ਗ੍ਰਹਿ ਸਕੱਤਰ ਪ੍ਰਧਾਨ ਮੰਤਰੀ ਨੂੰ ਸੌਂਪਣਗੇ ਲਾਂਘੇ ਦੇ ਪ੍ਰਬੰਧਾਂ ਸਬੰਧੀ ਰਿਪੋਰਟ

10/14/2019 5:52:44 PM

ਡੇਰਾ ਬਾਬਾ ਨਾਨਕ (ਵਤਨ, ਕੰਵਲਜੀਤ, ਗੁਰਪ੍ਰੀਤ) : ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣ ਰਹੇ ਗੁ. ਸ੍ਰੀ. ਕਰਤਾਰਪੁਰ ਸਾਹਿਬ ਦੇ ਲਾਂਘੇ ਟਰਮੀਨਲ ਦੇ ਅਗਲੇ ਮਹੀਨੇ 8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਦਘਾਟਨ ਕਰਨ ਦੇ ਐਲਾਨ ਨਾਲ ਕਰਤਾਰਪੁਰ ਲਾਂਘੇ ਦੇ ਕੰਮਾਂ 'ਚ ਭਾਰੀ ਤੇਜ਼ੀ ਆ ਗਈ ਹੈ। ਇਸ ਦੇ ਨਾਲ ਹੀ ਕੇਂਦਰ ਤੋਂ ਉੱਚ ਅਧਿਕਾਰੀ ਇਸ ਲਾਂਘੇ ਦੇ ਕੰਮ ਨੂੰ ਮਿੱਥੇ ਸਮੇਂ 'ਤੇ ਮੁਕੰਮਲ ਕਰਨ ਲਈ ਵਾਰ-ਵਾਰ ਇਸ ਜਗ੍ਹਾ ਦਾ ਦੌਰਾ ਕਰ ਰਹੇ ਹਨ ਅਤੇ ਅੱਜ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਅਜੇ ਕੁਮਾਰ, ਲੈਂਡ ਪੋਰਟ ਅਥਾਰਟੀ ਦੇ ਗੋਵਿੰਦ ਮੋਹਨ ਅਤੇ ਚੇਅਰਮੈਨ ਅਖਿਲ ਸਕਸੈਨਾ, ਵੀ. ਕੇ. ਜੌਹਰੀ ਡਾਇਰੈਕਟਰ ਜਨਰਲ ਬੀ. ਐੱਸ. ਐੱਫ., ਦਿਨਕਰ ਗੁਪਤਾ ਡੀ. ਜੀ. ਪੀ. ਪੰਜਾਬ ਆਦਿ ਨੇ ਆਪਣੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਪੰਜਾਬ ਦੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ 8 ਨਵੰਬਰ ਨੂੰ ਪ੍ਰਧਾਨ ਮੰਤਰੀ ਦੇ ਫੇਰੀ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ।

ਇਸ ਮੌਕੇ ਸਰਹੱਦ 'ਤੇ ਗ੍ਰਹਿ ਸਕੱਤਰ ਵਲੋਂ ਪ੍ਰਬੰਧਾਂ ਦੇ ਸਬੰਧ ਵਿਚ ਮੀਟਿੰਗ ਕੀਤੀ ਗਈ ਹਾਲਾਂਕਿ ਮੀਡੀਆ ਨੂੰ ਇਸ ਦੌਰੇ ਤੋਂ ਦੂਰ ਰੱਖਿਆ ਗਿਆ ਅਤੇ ਨਾ ਹੀ ਕਿਸੇ ਵੀ ਅਧਿਕਾਰੀ ਨੇ ਮੀਡੀਆ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਪਰ ਮਿਲੀ ਜਾਣਕਾਰੀ ਅਨੁਸਾਰ ਗ੍ਰਹਿ ਸਕੱਤਰ ਵੱਲੋਂ ਇਸ ਮੀਟਿੰਗ ਦਾ ਮੁੱਖ ਮਕਸਦ ਕਰਤਾਰਪੁਰ ਲਾਂਘੇ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਇਕੱਤਰ ਕਰ ਕੇ ਪ੍ਰਧਾਨ ਮੰਤਰੀ ਦਫਤਰ ਨੂੰ ਦੇਣਾ ਹੈ ਤਾਂ ਕਿ ਉਨ੍ਹਾਂ ਦੀ 8 ਨਵੰਬਰ ਦੀ ਡੇਰਾ ਬਾਬਾ ਨਾਨਕ ਫੇਰੀ ਮੌਕੇ ਲਾਂਘੇ ਦਾ ਉਦਘਾਟਨ ਹੋ ਸਕੇ। ਇਸ ਮੌਕੇ ਲੈਂਡ ਪੋਰਟ ਅਥਾਰਟੀ ਵਲੋਂ ਯਾਤਰੀ ਟਰਮੀਨਲ ਸਬੰਧੀ ਕੀਤੇ ਕੰਮਾਂ ਅਤੇ ਬਕਾਇਆ ਕੰਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਗ੍ਰਹਿ ਸਕੱਤਰ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ 31 ਅਕਤੂਬਰ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਯਕੀਨ ਦਵਾਇਆ।
 


Baljeet Kaur

Content Editor

Related News