ਕਰਤਾਰਪੁਰ ਕੋਰੀਡੋਰ : ਲਾਂਘੇ ਲਈ ਜ਼ਮੀਨਾਂ ਦੇਣ ਤੋਂ ਕਿਸਾਨ ਔਖੇ!
Saturday, Feb 09, 2019 - 02:14 PM (IST)

ਡੇਰਾ ਬਾਬਾ ਨਾਨਕ (ਦੀਪਕ) : ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿਥੇ ਪਾਕਿਸਤਾਨ ਵਲੋਂ ਤਿਆਰੀਆਂ ਪੂਰੇ ਜੋਸ਼ ਨਾਲ ਚੱਲ ਰਹੀਆਂ ਹਨ ਉਥੇ ਹੀ ਭਾਰਤ ਵਲੋਂ ਡੇਰਾ ਬਾਬਾ ਨਾਨਕ 'ਚ ਕਰਤਾਰਪੁਰ ਕੋਰੀਡੋਰ ਬਣਾਉਣ ਦੇ ਰਸਤੇ 'ਚ ਸਮੱਸਿਆਵਾਂ ਆਉਂਦੀਆਂ ਦਿਖਾਈ ਦੇ ਰਹੀਆਂ ਹਨ। ਕਰਤਾਰਪੁਰ ਕੋਰੀਡੋਰ ਲਈ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਸਰਕਾਰ ਵਲੋਂ ਐਕਵਾਇਰ ਕੀਤੀ ਜਾਣੀ ਹੈ ਉਨ੍ਹਾਂ ਕਿਸਾਨਾਂ ਵਲੋਂ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਨੂੰ ਇਤਰਾਜ਼ ਨਾਮਾ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਐਕਵਾਇਰ ਕਰਨ ਲਈ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਦੋਂ 2014 'ਚ ਤਰਨਤਾਰਨ-ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਨਿਰਮਾਣ ਲਈ ਐਕਵਾਇਰ ਕੀਤੀ ਗਈ ਜ਼ਮੀਨ ਲਈ ਕਿਸਾਨਾਂ ਨੂੰ ਜਿਸ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਹੈ ਉਸੇ ਹਿਸਾਬ ਨਾਲ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਕਿਉਂਕਿ ਉਨ੍ਹਾਂ ਕਿਸਾਨਾਂ ਦੀ ਜ਼ਮੀਨ ਤੋਂ ਵਧੀਆਂ ਜ਼ਮੀਨ ਸਾਡੀ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਦੇ ਸਿਰ 'ਤੇ ਬੈਂਕਾਂ ਦਾ ਕਰਜ਼ਾ ਵੀ ਹੈ ਤੇ ਜੋ ਪੈਸੇ ਉਨ੍ਹਾਂ ਨੂੰ ਦਿੱਤੇ ਜਾ ਰਹੇ ਹਨ ਉਸ ਹਿਸਾਬ ਨਾਲ ਕਰਜ਼ਾ ਉਤਾਰਨ ਤੋਂ ਬਾਅਦ ਤਾਂ ਉਨ੍ਹਾਂ ਕੋਲ ਕੁਝ ਵੀ ਨਹੀਂ ਬਚੇਗਾ। ਇਸ ਤਰ੍ਹਾਂ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਿਵੇਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਜ਼ਮੀਨ ਦਾ ਘੱਟ ਮੁਆਵਜ਼ਾ ਦੇ ਕੇ ਉਨ੍ਹਾਂ ਨੂੰ ਉਜਾੜਨ 'ਤੇ ਤੁਲੀ ਹੋਈ।