ਪ੍ਰਸ਼ਾਸਨ ਵਲੋਂ ਸੰਗਤਾਂ ਦੇ ਸਵਾਗਤ ਲਈ ਲਗਾਏ ਜਾ ਰਹੇ ਨੇ ਸਵਾਗਤੀ ਗੇਟ

10/25/2019 5:40:36 PM

ਡੇਰਾ ਬਾਬਾ ਨਾਨਕ (ਵਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਜ਼ਿਲਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਅਤੇ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਵਿਖੇ ਸ਼ਤਾਬਦੀ ਸਮਾਗਮਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੇ ਸਵਾਗਤ ਲਈ ਪ੍ਰਸ਼ਾਸਨ ਪੱਬਾਂ-ਭਾਰ ਹੋਇਆ ਪਿਆ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਡੇਰਾ ਬਾਬਾ ਨਾਨਕ ਵਿਖੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੰਗਤਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਡੇਰਾ ਬਾਬਾ ਨਾਨਕ ਨੂੰ 9 ਸੈਕਟਰਾਂ 'ਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ਦੇ ਇੰਚਾਰਜ ਨੂੰ ਇਕ ਖੇਤਰ ਦਿੱਤਾ ਗਿਆ ਹੈ, ਜਿਸ 'ਚ ਸਮੁੱਚੇ ਪ੍ਰਬੰਧ ਸੈਕਟਰ ਇੰਚਾਰਜ ਕਰੇਗਾ ਅਤੇ ਇਸ ਸਬੰਧੀ ਜਵਾਬ ਦੇਹ ਹੋਵੇਗਾ। ਇਸ ਦੇ ਨਾਲ-ਨਾਲ ਹਰ ਸੈਕਟਰ ਇੰਚਾਰਜ ਨੂੰ ਇਕ ਰਿਜ਼ਰਵ ਪਾਰਟੀ ਵੀ ਨਾਲ ਦਿੱਤੀ ਗਈ ਹੈ ਤਾਂ ਕਿ ਜ਼ਿਆਦਾ ਥਾਵਾਂ 'ਤੇ ਲੋੜ ਪੈਣ 'ਤੇ ਰਿਜ਼ਰਵ ਡਿਊਟੀ ਦੇ ਰਹੇ ਕਰਮਚਾਰੀਆਂ ਤੋਂ ਸੇਵਾ ਲਈ ਜਾ ਸਕੇ।

ਜ਼ਿਲਾ ਪ੍ਰਸ਼ਾਸਨ ਵਲੋਂ ਸੰਗਤਾਂ ਨੂੰ ਰਿਹਾਇਸ਼, ਪਾਰਕਿੰਗ, ਪਖਾਨੇ, ਲੰਗਰ, ਪੀਣ ਵਾਲਾ ਪਾਣੀ, ਸਹਾਇਤਾ ਕੇਂਦਰ, ਸੁਰੱਖਿਆ ਸਹੂਲਤਾਂ ਆਦਿ ਪ੍ਰਦਾਨ ਕਰਨ ਲਈ ਟੈਂਟ ਸਿਟੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕਸਬੇ ਵਿਚ ਆਉਣ ਵਾਲੇ ਬਟਾਲਾ ਰੋਡ, ਗੁਰਦਾਸਪੁਰ ਰੋਡ, ਫਤਿਹਗੜ੍ਹ ਚੂੜੀਆਂ ਰੋਡ ਅਤੇ ਰਾਮਦਾਸ ਰੋਡ 'ਤੇ ਵੀ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਸੰਗਤਾਂ ਆਪਣੇ ਵਾਹਨਾਂ ਦੀ ਪਾਰਕਿੰਗ ਉਥੇ ਹੀ ਕਰ ਕੇ ਆਵੇ ਅਤੇ ਕਸਬੇ 'ਚ ਸਿਰਫ ਓਹੀ ਵਹੀਕਲ ਅੰਦਰ ਪ੍ਰਵੇਸ਼ ਕਰ ਸਕਣਗੇ ਜਿਨ੍ਹਾਂ ਕੋਲ ਐੱਸ. ਡੀ. ਐੱਮ. ਵੱਲੋਂ ਜਾਰੀ ਕੀਤੇ ਪਾਸ ਹੋਣਗੇ।

ਜ਼ਿਲਾ ਪ੍ਰਸ਼ਾਸਨ ਵਲੋਂ ਇਨ੍ਹਾਂ ਚਾਰ ਮਾਰਗਾਂ 'ਤੇ ਸਵਾਗਤੀ ਗੇਟ ਲਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਮਾਰਗ 'ਤੇ ਪਿੰਡ ਹਰੂਵਾਲ ਵਿਖੇ ਸਵਾਗਤੀ ਗੇਟ ਲਾ ਕੇ ਸ਼ੁਰੂਆਤ ਕੀਤੀ ਗਈ ਹੈ। ਪ੍ਰਸ਼ਾਸਨ ਵਲੋਂ ਬਾਕਾਇਦਾ ਤੌਰ 'ਤੇ ਡੇਰਾ ਬਾਬਾ ਨਾਨਕ ਆਉਣ ਵਾਲੀ ਸੰਗਤ ਦਾ ਰੂਟ ਮੈਪ ਤਿਆਰ ਕੀਤਾ ਗਿਆ ਹੈ ਤਾਂ ਕਿ ਸੰਗਤ ਸੁਚਾਰੂ ਰੂਪ ਵਿਚ ਡੇਰਾ ਬਾਬਾ ਨਾਨਕ ਦੇ ਗੁਰਦੁਆਰਿਆਂ ਤੋਂ ਇਲਾਵਾ ਕੌਮਾਂਤਰੀ ਸਰਹੱਦ 'ਤੇ ਪਹੁੰਚ ਕੇ ਦੂਰਬੀਨ ਰਾਹੀਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣ।


Baljeet Kaur

Content Editor

Related News