਾਲ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਕਤ ਗੁਰਦੁਆਰਾ ਸਾਹਿਬ ’ਚ ਡੇਰਾ ਪ੍ਰੇਮੀਆਂ ਦੀ ਦਖਲਅੰਦਾਜ਼ੀ ਹੈ, ਜੋ ਨਾ ਸਿਰਫ ਨਿੰਦਣਯੋਗ ਹੈ ਬਲਕਿ ਇਕ ਗੰਭੀਰ ਮਸਲਾ ਹੈ। ਇਸ ਸਬੰਧ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਸ਼ਿਕਾਇਤ ਭੇਜ ਕੇ ਉੱਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।ਇਸ ਮਾਮਲੇ ’ਚ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਾਂਗਰਸ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਫੈਸਲੇ ’ਤੇ ਅਰਦਾਸ ਕਰ ਕੇ ਸਭ ਦਾ ਭਲਾ ਮੰਗਿਆ ਹੈ, ਜੋ ਕੋਈ ਜੁਰਮ ਨਹੀਂ ਹੈ। ਉਨ੍ਹਾਂ ਐੱਸ. ਸੀ. ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਕੋਲੋਂ ਮਾਮਲੇ ’ਚ ਉੱਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ 'ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?