ਕਰਤਾਰਪੁਰ ਰਾਵੀ ਦਰਸ਼ਨ ਅਭਿਲਾਥੀ ਸੰਸਥਾ ਨੇ ਲਾਂਘੇ ਸਬੰਧੀ ਕੀਤੀ 227ਵੀਂ ਅਰਦਾਸ
Monday, Oct 28, 2019 - 05:34 PM (IST)
ਡੇਰਾ ਬਾਬਾ ਨਾਨਕ (ਕੰਵਲਜੀਤ, ਗੁਰਪ੍ਰੀਤ) : ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਤੇ ਅੱਜ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਥੀ ਸੰਸਥਾ ਵਲੋਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਪੁੱਤਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ 'ਚ ਲਾਂਘੇ ਤੇ 227ਵੀਂ ਅਰਦਾਸ ਕੀਤੀ ਗਈ। ਉਨ੍ਹਾਂ ਦੇ ਨਾਲ ਜਥੇ. ਗੁਰਿੰਦਰ ਸਿੰਘ ਬਾਜਵਾ, ਜਸਬੀਰ ਸਿੰਘ ਜਫਰਵਾਲ ਅਤੇ ਉਧਮ ਸਿੰਘ ਔਲਖ ਵਿਸ਼ੇਸ਼ ਤੌਰ 'ਤੇ ਪਹੁੰਚੇ।
ਅਰਦਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸਨਮੁੱਖ ਖੜ੍ਹੇ ਹੋ ਕੇ ਸਾਰੀ ਨਾਨਕ ਨਾਮ ਲੇਵਾ ਸੰਗਤ ਲਈ ਲਾਂਘਾ ਖੁੱਲ੍ਹਣ ਲਈ ਅਰਦਾਸ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਵਲੋਂ ਕੀਤੀ ਗਈ ਅਰਦਾਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਣ ਲਈ, ਜਿਸ ਦੇ ਚੱਲਦਿਆਂ ਇਹ ਲਾਂਘਾ ਖੁੱਲ੍ਹਣ ਜਾ ਰਿਹਾ ਹੈ, ਜੋ ਕਿ ਸੰਸਥਾ ਦੀ ਬਹੁਤ ਹੀ ਵੱਡੀ ਪ੍ਰਾਪਤੀ ਹੈ। ਇਸ ਮੌਕੇ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ 14 ਅਪ੍ਰੈਲ 2001 ਨੂੰ ਜੋ ਅਰਦਾਸ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ, ਉਸ ਸੰਬੰਧ 'ਚ ਹੁਣ ਦੋਵਾਂ ਦੇਸ਼ਾਂ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ 9 ਨਵੰਬਰ ਨੂੰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਲਾਂਘੇ ਦਾ ਉਦਘਾਟਨ ਕਰਨਗੇ। ਅੰਤ 'ਚ ਉਨ੍ਹਾਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਧੰਨਵਾਦ ਕੀਤਾ।