ਕਰਤਾਰਪੁਰ ਲਾਂਘੇ ਦੇ 50 ਦਿਨ, ਜਾਣੋ ਕਿੰਨੇ ਸ਼ਰਧਾਲੂਆਂ ਨੇ ਕੀਤੇ ਦਰਸ਼ਨ
Sunday, Dec 29, 2019 - 10:14 AM (IST)

ਡੇਰਾ ਬਾਬਾ ਨਾਨਕ (ਵਤਨ) : ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਬਣਿਆਂ ਅੱਜ 50 ਦਿਨ ਪੂਰੇ ਹੋ ਗਏ ਹਨ ਅਤੇ 9 ਨਵੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤ ਵਾਲੇ ਪਾਸੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਗਏ ਕਰਤਾਰਪੁਰ ਕੋਰੀਡੋਰ ਦਾ ਰਸਮੀ ਉਦਘਾਟਨ ਕੀਤਾ ਗਿਆ ਸੀ ਅਤੇ ਇਨ੍ਹਾਂ 50 ਦਿਨਾਂ ਵਿਚ ਕਈ ਉਤਾਰ-ਚੜ੍ਹਾਅ ਦੇ ਕਾਰਣ ਇਸ ਕੋਰੀਡੋਰ ਰਾਹੀਂ ਸੰਗਤ ਆਪਣੇ ਤੋਂ ਵਿਛੜੇ ਇਸ ਗੁਰਧਾਮ ਦੇ ਦਰਸ਼ਨ ਕਰ ਕੇ ਖੁਸ਼ੀ ਦਾ ਅਹਿਸਾਸ ਮਾਣ ਰਹੀ ਹੈ। ਭਾਵੇਂ ਦੋਹਾਂ ਸਰਕਾਰਾਂ ਖਾਸਕਰ ਭਾਰਤ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰੱਖੀ ਪਾਸਪੋਰਟ ਦੀ ਸ਼ਰਤ ਕਾਰਣ ਮਿੱਥੇ ਗਏ 5 ਹਜ਼ਾਰ ਪ੍ਰਤੀ ਦਿਨ ਦੇ ਹਿਸਾਬ ਨਾਲ ਯਾਤਰੀ ਇਸ ਕੋਰੀਡੋਰ ਰਾਹੀਂ ਪਾਕਿਸਤਾਨ ਜਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਨਹੀਂ ਜਾ ਰਹੇ ਪਰ ਫਿਰ ਵੀ ਇਨ੍ਹਾਂ 50 ਦਿਨਾਂ 'ਚ ਸੰਗਤ ਦੀ ਗਿਣਤੀ 'ਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ। 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ 'ਤੇ ਸ਼ਰਧਾਲੂਆਂ ਦੀ ਗਿਣਤੀ 562 ਸੀ ਅਤੇ 50ਵੇਂ ਦਿਨ ਸ਼ਰਧਾਲੂਆਂ ਦੀ ਗਿਣਤੀ 879 ਹੈ ਅਤੇ ਇਨ੍ਹਾਂ 50 ਦਿਨਾਂ 'ਚ ਸੰਗਤਾਂ ਦੀ ਗਿਣਤੀ ਘਟਦੀ-ਵਧਦੀ ਰਹੀ।