ਕਰਤਾਰਪੁਰ ਲਾਂਘੇ ਕਾਰਨ ਵਧੇ ਡੇਰਾ ਬਾਬਾ ਨਾਨਕ ਦੀਆਂ ਜ਼ਮੀਨਾਂ ਦੇ ਰੇਟ

10/09/2019 6:52:12 PM

ਡੇਰਾ ਬਾਬਾ ਨਾਨਕ (ਵਤਨ) : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਬਣਨ ਨਾਲ ਕੌਮਾਂਤਰੀ ਸਰਹੱਦ 'ਤੇ ਸਥਿਤ ਕਸਬਾ ਡੇਰਾ ਬਾਬਾ ਨਾਨਕ ਅਤੇ ਆਸ-ਪਾਸ ਦੇ ਖੇਤਰ ਦੇ ਲੋਕਾਂ ਦੇ ਚੰਗੇ ਦਿਨ ਆਉਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ ਅਤੇ ਇਸ ਖੇਤਰ ਦਾ ਵਿਸ਼ਵ ਪੱਧਰ 'ਤੇ ਨਾਂ ਬਣ ਜਾਣ ਕਾਰਣ ਇਥੋਂ ਦੀ ਆਰਥਕ ਪੱਖੋਂ ਸਥਿਤੀ ਮਜ਼ਬੂਤ ਹੋਣ ਦੀ ਸੰਭਾਵਨਾ ਬਣ ਗਈ ਹੈ।

ਸਰਹੱਦੀ ਅਤੇ ਪਛੜਾ ਖੇਤਰ ਹੋਣ ਕਾਰਣ ਜਿਥੇ ਇਸ ਖੇਤਰ 'ਚ ਜ਼ਮੀਨਾਂ ਦੇ ਮੁੱਲ ਨਾ ਦੇ ਬਰਾਬਰ ਸਨ। ਹੁਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘਾ ਬਣਨ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੇ ਰੇਟ ਅਸਮਾਨੀ ਚੜ੍ਹ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੋਂ ਇਲਾਵਾ ਦਿੱਲੀ ਆਦਿ ਸੂਬਿਆਂ ਦੇ ਧਨਾਢ ਵਿਅਕਤੀ ਇਸ ਖੇਤਰ 'ਚ ਵਧੀਆ ਹੋਟਲ, ਰੈਸਟਰੋਰੈਂਟ, ਸ਼ੋਅਰੂਮ ਆਦਿ ਖੋਲ੍ਹਣ ਦੇ ਚਾਹਵਾਨ ਨਜ਼ਰ ਆ ਰਹੇ ਹਨ ਅਤੇ ਕਿਸਾਨਾਂ ਨਾਲ ਗੈਰ-ਰਸਮੀ ਮੀਟਿੰਗਾਂ ਕਰ ਕੇ ਜ਼ਮੀਨਾਂ ਦੇ ਰੇਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਪਿੰਡ ਮਾਨ ਤੋਂ ਬਣ ਕੇ ਸ਼ੁਰੂ ਹੁੰਦੀ ਸੜਕ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਰੇਟ 5 ਤੋਂ 6 ਕਰੋੜ ਰੁਪਏ ਤੱਕ ਦੇ ਪ੍ਰਤੀ ਏਕੜ ਭਾਅ ਲੱਗਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਇਸ ਦੇ ਨਾਲ-ਨਾਲ ਕਰਤਾਰਪੁਰ ਲਈ ਬਣੀ ਸੜਕ ਦੇ ਆਲੇ-ਦੁਆਲੇ ਅਤੇ ਡੇਰਾ ਬਾਬਾ ਨਾਨਕ ਤੋਂ ਬਟਾਲਾ, ਫਤਿਹਗੜ੍ਹ ਚੂੜੀਆਂ ਮਾਰਗ 'ਤੇ ਸਥਿਤ ਜ਼ਮੀਨਾਂ ਦੇ ਰੇਟਾਂ ਵਿਚ ਭਾਰੀ ਵਾਧਾ ਸੁਣਨ ਨੂੰ ਮਿਲਿਆ ਹੈ ਜਦਕਿ ਇਸ ਤੋਂ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਰੇਟ 35 ਕੁ ਲੱਖ ਰੁਪਏ ਪ੍ਰਤੀ ਏਕੜ ਸੀ ਪਰ ਲਾਂਘਾ ਖੁੱਲ੍ਹਣ ਨਾਲ ਕਿਸਾਨਾਂ ਦੇ ਵਾਰੇ ਨਿਆਰੇ ਹੋਣ ਜਾ ਰਹੇ ਹਨ। ਉਂਝ 'ਜਗ ਬਾਣੀ' ਇਨ੍ਹਾਂ ਰੇਟਾਂ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਅੰਦਰਖਾਤੇ ਮਿਲੀ ਇਨਪੁੱਟ ਅਨੁਸਾਰ ਪੰਜਾਬ ਅਤੇ ਬਾਹਰਲੇ ਸੂਬਿਆਂ ਦੇ ਵਪਾਰੀ ਜ਼ਮੀਨਾਂ ਖਰੀਦਣ ਲਈ ਕਿਸਾਨਾਂ ਨਾਲ ਸੰਪਰਕ ਬਣਾਈ ਬੈਠੇ ਹਨ।


Baljeet Kaur

Content Editor

Related News