ਡੇਰਾ ਮੁਖੀ ਤੋਂ ਪਹਿਲਾਂ ''ਸਿਟ'' ਨੇ ਮਹਿੰਦਰਪਾਲ ਬਿੱਟੂ ਕੋਲੋਂ ਕਰਨੀ ਸੀ ਪੁੱਛ-ਗਿੱਛ

Monday, Jul 01, 2019 - 10:17 AM (IST)

ਫ਼ਰੀਦਕੋਟ (ਜਗਦੀਸ਼) - ਬਰਗਾੜੀ ਬੇਅਦਬੀ ਮਾਮਲਿਆਂ ਨਾਲ ਜੁੜੀਆਂ ਬਹਿਬਲ ਅਤੇ ਕੋਟਕਪੂਰਾ ਵਿਖੇ ਵਾਪਰੀਆਂ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ 'ਸਿਟ' ਦੇ ਪ੍ਰਮੁੱਖ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਨਾਲ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਨੂੰ ਝਟਕਾ ਲੱਗਾ ਹੈ, ਕਿਉਂਕਿ ਟੀਮ ਵਲੋਂ ਉਕਤ ਮਾਮਲੇ 'ਚ ਬਿੱਟੂ ਕੋਲੋਂ ਪੁੱਛ-ਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਜੇਲ ਦੇ ਅਧਿਕਾਰੀਆਂ ਦਾ ਇਕ ਪੱਤਰ ਮਿਲਿਆ ਹੈ, ਜਿਸ 'ਚ ਉਨ੍ਹਾਂ ਟੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਡੇਰਾ ਮੁਖੀ ਨਾਲ ਸਬੰਧਤ ਮਾਮਲੇ ਦੀ ਜਾਂਚ ਦੀ ਆਗਿਆ ਦੇ ਦਿੱਤੀ ਹੈ। ਇਸ ਦੀ ਜਾਂਚ ਕਰਨ ਲਈ ਜਾਣ ਤੋਂ ਪਹਿਲਾਂ 'ਸਿਟ' ਨੇ ਨਾਭਾ ਜੇਲ 'ਚ ਬਿੱਟੂ ਨੂੰ ਜਾਂਚ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ ਪਰ ਇਸ ਤੋਂ ਪਹਿਲਾਂ ਉਸ ਦਾ ਕਤਲ ਹੋ ਗਿਆ।

ਬਿੱਟੂ ਨੂੰ ਜਾਂਚ 'ਚ ਸ਼ਾਮਲ ਕਰਨ ਨਾਲ ਉਕਤ ਘਟਨਾਵਾਂ ਨਾਲ ਡੇਰਾ ਪ੍ਰੇਮੀਆਂ ਦੇ ਲਿੰਕ ਦਾ ਸੁਰਾਗ ਲੱਗਣ ਦੀ ਉਮੀਦ ਸੀ, ਜਿਸ ਦੇ ਆਧਾਰ 'ਤੇ ਡੇਰਾ ਮੁਖੀ ਤੋਂ ਸਵਾਲ ਪੁੱਛੇ ਜਾਣੇ ਸਨ। ਆਈ. ਜੀ. ਨੇ ਕਿਹਾ ਕਿ ਇਸ ਪਹਿਲੂ ਨੂੰ ਬਿੱਟੂ ਦੇ ਕਤਲ ਦੇ ਮਾਮਲੇ ਦੀ ਜਾਂਚ ਕਰ ਰਹੀ ਟੀਮ ਨਾਲ ਸਾਂਝਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ 'ਚ 'ਸਿਟ' ਨੇ 24 ਮਈ, 2019 ਨੂੰ ਕੋਟਕਪੂਰਾ ਗੋਲੀ ਕਾਂਡ ਮਾਮਾਲੇ ਵਿਚ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਏਕਤਾ ਉੱਪਲ ਦੀ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਸੀ। ਇਸ ਵਿਚ ਇਹ ਦੱਸਿਆ ਗਿਆ ਸੀ ਕਿ ਰੋਹਤਕ ਜੇਲ ਅਧਿਕਾਰੀਆਂ ਵੱਲੋਂ ਸਹਿਯੋਗ ਨਾ ਮਿਲਣ ਕਰ ਕੇ ਉਨ੍ਹਾਂ ਦੀ ਟੀਮ 2 ਅਪ੍ਰੈਲ ਨੂੰ ਡੇਰਾ ਮੁਖੀ ਤੋਂ ਪੁੱਛ-ਗਿੱਛ ਨਾ ਕਰ ਸਕੀ।

ਨਾਭੇ ਦੀ ਨਵੀਂ ਬਣੀ ਜੇਲ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਬਰਗਾੜੀ ਬੇਅਦਬੀ ਦਾ ਮਾਮਲਾ ਫਿਰ ਤੋਂ ਚਰਚੇ ਵਿਚ ਆ ਗਿਆ ਹੈ ਪਰ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੀਆਂ ਫਾਈਲਾਂ ਉੱਪਰ ਕਈ ਮਹਿਨੀਆਂ ਤੋ ਧੂੜ ਜੰਮ ਰਹੀ ਹੈ। ਪਿਛਲੇ ਸਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ 'ਚ ਪੇਸ਼ ਕਰਦੇ ਸਮੇਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਬੇਅਦਬੀ ਦੇ ਮਾਮਲਿਆਂ ਦੀ ਸੀ. ਬੀ. ਆਈ. ਤੋਂ ਲੈ ਕੇ ਪੰਜਾਬ ਪੁਲਸ ਦੀ ਉਕਤ ਟੀਮ ਨੂੰ ਸੌਂਪੀ ਜਾਵੇਗੀ ਪਰ ਇਸ ਤੋਂ ਕਾਰਵਾਈ ਅੱਗੇ ਨਾ ਵਧ ਸਕੀ। ਅਜਿਹੇ 'ਚ ਵਰਤਮਾਨ ਸਮੇ ਵਿਚ ਉਕਤ ਕੇਸ ਦੀ ਸੀ. ਬੀ. ਆਈ. ਜਾਂਚ ਨਹੀਂ ਕਰ ਸਕੀ ਹੈ ਅਤੇ 'ਸਿਟ' ਨੂੰ ਉਕਤ ਕੇਸ ਦੀ ਸੀ. ਬੀ. ਆਈ. ਤੋਂ ਵਾਪਸ ਆਉਣ ਦੀ ਉਡੀਕ ਹੈ। ਮਹਿੰਦਰਪਾਲ ਬਿੱਟੂ ਸਮੇਤ ਫਰੀਦੋਕਟ ਵਿਖੇ ਭੇਜੇ 10 ਡੇਰਾ ਪ੍ਰੇਮੀਆਂ 'ਚੋਂ ਬਾਕੀਆਂ ਦੀਆਂ ਜ਼ਮਾਨਤਾਂ ਹੋ ਗਈਆਂ ਅਤੇ ਬਿੱਟੂ ਨੂੰ ਨਾਭਾ ਜੇਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ।


rajwinder kaur

Content Editor

Related News