ਨਵਾਂ ਕਰਤਾਰਪੁਰ ਦਰਸ਼ਨ ਸਥੱਲ ਬਣਾਉਣ ਦੀ ਕਵਾਇਦ ਸ਼ੁਰੂ

Friday, Nov 22, 2019 - 05:41 PM (IST)

ਨਵਾਂ ਕਰਤਾਰਪੁਰ ਦਰਸ਼ਨ ਸਥੱਲ ਬਣਾਉਣ ਦੀ ਕਵਾਇਦ ਸ਼ੁਰੂ

ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਧੁੱਸੀ ਬੰਨ੍ਹ 'ਤੇ ਬੀ. ਐੱਸ. ਐੱਫ ਵਲੋਂ ਬਣਾਏ ਗਏ ਆਰਜ਼ੀ ਦਰਸ਼ਨ ਸਥੱਲ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਵੱਡੀ ਗਿਣਤੀ 'ਚ ਸੰਗਤਾਂ ਖਾਸਕਰ ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ 'ਜਗ ਬਾਣੀ' ਵੱਲੋਂ ਬੜੀ ਪ੍ਰਮੁੱਖਤਾ ਨਾਲ ਮੁੱਦਾ ਚੁੱਕਿਆ ਗਿਆ ਸੀ। ਇਸ ਸਬੰਧੀ ਸੰਗਤਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਸੀ। ਅੱਜ ਇਸੇ ਸਬੰਧ 'ਚ ਲੈਂਡ ਪੋਰਟ ਅਥਾਰਟੀ ਭਾਰਤ ਸਰਕਾਰ, ਬੀ. ਐੱਸ. ਐੱਫ. ਅਤੇ ਇਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦਰਸ਼ਨ ਸਥੱਲ ਬਣਾਉਣ ਵਾਲੇ ਗੁਰੂ ਨਾਨਕ ਵੰਸ਼ਜ਼ ਬਾਬਾ ਸੁਖਦੀਪ ਸਿੰਘ ਬੇਦੀ ਵਲੋਂ ਆਰਜ਼ੀ ਤੌਰ 'ਤੇ ਬਣਾਏ ਗਏ ਕਰਤਾਰਪੁਰ ਦਰਸ਼ਨ ਸਥੱਲ ਦਾ ਦੌਰਾ ਕੀਤਾ ਗਿਆ ਅਤੇ ਨਵੇਂ ਕਰਤਾਰਪੁਰ ਦਰਸ਼ਨ ਸਥੱਲ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਸੁਖਦੀਪ ਸਿੰਘ ਬੇਦੀ ਨੇ ਦੱਸਿਆ ਕਿ ਸੰਗਤਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਸ ਜਗ੍ਹਾ 'ਤੇ ਨਵਾਂ ਕਰਤਾਰਪੁਰ ਦਰਸ਼ਨ ਸਥੱਲ ਬਣਾਉਣ 'ਤੇ ਅੱਜ ਵਿਚਾਰ ਕੀਤਾ ਗਿਆ ਹੈ। ਇਸ ਦੇ ਨਵੇਂ ਢਾਂਚੇ ਸਬੰਧੀ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਧੁੱਸੀ ਬੰਨ੍ਹ 'ਤੇ ਆਲੇ-ਦੁਆਲੇ ਆਰਜ਼ੀ ਤੌਰ 'ਤੇ ਰੇਲਿੰਗ ਲਾਈ ਜਾਵੇਗੀ ਤਾਂ ਕਿ ਸੰਗਤ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਇਸ ਤੋਂ ਬਾਅਦ ਨਵੇਂ ਕਰਤਾਰਪੁਰ ਦਰਸ਼ਨ ਸਥੱਲ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਦੇ ਨਿਰਮਾਣ ਮੌਕੇ ਬਜ਼ੁਰਗਾਂ ਅਤੇ ਦਿਵਿਆਂਗ ਸ਼ਰਧਾਲੂਆਂ ਲਈ ਵਿਸ਼ੇਸ਼ ਤੌਰ 'ਤੇ ਰੈਂਪ ਬਣਾਏ ਜਾਣਗੇ ਤਾਂ ਕਿ ਵ੍ਹੀਲਚੇਅਰ ਰਾਹੀਂ ਵੀ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਉਹ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਦੀਦਾਰ ਕਰ ਸਕਣ। ਇਸ ਤੋਂ ਇਲਾਵਾ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹਿਲਾਂ ਦੀ ਤਰ੍ਹਾਂ ਹੀ ਉਪਰ ਛੱਤ ਵੀ ਬਣਾਈ ਜਾਵੇਗੀ ਤਾਂ ਕਿ ਮੀਂਹ ਆਦਿ ਦੇ ਹਲਾਤਾਂ 'ਚ ਵੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਬਾਬਾ ਬੇਦੀ ਨੇ ਇਹ ਵੀ ਦੱਸਿਆ ਕਿ ਇਸ ਦਰਸ਼ਨ ਸਥੱਲ ਦੇ ਨਾਲ ਬਣੇ ਪੁਲ, ਜਿਸ ਨੂੰ ਭਵਿੱਖ ਵਿਚ ਪਾਕਿਤਸਾਨ ਵੱਲੋਂ ਬਣਾਏ ਪੁਲ ਰਾਹੀਂ ਜੋੜ ਕੇ ਕਰਤਾਰਪੁਰ ਲਾਂਘੇ ਨਾਲ ਜੋੜਣਾ ਹੈ, ਨੂੰ ਇਸ ਤੋਂ ਪੂਰੀ ਤਰ੍ਹਾਂ ਨਾਲ ਵੱਖ ਰੱਖਿਆ ਜਾਵੇਗਾ ਤਾਂ ਜੋ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।


author

Baljeet Kaur

Content Editor

Related News