ਕਰਤਾਰਪੁਰ ਲਾਂਘੇ ਦੇ ਕੰਮ 'ਚ ਪਿਆ ਅੜਿਕਾ ਹੋਇਆ ਦੂਰ, ਮੁੜ ਸ਼ੁਰੂ ਹੋਇਆ ਕੰਮ

10/09/2019 2:25:15 PM

ਡੇਰਾ ਬਾਬਾ ਨਾਨਕ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮਾਂ ਅਤੇ ਕਰਤਾਰਪੁਰ ਲਾਂਘੇ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਰਿਹਾਇਸ਼ ਲਈ ਡੇਰਾ ਬਾਬਾ ਨਾਨਕ ਕੋਲ ਟੈਂਟ ਸਿਟੀ ਬਣਾਉਣ ਦੇ ਕੰਮ 'ਚ ਪਿਆ ਅੜਿਕਾ ਦੂਰ ਹੋ ਗਿਆ ਹੈ, ਜਿਸ ਤੋਂ ਬਾਅਦ ਹੁਣ ਮੁੜ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਇਥੇ ਕਈ ਦਿਨ ਮੀਂਹ ਪੈਣ ਕਾਰਨ ਕੰਮ 'ਚ ਰੁਕਾਵਟ ਆ ਗਈ ਸੀ, ਜਿਸ ਕਾਰਨ ਕੰਮ ਇਕ ਹਫਤੇ ਲਈ ਰੋਕ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਰਹਿਣ ਲਈ ਅਗੇਤ ਬੁਕਿੰਗ ਦਾ ਕੰਮ ਪੰਜਾਬ ਸਰਕਾਰ ਵਲੋਂ ਹੀ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ 65 ਏਕੜ 'ਚ ਟੈਂਟ ਸਿਟੀ ਬਣਾਈ ਜਾ ਰਹੀ ਹੈ, ਜਿਸ 'ਚ ਸ਼ਰਧਾਲੂਆਂ ਦੀ ਰਿਹਾਇਸ਼ ਲਈ 40 ਏਕੜ ਜ਼ਮੀਨ ਹੋਵੇਗੀ। ਇਸੇ ਤਰ੍ਹਾਂ 7 ਏਕੜ ਪਾਰਕਿੰਗ ਲਈ ਜਦੋਂਕਿ ਬਾਕੀ ਥਾਂ ਧਾਰਮਿਕ ਸਮਾਗਮ ਲਈ ਰੱਖੀ ਗਈ ਹੈ। ਐੱਸ.ਡੀ.ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮੁੱਖ ਗੇਟਾਂ ਅਤੇ ਸੜਕਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ। ਟੈਂਟ ਸਿਟੀ 'ਚ ਰਹਿਣ ਵਾਲੇ ਸ਼ਰਧਾਲੂਆਂ ਦੀ ਪਹਿਲਾਂ ਰਜਿਸਟਰੇਸ਼ਨ ਹੋਵੇਗੀ ਤੇ ਫਿਰ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਬਾਕਾਇਦਾ ਪਛਾਣ ਪੱਤਰ ਦਿੱਤੇ ਜਾਣਗੇ।
PunjabKesari
ਟੈਂਟ ਸਿਟੀ ਦਾ ਨਿਰਮਾਣ ਕਰ ਰਹੇ ਪ੍ਰੀਤਮ ਮੋਦੀ ਨੇ ਦੱਸਿਆ ਕਿ ਇਹ ਨਿਰਮਾਣ ਦਿਨ ਰਾਤ ਲਾਈਟਾਂ ਦੇ ਸਹਾਰੇ ਕਰੀਬ 200 ਦੇ ਕਰੀਬ ਕਾਮਿਆਂ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਟੈਂਟ ਸਿਟੀ 'ਚ 600 ਪਖਾਨੇ ਤਿਆਰ ਹੋਣਗੇ, ਜਿਨ੍ਹਾਂ 'ਚੋਂ 400 ਪਖਾਨਿਆਂ ਵਿਚ ਇੰਗਲਿਸ਼ ਸੀਟ ਵਾਲੇ ਅਤੇ 200 ਪਖਾਨਿਆਂ ਵਿਚ ਦੇਸੀ ਸੀਟਾਂ ਲਗਾਈਆਂ ਜਾਣਗੀਆਂ। ਇਨ੍ਹਾਂ ਵਿਚੋਂ 280 ਪਖਾਨਿਆਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਅਤੇ ਪਾਣੀ ਲਈ 8 ਟਿਊਬਵੈੱਲਾਂ ਦੇ ਬੋਰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਉਂਦੇ ਦੋ ਦਿਨਾਂ 'ਚ ਟੈਂਟ ਸਿਟੀ ਦਾ ਪੰਡਾਲ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।


Baljeet Kaur

Content Editor

Related News