ਠੰਡ 'ਤੇ ਭਾਰੀ ਪਈ ਸ਼ਰਧਾ ਦੀ ਆਸਥਾ, ਵਧੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ
Monday, Dec 30, 2019 - 11:27 AM (IST)
ਡੇਰਾ ਬਾਬਾ ਨਾਨਕ (ਵਤਨ) : ਪਿਛਲੇ ਕਾਫੀ ਦਿਨਾਂ ਤੋਂ ਸੀਤ ਲਹਿਰ ਦੇ ਬਾਵਜੂਦ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਦਾ ਉਤਸ਼ਾਹ ਬਰਕਰਾਰ ਹੈ। ਸੰਗਤ ਪਹਿਲਾਂ ਦੀ ਤਰ੍ਹਾਂ ਹੀ ਵੱਡੀ ਗਿਣਤੀ 'ਚ ਡੇਰਾ ਬਾਬਾ ਨਾਨਕ ਕਸਬੇ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੀਆਂ ਹਨ ਅਤੇ ਅੱਜ ਲਾਂਘਾ ਖੁੱਲ੍ਹਣ ਦੇ 51ਵੇਂ ਦਿਨ 1246 ਸ਼ਰਧਾਲੂ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਗਏ।
ਅੱਜ 'ਜਗ ਬਾਣੀ' ਦੀ ਟੀਮ ਵੱਲੋਂ ਜਦੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦਾ ਦੌਰਾ ਕੀਤਾ ਗਿਆ ਤਾਂ ਉਨ੍ਹਾਂ ਵੇਖਿਆ ਕਿ ਸਰਹੱਦ 'ਤੇ ਬਣੇ ਧੁੱਸੀ ਬੰਨ੍ਹ 'ਤੇ ਸਥਿਤ ਆਰਜ਼ੀ ਦਰਸ਼ਨ ਸਥੱਲ 'ਤੇ ਬੀ. ਐੱਸ. ਐੱਫ. ਵੱਲੋਂ 2 ਦੂਰਬੀਨਾਂ ਸੰਗਤਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਸ ਨਾਲ ਸੰਗਤ ਆਪ ਜਾਂ ਬੀ. ਐੱਸ. ਐੱਫ. ਦੀ ਮਦਦ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਨਾਲ ਦਰਸ਼ਨ-ਦੀਦਾਰ ਕਰ ਸਕਣ ਅਤੇ ਸੰਗਤਾਂ ਲਾਈਨ ਵਿਚ ਲੱਗ ਕੇ ਬੀ. ਐੱਸ. ਐੱਫ. ਵੱਲੋਂ ਮੁਹੱਈਆ ਕਰਵਾਈਆਂ ਗਈਆਂ ਦੂਰਬੀਨਾਂ ਨਾਲ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਰਹੀਆਂ ਸਨ। ਕਰਤਾਰਪੁਰ ਸਾਹਿਬ ਦਰਸ਼ਨ ਸਥੱਲ ਦਾ ਅਜੇ ਤੱਕ ਨਿਰਮਾਣ ਸ਼ੁਰੂ ਨਾ ਹੋਣ ਕਾਰਣ ਤੇਜ਼ ਅਤੇ ਹੱਡੀ ਚੀਰਵੀਂ ਹਵਾ ਦੇ ਬਾਵਜੂਦ ਲੋਕ ਧੁੱਸੀ ਬੰਨ੍ਹ 'ਤੇ ਖੜ੍ਹੇ ਹੋ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਰਹੇ ਸਨ ਅਤੇ ਸਰਹੱਦ 'ਤੇ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ। ਸੰਗਤਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੰੰਗਤਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਧੁੱਸੀ ਬੰਨ੍ਹ 'ਤੇ ਦਰਸ਼ਨ-ਸਥੱਲ ਦਾ ਤੁਰੰਤ ਨਿਰਮਾਣ ਕਰਵਾਏ ਤਾਂ ਜੋ ਜਿਨ੍ਹਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਕੋਲ ਅਜੇ ਪਾਸਪੋਰਟ ਨਹੀਂ ਹਨ, ਉਹ ਵੀ ਪੂਰੀ ਸਹੂਲਤ ਨਾਲ ਦਰਸ਼ਨ ਸਥੱਲ 'ਤੇ ਕਿਸੇ ਵੀ ਮੌਸਮ ਵਿਚ ਪਹੁੰਚ ਕੇ ਆਪਣੇ ਤੋਂ ਵਿਛੜੇ ਗੁਰੂਧਾਮ ਦੇ ਦਰਸ਼ਨ-ਦੀਦਾਰ ਕਰ ਸਕਣ।
ਕਰਤਾਰਪੁਰ ਸਾਹਿਬ ਦੇ ਮੁੱਖ ਦੁਆਰ 'ਤੇ ਲੱਗੀਆਂ ਲਾਈਟਾਂ 'ਚੋਂ ਕੁਝ ਬੰਦ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਦੁਆਰ ਨੂੰ ਹੋਰ ਦਿਲ ਖਿੱਚਵਾਂ ਬਣਾਉਣ ਲਈ ਪੇਡਾ ਰਾਹੀਂ ਮੁੱਖ ਦੁਆਰ 'ਤੇ ਵਿਰਾਸਤੀ ਦਿੱਖ ਵਾਲੀਆਂ ਲਾਈਟਾਂ ਲਾਈਆਂ ਗਈਆਂ ਸਨ। ਜੋ ਕਿ ਸੰਗਤ ਦੀ ਖਿੱਚ ਦਾ ਕਾਰਣ ਵੀ ਬਣਦੀਆਂ ਸਨ ਅਤੇ ਰਾਤ ਨੂੰ ਇਨ੍ਹਾਂ ਦੇ ਜਗਣ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਦੁਆਰ ਦੀ ਵਧੀਆ ਦਿੱਖ ਬਣ ਜਾਂਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਵਲੋਂ ਲਾਈਆਂ ਗਈਆਂ ਇਹ ਵਿਰਾਸਤੀ ਦਿੱਖ ਵਾਲੀਆਂ ਲਾਈਟਾਂ ਵਿਚੋਂ ਕੁਝ ਲਾਈਟਾਂ ਡੇਢ ਕੁ ਮਹੀਨੇ ਤੋਂ ਬਾਅਦ ਹੀ ਬੰਦ ਹੋ ਗਈਆਂ ਹਨ, ਜਿਸ ਨਾਲ ਰਾਤ ਸਮੇਂ ਕਰਤਾਰਪੁਰ ਸਾਹਿਬ ਮਾਰਗ ਦੇ ਮੁੱਖ ਦੁਆਰ 'ਤੇ ਕੁਝ ਜਗ੍ਹਾ 'ਤੇ ਹਨ੍ਹੇਰਾ ਜਿਹਾ ਹੋ ਜਾਂਦਾ ਹੈ ਪਰ ਮਹਿਕਮੇ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ।
ਸੰਗਤਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਮਾਰਗ ਨੂੰ ਮੁੱਖ ਰੱਖਦਿਆਂ ਏਨੇ ਪੈਸੇ ਖਰਚ ਕੀਤੇ ਗਏ ਹਨ ਤਾਂ ਮਹਿਕਮੇ ਨੂੰ ਇਨ੍ਹਾਂ ਵਿਰਾਸਤੀ ਦਿੱਖ ਵਾਲੀਆਂ ਲਾਈਟਾਂ ਦਾ ਰੱਖ ਰਖਾਵ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਮੰਗ ਕੀਤੀ ਕਿ ਉਹ ਕਰਤਾਰਪੁਰ ਸਾਹਿਬ ਮਾਰਗ 'ਤੇ ਬੰਦ ਪਈਆਂ ਕੁਝ ਲਾਈਟਾਂ ਨੂੰ ਮੁੜ ਚਾਲੂ ਕਰਵਾਉਣ ਲਈ ਸਬੰਧਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਨ।