ਈਮਾਨਦਾਰੀ ਦੇ ਰਾਹ ''ਤੇ ਚੱਲ ਕੇ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗਾ : ਰੰਧਾਵਾ

Sunday, Nov 17, 2019 - 09:58 AM (IST)

ਈਮਾਨਦਾਰੀ ਦੇ ਰਾਹ ''ਤੇ ਚੱਲ ਕੇ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗਾ : ਰੰਧਾਵਾ

ਡੇਰਾ ਬਾਬਾ ਨਾਨਕ (ਵਤਨ) : ਪਿੰਡ ਧਾਰੋਵਾਲੀ ਵਿਖੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਰ ਸਾਲ ਇਸ ਸਮਾਗਮ ਦਾ ਅਯੋਜਨ ਕਰਕੇ ਜਿਥੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਨ, ਉਥੇ ਹੀ ਦੇਸ਼ ਲਈ ਯੋਗਦਾਨ ਪਾਉਣ ਵਾਲੇ ਆਗੂਆਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਭਾਈ ਪਰਮਜੀਤ ਸਿੰਘ ਦੇ ਜਥੇ ਵਲੋਂ ਗੁਰਬਾਣੀ ਦੇ ਰਸ ਭਿੰਨ੍ਹੇਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਵਧਾਈ ਦਿੱਤੀ ਅਤੇ ਸੰਗਤ ਨੂੰ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦੇ ਉਪਦੇਸ਼ 'ਤੇ ਚੱਲਣ ਲਈ ਕਿਹਾ ਅਤੇ ਲੋੜਵੰਦਾਂ ਦੀ ਸੇਵਾ ਕਰਨ 'ਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਸਵ. ਸੰਤੋਖ ਸਿੰਘ ਰੰਧਾਵਾ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਈਮਾਨਦਾਰੀ ਦਾ ਰਾਹ ਫੜੀ ਬੈਠੇ ਹਨ ਅਤੇ ਆਪਣੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਗੇ। ਇਸ ਮੌਕੇ ਗੁਰੂ ਨਾਨਕ ਵੰਸ਼ਜ ਬਾਬਾ ਅਵਤਾਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ, ਮਨਬੀਰ ਸਿੰਘ ਖਹਿਰਾ ਮੈਨੇਜਿੰਗ ਡਾਇਰੇਕਟਰ ਸੈਂਟਰਲ ਕੋਆਪਰੇਟਿਵ ਬੈਂਕ ਗੁਰਦਾਸਪੁਰ ਆਦਿ ਹਾਜ਼ਰ ਸਨ।


author

Baljeet Kaur

Content Editor

Related News